ਲੁਧਿਆਣਾ ਦੇ 4 ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ
ਲੁਧਿਆਣਾ ਦੇ 4 ਸਕੂਲਾਂ ਨੂੰ ਬੰਬ ਧਮਾਕਿਆਂ ਦੀ ਧਮਕੀ
Publish Date: Thu, 23 Apr 2026 08:29 PM (IST)
Updated Date: Fri, 24 Apr 2026 04:11 AM (IST)

ਈਮੇਲ ਆਉਣ ਤੋਂ ਬਾਅਦ ਮਚਿਆ ਹੜਕੰਪ, ਪੁਲਿਸ ਵੱਲੋਂ ਤੁਰੰਤ ਜਾਂਚ ਸ਼ੁਰੂ ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ, ਲੁਧਿਆਣਾ ਮਹਾਨਗਰ ਲੁਧਿਆਣਾ ’ਚ ਵੀਰਵਾਰ ਨੂੰ ਉਸ ਵੇਲੇ ਦਹਿਸ਼ਤ ਦਾ ਮਾਹੌਲ ਬਣ ਗਿਆ, ਜਦੋਂ ਸ਼ਹਿਰ ਦੇ 4 ਪ੍ਰਮੁੱਖ ਸਕੂਲਾਂ ਨੂੰ ਬੰਬ ਧਮਾਕਿਆਂ ਸਬੰਧੀ ਧਮਕੀ ਭਰੀਆਂ ਈਮੇਲਾਂ ਪ੍ਰਾਪਤ ਹੋਈਆਂ। ਇਸ ਘਟਨਾ ਨੇ ਨਾ ਸਿਰਫ ਸਕੂਲ ਪ੍ਰਬੰਧਕਾਂ ਨੂੰ ਸਾਵਧਾਨ ਕਰ ਦਿੱਤਾ ਸਗੋਂ ਮਾਪਿਆਂ ਤੇ ਵਿਦਿਆਰਥੀਆਂ ’ਚ ਵੀ ਡਰ ਦਾ ਮਾਹੌਲ ਪੈਦਾ ਕਰ ਦਿੱਤਾ। ਧਮਕੀ ਮਿਲਦੇ ਹੀ ਸਕੂਲ ਪ੍ਰਬੰਧਕਾਂ ਨੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ, ਜਿਸ ਤੋਂ ਬਾਅਦ ਪੁਲਿਸ ਤੇ ਬੰਬ ਸਕੁਆਡ ਦੀਆਂ ਟੀਮਾਂ ਵੱਲੋਂ ਸਕੂਲਾਂ ’ਚ ਐਂਟੀ-ਸਾਬੋਟਾਜ਼ ਜਾਂਚ ਸ਼ੁਰੂ ਕਰ ਦਿੱਤੀ ਗਈ। ਜਿਨ੍ਹਾਂ ਸਕੂਲਾਂ ਨੂੰ ਇਹ ਧਮਕੀ ਭਰੀਆਂ ਈਮੇਲਾਂ ਮਿਲੀਆਂ ਹਨ, ਉਨ੍ਹਾਂ ’ਚ ਸਪ੍ਰਿੰਗ ਡੇਲ ਪਬਲਿਕ ਸਕੂਲ ਸ਼ੇਰਪੁਰ ਚੌਕ, ਡੀਏਵੀ ਪਬਲਿਕ ਸਕੂਲ ਬੀਆਰਐੱਸ ਨਗਰ, ਮਨਾਵ ਰਚਨਾ ਸਕੂਲ ਦੁੱਗਰੀ ਤੇ ਪੋਦਾਰ ਇੰਟਰਨੈਸ਼ਨਲ ਸਕੂਲ ਈਸ਼ਰ ਨਗਰ ਸ਼ਾਮਲ ਹਨ। ਸੁਰੱਖਿਆ ਦੇ ਮੱਦੇਨਜ਼ਰ ਸਕੂਲ ਪ੍ਰਬੰਧਕਾਂ ਨੇ ਬਿਨਾਂ ਕਾਰਨ ਦੱਸੇ ਮਾਪਿਆਂ ਨੂੰ ਆਪਣੇ ਬੱਚਿਆਂ ਨੂੰ ਤੁਰੰਤ ਸਕੂਲ ਤੋਂ ਘਰ ਲਿਜਾਣ ਲਈ ਕਿਹਾ, ਜਿਸ ਨਾਲ ਘਬਰਾਹਟ ਹੋਰ ਵਧ ਗਈ। ਧਮਕੀ ਭਰੀ ਈਮੇਲ ’ਚ 24 ਅਪ੍ਰੈਲ ਨੂੰ ਮੌਕ ਡਰਿੱਲ ਤਹਿਤ ਪੰਜਾਬ ’ਚ ਘੋਸ਼ਿਤ ਬਲੈਕ ਆਊਟ ਦੇ ਦਿਨ ਵੱਡੇ ਪੱਧਰ ’ਤੇ ਧਮਾਕਿਆਂ ਦੀ ਗੱਲ ਕਹੀ ਗਈ ਹੈ। ਈਮੇਲ ’ਚ ਚੇਤਾਵਨੀ ਦਿੱਤੀ ਗਈ ਹੈ ਕਿ ਇਸ ਦਿਨ ਸਕੂਲਾਂ ’ਚ ਬੱਚਿਆਂ ਨੂੰ ਨਾ ਭੇਜਿਆ ਜਾਵੇ, ਕਿਉਂਕਿ ਸ਼ਾਮ 8:11 ਵਜੇ ਲੁਧਿਆਣਾ, ਅੰਮ੍ਰਿਤਸਰ, ਬਠਿੰਡਾ ਤੇ ਫਿਰੋਜ਼ਪੁਰ ਦੇ ਸਕੂਲਾਂ ’ਚ ਧਮਾਕੇ ਹੋਣਗੇ। ਇਸ ਦੇ ਨਾਲ ਹੀ ਰੇਲ ਗੱਡੀਆਂ ’ਚ ਵੀ ਆਈਈਡੀ ਧਮਾਕਿਆਂ ਦੀ ਗੱਲ ਕਰਦਿਆਂ ਯਾਤਰਾ ਕਰਨ ਤੋਂ ਮਨਾਹੀ ਕੀਤੀ ਗਈ ਹੈ। ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਨੇ ਦੱਸਿਆ ਕਿ ਪੁਲਿਸ ਦੀਆਂ ਟੀਮਾਂ ਵੱਲੋਂ ਸਾਰੇ ਸਬੰਧਤ ਸਕੂਲਾਂ ’ਚ ਵਿਆਪਕ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ ਤੇ ਹੁਣ ਤੱਕ ਕੋਈ ਵੀ ਸੰਦੇਹਜਨਕ ਵਸਤੂ ਜਾਂ ਵਿਸਫੋਟਕ ਬਰਾਮਦ ਨਹੀਂ ਹੋਇਆ। ਉਨ੍ਹਾਂ ਇਹ ਵੀ ਕਿਹਾ ਕਿ ਈਮੇਲ ਦੇ ਸਰੋਤ ਦੀ ਪੜਤਾਲ ਲਈ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਮੋਤੀ ਨਗਰ ਥਾਣੇ ਦੇ ਏਐੱਸਆਈ ਅਜਮੇਰ ਸਿੰਘ ਨੇ ਦੱਸਿਆ ਕਿ ਸਵੇਰੇ ਲਗਭਗ 10 ਵਜੇ ਸੂਚਨਾ ਮਿਲਣ ਉਪਰੰਤ ਬੰਬ ਸਕੁਆਡ ਦੀਆਂ ਟੀਮਾਂ ਨੂੰ ਸਪ੍ਰਿੰਗ ਡੇਲ ਸਕੂਲ ਭੇਜਿਆ ਗਿਆ। ਸਕੂਲ ਦੇ ਨੇੜੇ ਲੱਗਦੇ ਰੇਲਵੇ ਟਰੈਕ ਦੀ ਵੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਸਪ੍ਰਿੰਗ ਡੇਲ ਪਬਲਿਕ ਸਕੂਲ ਦੇ ਪ੍ਰਿੰਸੀਪਲ ਅਨਿਲ ਸ਼ਰਮਾ ਨੇ ਦੱਸਿਆ ਕਿ ਉਨ੍ਹਾਂ ਨੂੰ ਸਵੇਰੇ ਕਰੀਬ 9:15 ਵਜੇ ਇਹ ਧਮਕੀ ਭਰੀ ਈਮੇਲ ਪ੍ਰਾਪਤ ਹੋਈ ਸੀ। ਈਮੇਲ ਮਿਲਣ ਉਪਰੰਤ ਸਕੂਲ ਪ੍ਰਬੰਧਨ ਨੇ ਤੁਰੰਤ ਮਾਪਿਆਂ ਨੂੰ ਸੂਚਿਤ ਕਰ ਦਿੱਤਾ ਤੇ ਬੱਚਿਆਂ ਨੂੰ ਸੁਰੱਖਿਅਤ ਤੌਰ ’ਤੇ ਘਰ ਭੇਜਿਆ ਗਿਆ। ਉਨ੍ਹਾਂ ਕਿਹਾ ਕਿ ਇਹ ਪਹਿਲੀ ਵਾਰ ਹੈ ਜਦੋਂ ਇਸ ਤਰ੍ਹਾਂ ਦੀ ਧਮਕੀ ਮਿਲੀ ਹੈ, ਜਿਸ ਨਾਲ ਅਧਿਆਪਕਾਂ ਤੇ ਮਾਪਿਆਂ ’ਚ ਡਰ ਦਾ ਮਾਹੌਲ ਬਣ ਗਿਆ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ 10 ਮਾਰਚ ਨੂੰ ਲੁਧਿਆਣਾ ਦੇ 10 ਸਕੂਲਾਂ ਤੇ 10 ਫਰਵਰੀ ਨੂੰ ਮੋਹਾਲੀ ਦੇ 16 ਸਕੂਲਾਂ ਨੂੰ ਇਸੇ ਤਰ੍ਹਾਂ ਦੀਆਂ ਧਮਕੀਆਂ ਮਿਲ ਚੁੱਕੀਆਂ ਹਨ। ਪੁਲਿਸ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਹਰ ਪੱਖ ਤੋਂ ਜਾਂਚ ਕਰ ਰਹੀ ਹੈ ਤਾਂ ਜੋ ਇਸ ਤਰ੍ਹਾਂ ਦੀਆਂ ਘਟਨਾਵਾਂ ਨੂੰ ਰੋਕਿਆ ਜਾ ਸਕੇ ਅਤੇ ਲੋਕਾਂ ’ਚ ਭਰੋਸਾ ਬਣਾਇਆ ਜਾ ਸਕੇ।