ਰਾਏਕੋਟ ਵਿੱਚ ਬਲਾਕ ਸੰਮਤੀ ਚੇਅਰਮੈਨ ਚੋਣ ਅਚਾਨਕ ਮੁਲਤਵੀ
ਰਾਏਕੋਟ ਵਿੱਚ ਬਲਾਕ ਸੰਮਤੀ ਚੇਅਰਮੈਨ ਚੋਣ ਅਚਾਨਕ ਮੁਲਤਵੀ
Publish Date: Mon, 02 Mar 2026 07:55 PM (IST)
Updated Date: Tue, 03 Mar 2026 04:09 AM (IST)

ਅਮਰਜੀਤ ਸਿੰਘ ਅਕਾਲਗੜ੍ਹ, ਪੰਜਾਬੀ ਜਾਗਰਣ, ਰਾਏਕੋਟ : ਰਾਏਕੋਟ ਬਲਾਕ ਸੰਮਤੀ ਵਿੱਚ ਅੱਜ ਚੇਅਰਮੈਨ ਅਤੇ ਉਪ ਚੇਅਰਮੈਨ ਦੀ ਚੋਣ ਪ੍ਰਕਿਰਿਆ ਅਚਾਨਕ ਮੁਲਤਵੀ ਹੋ ਗਈ, ਜਿਸ ਨਾਲ ਸਿਆਸੀ ਹਲਕੇ ਵਿੱਚ ਤਣਾਅ ਵਧ ਗਿਆ ਹੈ। ਕਾਂਗਰਸ ਪਾਰਟੀ ਦੇ ਆਗੂਆਂ ਨੇ ਇਸ ਨੂੰ ਪ੍ਰਸ਼ਾਸਨ ਵੱਲੋਂ ਜਾਣਬੁੱਝ ਕੇ ਰੁਕਾਵਟ ਪਾਉਣ ਦਾ ਦੋਸ਼ ਲਾਇਆ ਅਤੇ ਤਿੱਖਾ ਵਿਰੋਧ ਪ੍ਰਦਰਸ਼ਨ ਕੀਤਾ। ਕਾਂਗਰਸ ਦੇ ਹਲਕਾ ਇੰਚਾਰਜ ਕਾਮਿਲ ਅਮਰ ਸਿੰਘ ਦੀ ਅਗਵਾਈ ਹੇਠ ਬਲਾਕ ਸੰਮਤੀ ਮੈਂਬਰਾਂ ਨੇ ਦਫ਼ਤਰ ਪਹੁੰਚ ਕੇ ਚੋਣ ਸ਼ੁਰੂ ਨਾ ਹੋਣ ’ਤੇ ਨਾਅਰੇਬਾਜ਼ੀ ਕੀਤੀ। ਉਨ੍ਹਾਂ ਦਾ ਕਹਿਣਾ ਸੀ ਕਿ ਪਿਛਲੀਆਂ ਚੋਣਾਂ ਵਿੱਚ ਰਾਏਕੋਟ ਬਲਾਕ ਦੇ 25 ਜ਼ੋਨਾਂ ਵਿੱਚੋਂ 17 ’ਤੇ ਕਾਂਗਰਸ ਨੇ ਜਿੱਤ ਹਾਸਲ ਕੀਤੀ ਸੀ ਅਤੇ ਆਜ਼ਾਦ ਮੈਂਬਰ ਦਾ ਸਮਰਥਨ ਵੀ ਮਿਲ ਰਿਹਾ ਹੈ, ਜਿਸ ਨਾਲ ਬਹੁਮਤ ਸਪੱਸ਼ਟ ਤੌਰ ’ਤੇ ਉਨ੍ਹਾਂ ਦੇ ਹੱਕ ’ਚ ਸੀ। ਪ੍ਰਦਰਸ਼ਨਕਾਰੀਆਂ ਨੇ ਦੋਸ਼ ਲਾਇਆ ਕਿ ਸੱਤਾਧਾਰੀ ਧਿਰ ਨੇ ਪ੍ਰਸ਼ਾਸਨ ’ਤੇ ਦਬਾਅ ਬਣਾ ਕੇ ਚੋਣ ਨੂੰ ਟਾਲਿਆ ਗਿਆ ਹੈ। ਉਨ੍ਹਾਂ ਅਨੁਸਾਰ ਚੋਣ ਅਧਿਕਾਰੀ ਐਸਡੀਐੱਮ ਅਤੇ ਬੀਡੀਪੀਓ ਦਫ਼ਤਰ ਵਿੱਚ ਮੌਜੂਦ ਨਹੀਂ ਸਨ। ਐਸਡੀਐੱਮ ਨੂੰ ਫੋਨ ਕਰਨ ’ਤੇ ਵੀ ਜਵਾਬ ਨਹੀਂ ਮਿਲਿਆ। ਬੀਡੀਪੀਓ ਨੇ ਜਾਣਕਾਰੀ ਦਿੱਤੀ ਕਿ ਸਾਰੇ ਜੇਤੂ ਮੈਂਬਰਾਂ ਨੂੰ ਚੋਣ ਸਬੰਧੀ ਸੰਮਨ ਪਹੁੰਚਾਏ ਨਾ ਜਾਣ ਕਾਰਨ ਚੋਣ ਮੁਲਤਵੀ ਕੀਤੀ ਗਈ ਹੈ ਅਤੇ ਨਵੀਂ ਮਿਤੀ 5 ਮਾਰਚ ਨੂੰ ਨਿਰਧਾਰਤ ਕੀਤੀ ਗਈ ਹੈ। ਕਾਮਿਲ ਅਮਰ ਸਿੰਘ ਨੇ ਇਸ ਨੂੰ ਲੋਕਤੰਤਰਕ ਪ੍ਰਕਿਰਿਆ ਨਾਲ ਛੇੜਛਾੜ ਕਰਾਰ ਦਿੱਤਾ ਅਤੇ ਚੇਤਾਵਨੀ ਦਿੱਤੀ ਕਿ ਜੇਕਰ ਨਵੀਂ ਮਿਤੀ ’ਤੇ ਵੀ ਚੋਣ ਨਹੀਂ ਹੋਈ ਤਾਂ ਵੱਡੀ ਗਿਣਤੀ ਵਿੱਚ ਸਮਰਥਕਾਂ ਨਾਲ ਅਣਮਿੱਥੇ ਸਮੇਂ ਲਈ ਧਰਨਾ ਦਿੱਤਾ ਜਾਵੇਗਾ। ਪ੍ਰਦਰਸ਼ਨ ’ਚ ਵੱਖ-ਵੱਖ ਜ਼ੋਨਾਂ ਤੋਂ ਜੇਤੂ ਮੈਂਬਰ ਜਗਦੇਵ ਸਿੰਘ ਅਕਾਲਗੜ੍ਹ ਕਲਾਂ, ਪ੍ਰਦੀਪ ਸਿੰਘ ਬੁਰਜ ਹਰੀ ਸਿੰਘ, ਕਿਰਨਜੀਤ ਕੌਰ ਹਲਵਾਰ), ਵਰਿੰਦਰਪਾਲ ਕੌਰ ਗੋਂਦਵਾਲ, ਕੁਲਦੀਪ ਸਿੰਘ ਲੋਹਟਬੱਦੀ ਸਮੇਤ ਹੋਰ ਮੈਂਬਰ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਅਤੇ ਕਈ ਸਾਬਕਾ ਸਰਪੰਚ ਵੀ ਸ਼ਾਮਲ ਹੋਏ। ਇਸ ਘਟਨਾ ਨਾਲ ਰਾਏਕੋਟ ਹਲਕੇ ਵਿੱਚ ਸਿਆਸੀ ਗਰਮਾਹਟ ਵਧ ਗਈ ਹੈ ਅਤੇ ਅਗਲੇ ਦਿਨਾਂ ਵਿੱਚ ਹਾਲਾਤ ’ਤੇ ਨਜ਼ਰ ਟਿਕੀ ਹੋਈ ਹੈ।