ਖ਼ੂਨਦਾਨ ਤੇ ਸਿਹਤ ਜਾਗਰੂਕਤਾ ਕੈਂਪ ਸਮਾਪਤ
ਗੁਲਜ਼ਾਰ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਵਿਖੇ ਖ਼ੂਨਦਾਨ ਤੇ ਸਿਹਤ ਜਾਗਰੂਕਤਾ ਕੈਂਪ ਸੰਪੰਨ
Publish Date: Mon, 20 Apr 2026 07:41 PM (IST)
Updated Date: Mon, 20 Apr 2026 07:45 PM (IST)

ਨੌਜਵਾਨਾਂ ਨੇ ਸਮਾਜ ਸੇਵਾ ਦੀ ਮਿਸਾਲ ਕੀਤੀ ਪੈਦਾ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਖੰਨਾ : ਵਿੱਦਿਆ ਦੇ ਨਾਲ-ਨਾਲ ਸਮਾਜਿਕ ਜ਼ਿੰਮੇਵਾਰੀਆਂ ਨੂੰ ਮੁੱਖ ਰੱਖਦਿਆਂ ਗੁਲਜ਼ਾਰ ਗਰੁੱਪ ਆਫ਼ ਇੰਸਟੀਚਿਊਸ਼ਨਜ ਦੇ ਕੈਂਪਸ ਵਿੱਚ ਇੱਕ ਵਿਸ਼ਾਲ ਖ਼ੂਨਦਾਨ ਕੈਂਪ ਤੇ ਮੁਫ਼ਤ ਮੈਡੀਕਲ ਤੇ ਦੰਦਾਂ ਦੀ ਜਾਂਚ ਦਾ ਕੈਂਪ ਲਗਾਇਆ ਗਿਆ। ਇਸ ਪ੍ਰੋਗਰਾਮ ਦੌਰਾਨ ਵਿਦਿਆਰਥੀਆਂ ਅਤੇ ਸਟਾਫ਼ ’ਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ, ਜਿਸ ਨੇ ਇਸ ਨੇਕ ਕਾਰਜ ਨੂੰ ਇੱਕ ਉਤਸਵ ਦਾ ਰੂਪ ਦੇ ਦਿੱਤਾ। ਪੀਜੀਆਈ ਹਸਪਤਾਲ, ਚੰਡੀਗੜ੍ਹ ਦੀ ਟੀਮ ਦੀ ਅਗਵਾਈ ਹੇਠ ਲਗਾਏ ਗਏ ਇਸ ਕੈਂਪ ਵਿੱਚ ਕੁੱਲ 75 ਯੂਨਿਟ ਖ਼ੂਨ ਇਕੱਤਰ ਕੀਤਾ ਗਿਆ। ਵਿਸ਼ੇਸ਼ ਗੱਲ ਇਹ ਰਹੀ ਕਿ 12 ਮਹਿਲਾ ਦਾਨੀਆਂ ਤੇ 57 ਅਜਿਹੇ ਨੌਜਵਾਨ ਸਨ ਜਿਨ੍ਹਾਂ ਨੇ ਪਹਿਲੀ ਵਾਰ ਖ਼ੂਨਦਾਨ ਕਰਕੇ ਆਪਣੀ ਸਮਾਜਿਕ ਜ਼ਿੰਮੇਵਾਰੀ ਨਿਭਾਈ। ਇਸ ਦੇ ਨਾਲ ਹੀ ਸੋਹਾਣਾ ਹਸਪਤਾਲ, ਖੰਨਾ ਵੱਲੋਂ 225 ਲੋਕਾਂ ਦੀਆਂ ਅੱਖਾਂ ਦੀ ਜਾਂਚ ਤੇ ਸਿੱਧੂ ਡੈਂਟਲ ਹਸਪਤਾਲ, ਦੋਰਾਹਾ ਵੱਲੋਂ 74 ਲੋਕਾਂ ਦੇ ਦੰਦਾਂ ਦੀ ਜਾਂਚ ਮੁਫ਼ਤ ਕੀਤੀ ਗਈ। ਕੈਂਪ ਦਾ ਉਦਘਾਟਨ ਕਰਦਿਆਂ ਸੰਸਥਾ ਦੇ ਵਾਈਸ ਚੇਅਰਮੈਨ ਗੁਰਕੀਰਤ ਸਿੰਘ ਨੇ ਖ਼ੂਨਦਾਨੀਆਂ ਦੀ ਹੌਸਲਾ ਅਫ਼ਜ਼ਾਈ ਕਰਦਿਆਂ ਕਿਹਾ ਕਿ ਖ਼ੂਨਦਾਨ ਸਿਰਫ਼ ਇੱਕ ਪ੍ਰਕਿਰਿਆ ਨਹੀਂ, ਸਗੋਂ ਮਨੁੱਖਤਾ ਪ੍ਰਤੀ ਸਾਡੀ ਵਚਨਬੱਧਤਾ ਦਾ ਪ੍ਰਤੀਕ ਹੈ। ਅੱਜ ਦੇ ਤਕਨੀਕੀ ਯੁੱਗ ’ਚ ਵੀ ਖ਼ੂਨ ਦਾ ਕੋਈ ਬਦਲ ਨਹੀਂ ਹੈ; ਇਹ ਸਿਰਫ਼ ਇੱਕ ਇਨਸਾਨ ਦੀ ਦੂਜੇ ਇਨਸਾਨ ਪ੍ਰਤੀ ਸੰਵੇਦਨਸ਼ੀਲਤਾ ਨਾਲ ਹੀ ਸੰਭਵ ਹੈ। ਸਾਡੀ ਸੰਸਥਾ ਵਿਦਿਆਰਥੀਆਂ ’ਚ ਸੇਵਾ ਪਰਮੋ ਧਰਮ ਦੇ ਸੰਸਕਾਰ ਪੈਦਾ ਕਰ ਰਹੀ ਹੈ। ਕੈਂਪਸ ਡਾਇਰੈਕਟਰ ਡਾ. ਹਨੀ ਸ਼ਰਮਾ ਨੇ ਕਿਹਾ ਕਿ ਸਾਡਾ ਉਦੇਸ਼ ਸਿਰਫ਼ ਕੁਸ਼ਲ ਇੰਜੀਨੀਅਰ ਹੀ ਨਹੀਂ, ਸਗੋਂ ਨੇਕ ਇਨਸਾਨ ਬਣਾਉਣਾ ਵੀ ਹੈ। ਇਸ ਮੌਕੇ ਪ੍ਰੋਗਰਾਮ ਦੇ ਪ੍ਰਬੰਧਕ ਅਤੇ ਦ ਰੈੱਡ ਫਾਊਂਡੇਸ਼ਨ ਦੇ ਸੰਸਥਾਪਕ ਪ੍ਰੋ. ਨਿਪੁਣ ਸ਼ਰਮਾ ਨੇ ਨੌਜਵਾਨਾਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਇੱਕ ਅਧਿਆਪਕ ਵਜੋਂ ਮੇਰਾ ਮੰਨਣਾ ਹੈ ਕਿ ਸਾਡੀ ਸਿੱਖਿਆ ਉਦੋਂ ਤੱਕ ਅਧੂਰੀ ਹੈ ਜਦੋਂ ਤੱਕ ਅਸੀਂ ਸਮਾਜ ਦੇ ਕੰਮ ਨਹੀਂ ਆਉਂਦੇ। ਦ ਰੈੱਡ ਫਾਊਂਡੇਸ਼ਨ ਰਾਹੀਂ ਮੇਰਾ ਮਿਸ਼ਨ ਹੈ ਕਿ ਖ਼ੂਨ ਦੀ ਕਮੀ ਕਾਰਨ ਕਿਸੇ ਵੀ ਕੀਮਤੀ ਜਾਨ ਨੂੰ ਖ਼ਤਰਾ ਨਾ ਪਹੁੰਚੇ। ਸਹੀ ਮਾਰਗਦਰਸ਼ਨ ਮਿਲੇ ਤਾਂ ਸਾਡੀ ਨੌਜਵਾਨ ਪੀੜ੍ਹੀ ਕਿਸੇ ਵੀ ਨੇਕ ਕਾਰਜ ਲਈ ਹਮੇਸ਼ਾ ਤਿਆਰ ਹੈ। ਅੰਤ ’ਚ ਨਿਪੁਣ ਸ਼ਰਮਾ ਨੇ ਆਪਣੇ ਸਹਿਯੋਗੀਆਂ ਮਨਦੀਪ ਪ੍ਰਭਾਕਰ, ਡਾ. ਰਾਕੇਸ਼ ਸ਼ਰਮਾ, ਰਵਿੰਦਰ ਗੋਇਲ, ਰੁਪਿੰਦਰ ਸਿੰਘ ਆਦਿ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਸਫ਼ਲਤਾ ਦਾ ਸਿਹਰਾ ਸਮੁੱਚੀ ਟੀਮ ਦੇ ਸਿਰ ਜਾਂਦਾ ਹੈ।