ਕਿੰਨਰਾਂ ਦੀਆਂ ਦੋ ਧਿਰਾਂ ’ਚ ਵਧਾਈ ਨੂੰ ਲੈ ਕੇ ਹੋਈ ਖ਼ੂਨੀ ਝੜਪ
ਕਿੰਨਰ ਗਰੁੱਪਾਂ ਵਿੱਚ ਵਧਾਈ ਨੂੰ ਲੈ ਕੇ ਹੋਈ ਖੂਨੀ ਝੜਪ
Publish Date: Wed, 01 Apr 2026 08:07 PM (IST)
Updated Date: Thu, 02 Apr 2026 04:13 AM (IST)

* ਮਹੰਤ ’ਤੇ ਕੈਂਚੀ ਨਾਲ ਹਮਲਾ, ਲੱਗੇ 6 ਟਾਂਕੇ ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ ਲੁਧਿਆਣਾ : ਮਹਾਨਗਰ ਲੁਧਿਆਣਾ ਦੇ ਰਣਜੀਤ ਐਵੇਨਿਊ ਫੇਜ਼-2 ਨੇੜੇ ਪਿੰਡ ਰਣੀਆਂ ’ਚ ਵਧਾਈ ਲੈਣ ਨੂੰ ਲੈ ਕੇ ਕਿੰਨਰਾਂ ਦੇ ਦੋ ਧਿਰਾਂ ਵਿਚਾਲੇ ਹੋਈ ਤਕਰਾਰ ਦੇਖਦੇ ਹੀ ਦੇਖਦੇ ਖ਼ੂਨੀ ਝੜਪ ’ਚ ਬਦਲ ਗਈ। ਇਸ ਦੌਰਾਨ ਇਕ ਗਰੁੱਪ ਦੇ ਕਰੀਬ 15 ਵਿਅਕਤੀਆਂ ਨੇ ਇਕ ਮਹੰਤ ’ਤੇ ਕੈਂਚੀ ਨਾਲ ਹਮਲਾ ਕਰ ਦਿੱਤਾ। ਪੀੜਤ ਰਾਸ਼ਿਕਾ ਮਹੰਤ ਵਾਸੀ ਅਮਨ ਨਗਰ ਜਲੰਧਰ ਬਾਈਪਾਸ ਨੇ ਦੱਸਿਆ ਕਿ ਬੀਤੇ ਦਿਨ ਦੁਪਹਿਰ ਵੇਲੇ ਉਹ ਰਣਜੀਤ ਐਵੇਨਿਊ ’ਚ ਇਕ ਘਰ ’ਚ ਵਿਆਹ ਸਮਾਗਮ ਤੋਂ ਪਹਿਲਾਂ ਵਧਾਈ ਲੈਣ ਲਈ ਗਈ ਸੀ। ਇਸ ਦੌਰਾਨ ਉਥੇ ਦੂਜਾ ਗਰੁੱਪ ਆ ਪਹੁੰਚਿਆ, ਜਿਸ ਨੇ ਆਉਂਦੇ ਹੀ ਗਾਲੀ-ਗਲੋਚ ਕਰਨੀ ਸ਼ੁਰੂ ਕਰ ਦਿੱਤੀ। ਮਾਹੌਲ ਖ਼ਰਾਬ ਹੋਣ ਦੇ ਡਰ ਨਾਲ ਉਹ ਉਥੋਂ ਨਿਕਲ ਕੇ ਪਿੰਡ ਤੋਂ ਬਾਹਰ ਆ ਗਏ। ਦੋਸ਼ ਹੈ ਕਿ ਜਿਵੇਂ ਹੀ ਉਹ ਪਿੰਡ ਦੇ ਬਾਹਰ ਪਹੁੰਚੇ ਤਾਂ ਦੂਜੇ ਪੱਖ ਨੇ ਉਨ੍ਹਾਂ ’ਤੇ ਹਮਲਾ ਕਰ ਦਿੱਤਾ। ਹਮਲਾਵਰਾਂ ਨੇ ਕੈਂਚੀ ਨਾਲ ਵਾਲ ਕੱਟਣ ਦੀ ਨੀਅਤ ਨਾਲ ਵਾਰ ਕੀਤਾ, ਜਿਸ ਨਾਲ ਰਾਸ਼ਿਕਾ ਮਹੰਤ ਦੇ ਮੋਢੇ ’ਤੇ ਗੰਭੀਰ ਸੱਟ ਲੱਗੀ। ਇਸ ਤੋਂ ਬਾਅਦ ਹਮਲਾਵਰਾਂ ਨੇ ਲੱਤਾਂ ਤੇ ਮੁੱਕਿਆਂ ਨਾਲ ਉਸ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ। ਮਾਮਲੇ ਦੀ ਜਾਣਕਾਰੀ ਮਿਲਣ ਤੋਂ ਬਾਅਦ ਪੀੜਤ ਦੇ ਸਾਥੀ ਮੌਕੇ ’ਤੇ ਪਹੁੰਚ ਗਏ, ਜਿਸ ਤੋਂ ਬਾਅਦ ਹਮਲਾਵਰ ਮੌਕੇ ਤੋਂ ਫ਼ਰਾਰ ਹੋ ਗਏ। ਜਿਸ ਤੋਂ ਬਾਅਦ ਉਨ੍ਹਾਂ ਵੱਲੋਂ ਹਮਲੇ ’ਚ ਜ਼ਖਮੀ ਨੂੰ ਇਲਾਜ ਲਈ ਤੁਰੰਤ ਸਿਵਲ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਦੇ ਮੋਢੇ ’ਤੇ 6 ਟਾਂਕੇ ਲੱਗੇ। ਮਾਮਲੇ ’ਚ ਥਾਣਾ ਡੇਹਲੋਂ ਦੀ ਪੁਲਿਸ ਨੇ ਛੋਟੀ ਮਹੰਤ, ਰੂਹੀ ਮਹੰਤ, ਸਲੋਨੀ ਮਹੰਤ, ਸੋਨਾ ਮਰਾਸੀ, ਗੁਲਜ਼ਾਰ ਮਰਾਸੀ, ਟੋਨੀ ਮਰਾਸੀ ਸਮੇਤ 5-6 ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੁੱਟਮਾਰ ਦੀਆਂ ਧਾਰਾਵਾਂ ਹੇਠ ਕੇਸ ਦਰਜ ਕਰ ਲਿਆ ਹੈ। ਜਾਂਚ ਅਧਿਕਾਰੀ ਗੁਰਜੋਤ ਸਿੰਘ ਨੇ ਦੱਸਿਆ ਕਿ ਹਾਲੇ ਤੱਕ ਕਿਸੇ ਵੀ ਦੋਸ਼ੀ ਦੀ ਗ੍ਰਿਫ਼ਤਾਰੀ ਨਹੀਂ ਹੋਈ। ਪੁਲਿਸ ਵੱਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਜਾਰੀ ਹੈ।