ਲਿਵ ਇਨ ਰਿਲੇਸ਼ਨ ’ਚ ਰਹਿੰਦੀ ਵਿਆਹੁਤਾ ਦੀ ਪੱਖੇ ਨਾਲ ਲਟਕਦੀ ਮਿਲੀ ਲਾਸ਼
ਲਿਵ ਇਨ ਰਿਲੇਸ਼ਨ ’ਚ ਰਹਿੰਦੀ ਵਿਆਹੁਤਾ ਦੀ ਪੱਖੇ ਨਾਲ ਲਟਕਦੀ ਮਿਲੀ ਲਾਸ਼
Publish Date: Mon, 06 Apr 2026 07:59 PM (IST)
Updated Date: Tue, 07 Apr 2026 04:09 AM (IST)

ਸੰਜੀਵ ਗੁਪਤਾ, ਪੰਜਾਬੀ ਜਾਗਰਣ, ਜਗਰਾਓਂ : ਪਤੀ ਦੇ ਛੱਡ ਕੇ ਚਲੇ ਜਾਣ ਤੋਂ ਬਾਅਦ ਲਿਵ ਇਨ ਰਿਲੇਸ਼ਨ ਵਿਚ ਰਹਿ ਰਹੀ ਵਿਆਹੁਤਾ ਦੀ ਪੱਖੇ ਨਾਲ ਲਟਕਦੀ ਲਾਸ਼ ਮਿਲੀ। ਵਿਆਹੁਤਾ ਦੇ ਬੱਚੇ ਜੋ ਕਿ ਆਪਣੀ ਮਾਮੀ ਦੇ ਘਰ ਖੇਡ ਰਹੇ ਸਨ, ਮਾਂ ਨੂੰ ਫੋਨ ਕਰਨ ’ਤੇ ਫੋਨ ਨਾ ਚੁੱਕਣ ’ਤੇ ਬੱਚੇ ਘਰ ਪੁੱਜੇ ਤਾਂ ਵਿਆਹੁਤਾ ਦੀ ਕਮਰੇ ਦੇ ਛੱਤ ਵਾਲੇ ਪੱਖੇ ਨਾਲ ਲਾਸ਼ ਲਟਕਦੀ ਦੇਖ ਚੀਕ ਉਠੇ। ਵਿਆਹੁਤਾ ਦੇ ਭਰਾ ਅਤੇ ਭੈਣ ਨੇ ਉਸ ਦੇ ਦੋਸਤ ’ਤੇ ਹੀ ਪਲਾਟ ਨੂੰ ਲੈ ਕੇ ਮਾਰ ਕੇ ਲਾਸ਼ ਟੰਗਣ ਦੇ ਗੰਭੀਰ ਦੋਸ਼ ਲਗਾਏ ਹਨ, ਜਿਸ ਦੀ ਪੁਲਿਸ ਜਾਂਚ ਕਰ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਜਗਰਾਓਂ ਦੇ ਸ਼ੇਰਪੁਰਾ ਰੋਡ ਸਥਿਤ ਘਰ ਵਿਚ ਆਪਣੇ ਦੋਸਤ ਨਾਲ ਲਿਵ ਇਨ ਰਿਲੇਸ਼ਨ ਵਿਚ ਰਹਿੰਦੀ ਫੂਲਵਤੀ ਦੀ ਕਮਰੇ ਵਿਚ ਪੱਖੇ ਨਾਲ ਲਾਸ਼ ਲਟਕਣ ਦੀ ਸੂਚਨਾ ਮਿਲਣ ’ਤੇ ਪੁਲਿਸ ਨੇ ਦਸਤਕ ਦਿੱਤੀ। ਪੁਲਿਸ ਨੇ ਮ੍ਰਿਤਕਾ ਦੀ ਲਾਸ਼ ਕਬਜੇ ਵਿਚ ਲੈਂਦਿਆਂ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜੀ। ਇਸ ਦੌਰਾਨ ਮ੍ਰਿਤਕਾ ਦੇ ਭਰਾ ਨੇ ਦੱਸਿਆ ਕਿ ਉਹ ਮੂਲ ਵਾਸੀ ਬਿਹਾਰ ਦੇ ਰਹਿਣ ਵਾਲੇ ਹਨ। ਉਸ ਦਾ ਜੀਜਾ ਜੋ ਕਿ ਯੂਪੀ ਦਾ ਰਹਿਣ ਵਾਲਾ ਹੈ, ਉਸ ਦੀ ਭੈਣ ਨੂੰ ਦੋਵਾਂ ਬੱਚਿਆਂ ਸਮੇਤ ਛੱਡ ਕੇ ਚਲਾ ਗਿਆ ਸੀ। ਉਸ ਦੀ ਭੈਣ ਫੂਲਵਤੀ ਐੱਫਸੀਆਈ ਵਿਚ ਲੇਬਰ ਦਾ ਕੰਮ ਕਰਦੇ ਜਸਵੰਤ ਸਿੰਘ ਵਾਸੀ ਅੰਮ੍ਰਿਤਸਰ ਨਾਲ ਲਿਵ ਇਨ ਰਿਲੇਸ਼ਨ ਵਿਚ ਰਹਿਣ ਲੱਗ ਪਈ। ਉਨ੍ਹਾਂ ਦੱਸਿਆ ਕਿ ਉਸ ਦੀ ਭੈਣ ਨੇ ਮਿਹਨਤ, ਮਜ਼ਦੂਰੀ ਕਰਦਿਆਂ ਇੱਕ ਪਲਾਟ ਖ਼ਰੀਦਿਆ ਸੀ। ਇਸ ਪਲਾਟ ਨੂੰ ਲੈ ਕੇ ਉਸ ਦਾ ਦੋਸਤ ਝਗੜਾ ਕਰਦਾ ਸੀ। ਉਹ ਇਸ ਪਲਾਟ ਨੂੰ ਆਪਣੇ ਨਾਮ ਲਗਵਾਉਣ ਲਈ ਦਬਾਅ ਬਣਾਉਂਦਾ ਸੀ, ਜਦਕਿ ਉਸ ਦੀ ਭੈਣ ਬੱਚਿਆਂ ਦੇ ਪਾਲਣ ਪੋਸ਼ਣ ਲਈ ਰੱਖਿਆ ਹੋਇਆ ਸੀ ਨੂੰ ਦੇਣ ਤੋਂ ਇਨਕਾਰ ਕਰ ਦਿੱਤਾ। ਇਸੇ ਰੰਜਿਸ਼ ਵਿਚ ਉਸ ਨੇ ਉਸ ਦੀ ਭੈਣ ਨੂੰ ਮਾਰ ਦਿੱਤਾ। ਇਸ ਸਬੰਧ ਵਿਚ ਪੁਲਿਸ ਚੌਂਕੀ ਬੱਸ ਸਟੈਂਡ ਦੇ ਇੰਚਾਰਜ ਸੁਰਜੀਤ ਸਿੰਘ ਨੇ ਦੱਸਿਆ ਕਿ ਹੁਣ ਤਕ ਦੀ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਫੂਲਵਤੀ ਜਿਸ ਜਸਵੰਤ ਸਿੰਘ ਨਾਲ ਲਿਵ ਇਨ ਰਿਲੇਸ਼ਨ ਵਿਚ ਰਹਿੰਦੀ ਸੀ ਨੂੰ ਤੰਗ ਪਰੇਸ਼ਾਨ ਕਰਦਾ ਸੀ। ਇਸ ਤੋਂ ਦੁਖੀ ਹੋ ਕੇ ਉਸ ਨੇ ਬੀਤੀ ਰਾਤ ਫਾਹਾ ਲੈ ਲਿਆ। ਜਿਸ ’ਤੇ ਜਸਵੰਤ ਸਿੰਘ ਖ਼ਿਲਾਫ਼ ਮੁਕੱਦਮਾ ਦਰਜ ਕਰ ਲਿਆ ਹੈ। ਉਨ੍ਹਾਂ ਕਿਹਾ ਕਿ ਪਰਿਵਾਰਕ ਮੈਂਬਰ ਜਸਵੰਤ ਸਿੰਘ ’ਤੇ ਫੂਲਵਤੀ ਨੂੰ ਮਾਰ ਕੇ ਟੰਗਣ ਦੇ ਜੋ ਦੋਸ਼ ਲਗਾ ਰਹੇ ਹਨ, ਉਸ ’ਤੇ ਪੋਸਟਮਾਰਟਮ ਦੀ ਰਿਪੋਰਟ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ।