ਭਾਜਪਾ ਕੌਂਸਲਰ ਦੇ ਪਤੀ ’ਤੇ ਹਥਿਆਰਬੰਦਾਂ ਨੇ ਕੀਤਾ ਹਮਲਾ
ਭਾਜਪਾ ਕੌਂਸਲਰ ਦੇ ਪਤੀ ਉੱਪਰ ਹਥਿਆਰ ਬੰਦਾ ਨੇ ਕੀਤਾ ਹਮਲਾ
Publish Date: Fri, 20 Feb 2026 08:41 PM (IST)
Updated Date: Fri, 20 Feb 2026 08:42 PM (IST)

- ਪੀੜਤ ਨਿਹੰਗ ਸਿੰਘਾਂ ’ਤੇ ਅਗਵਾ ਕਰਨ ਦੇ ਲਾਏ ਦੋਸ਼ ਐੱਸਪੀ ਜੋਸ਼ੀ, ਪੰਜਾਬੀ ਜਾਗਰਣ ਲੁਧਿਆਣਾ : ਮਹਾਨਗਰ ਦੇ ਵਾਰਡ ਨੰਬਰ 17 ਤੋਂ ਭਾਰਤੀ ਜਨਤਾ ਪਾਰਟੀ ਦੀ ਮਹਿਲਾ ਕੌਂਸਲਰ ਰੂਬੀ ਕੋਰੀਅਨ ਦੇ ਪਤੀ ਜਤਿੰਦਰ ਗੋਰਿਅਨ ਉੱਪਰ ਦੇਰ ਰਾਤ ਜਮਾਲਪੁਰ ਚੌਕ ਵਿੱਚ ਹਥਿਆਰਬੰਦਾਂ ਨੇ ਹਮਲਾ ਕਰ ਦਿੱਤਾ। ਉਕਤ ਵਾਰਦਾਤ ਵਿੱਚ ਇਨਸਾਫ਼ ਦੀ ਮੰਗ ਕਰਦੇ ਹੋਏ ਜਤਿੰਦਰ ਗੋਰੀਆਨ ਅਤੇ ਸਮਰਥਕਾਂ ਨੇ ਥਾਣੇ ਦੇ ਬਾਹਰ ਜ਼ੋਰਦਾਰ ਪ੍ਰਦਰਸ਼ਨ ਕਰਦੇ ਹੋਏ ਕਾਫੀ ਸਮਾਂ ਨਾਅਰੇਬਾਜ਼ੀ ਕੀਤੀ। ਉਕਤ ਘਟਨਾ ਮਗਰੋਂ ਪੁਲਿਸ ਤੇ ਉੱਚ ਅਧਿਕਾਰੀਆਂ ਨੇ ਪੀੜਤ ਧਿਰ ਨਾਲ ਸੰਪਰਕ ਕਰ ਕੇ ਮੁਲਜ਼ਮਾਂ ਖ਼ਿਲਾਫ਼ ਸਖ਼ਤ ਕਾਰਵਾਈ ਦਾ ਭਰੋਸਾ ਦਿਵਾਇਆ ਤਾਂ ਪ੍ਰਦਰਸ਼ਨਕਾਰੀਆਂ ਨੇ ਧਰਨਾ ਚੁੱਕਣ ਲਈ ਸਹਿਮਤੀ ਦਿੱਤੀ। ਇਸ ਮੌਕੇ ਸ਼ਿਕਾਇਤ ਕਰਤਾ ਜਤਿੰਦਰ ਗੋਰਿਅਨ ਮੁਤਾਬਕ ਬੀਤੀ ਦੇਰ ਰਾਤ ਨਿਹੰਗ ਬਾਣੇ ਵਿੱਚ ਆਏ ਕੁੱਝ ਹਥਿਆਰਬੰਦਾਂ ਨੇ ਉਸ ਉੱਪਰ ਹਮਲਾ ਕਰ ਦਿੱਤਾ ਅਤੇ ਕਾਫੀ ਸਮਾਂ ਆਪਣੀ ਗੱਡੀ ਵਿੱਚ ਬੰਦਕ ਬਣਾ ਕੇ ਰੱਖਿਆ। ਇਸ ਦੌਰਾਨ ਸੜਕ ਤੋਂ ਲੰਘ ਰਹੇ ਮੰਤਰੀ ਦਾ ਕਾਫਿਲਾ ਰੁਕਿਆ ਅਤੇ ਗੱਡੀਆਂ ਵਿੱਚੋਂ ਹਥਿਆਰ ਬੰਦ ਗੰਨਮੈਨ ਉਤਰਦੇ ਵੇਖ ਹਮਲਾਵਰ ਮੌਕੇ ਤੋਂ ਫ਼ਰਾਰ ਹੋ ਗਏ। ਹਮਲਾਵਰਾਂ ਦੇ ਚੁੰਗਲ ਵਿੱਚੋਂ ਨਿਕਲੇ ਗੋਰੀਏ ਨੇ ਕਿਸੇ ਤਰ੍ਹਾਂ ਫੋਨ ਕਰ ਕੇ ਆਪਣੇ ਸਾਥੀਆਂ ਅਤੇ ਪਰਿਵਾਰ ਵਾਲਿਆਂ ਨੂੰ ਮੌਕੇ ’ਤੇ ਬੁਲਾਇਆ। ਉਕਤ ਵਾਰਦਾਤ ਦੀ ਥਾਣਾ ਫੋਕਲ ਪੁਆਇੰਟ ਪੁਲਿਸ ਕੋਲ ਸ਼ਿਕਾਇਤ ਦੇਣ ਮਗਰੋਂ ਸਮਰਥਕਾਂ ਨੇ ਥਾਣੇ ਵਿੱਚ ਸੁਣਵਾਈ ਨਾ ਹੋਣ ਦਾ ਦੋਸ਼ ਲਗਾਉਂਦੇ ਹੋਏ ਦੇਰ ਰਾਤ ਥਾਣੇ ਬਾਹਰ ਧਰਨਾ ਪ੍ਰਦਰਸ਼ਨ ਕੀਤਾ। ਮਾਹੌਲ ਗਰਮ ਹੁੰਦਾ ਵੇਖ ਪੁਲਿਸ ਦੇ ਉੱਚ ਅਧਿਕਾਰੀ ਮੌਕੇ ’ਤੇ ਪੁੱਜੇ ਅਤੇ ਕੌਂਸਲਰ ਪਤੀ ਨੂੰ ਇਨਸਾਫ ਦਾ ਭਰੋਸਾ ਦਿੰਦੇ ਹੋਏ ਧਰਨਾ ਚੁੱਕਣ ਲਈ ਮਨਾਇਆ। ਸ਼ਿਕਾਇਤ ਕਰਤਾ ਮੁਤਾਬਿਕ ਵੀਰਵਾਰ ਦੇਰ ਰਾਤ ਉਹ ਕਿਸੇ ਪ੍ਰੋਗਰਾਮ ਵਿੱਚ ਹਿੱਸਾ ਲੈ ਕੇ ਵਾਪਸ ਘਰ ਵੱਲ ਜਾ ਰਹੇ ਸਨ। ਇਸ ਦੌਰਾਨ ਜਦੋਂ ਉਹ ਜਮਾਲਪੁਰ ਚੌਕ ਦੇ ਨਜ਼ਦੀਕ ਦਰਗਾਹ ਕੋਲ ਪੁੱਜੇ ਤਾਂ ਹਥਿਆਰਬੰਦ ਨਿਹੰਗ ਸਿੰਘਾਂ ਨੇ ਉਸ ਉੱਪਰ ਹਮਲਾ ਕਰ ਦਿੱਤਾ। ਉ੍ਨ੍ਹਾਂ ਦੱਸਿਆ ਕਿ ਜਾਨ ਬਚਾਉਣ ਲਈ ਉਹ ਕਾਫੀ ਸਮਾਂ ਆਪਣੇ ਕਾਰ ਨੂੰ ਲਾਕ ਕਰ ਕੇ ਅੰਦਰ ਬੈਠੇ ਰਹੇ, ਜਦਕਿ ਹਮਲਾਵਰ ਲਗਾਤਾਰ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦੇ ਹੋਏ ਉਸ ਨੂੰ ਬਾਹਰ ਨਿਕਲਣ ਲਈ ਮਜਬੂਰ ਕਰ ਰਹੇ ਸਨ। ਉਨ੍ਹਾਂ ਆਪਣੇ ਫੋਨ ਤੋਂ ਕੰਟਰੋਲ ਰੂਮ ’ਤੇ ਇਸ ਵਾਰਦਾਤ ਦੀ ਜਾਣਕਾਰੀ ਦਿੱਤੀ। ਪਰ ਕਾਫੀ ਸਮਾਂ ਇੰਤਜ਼ਾਰ ਕਰਨ ਦੇ ਬਾਵਜੂਦ ਪੁਲਿਸ ਦਾ ਕੋਈ ਅਧਿਕਾਰੀ ਮੌਕੇ ’ਤੇ ਨਹੀਂ ਪੁੱਜਾ। ਉਧਰ ਏਸੀਪੀ ਇੰਦਰਜੀਤ ਸਿੰਘ ਮੁਤਾਬਿਕ ਭਾਜਪਾ ਕੌਂਸਲਰ ਦੇ ਪਤੀ ਜਤਿੰਦਰ ਗੋਰੀਅਨ ਦੀ ਸ਼ਿਕਾਇਤ ਉੱਪਰ ਥਾਣਾ ਫੋਕਲ ਪੁਆਇੰਟ ਪੁਲਿਸ ਵੱਲੋਂ ਪਰਚਾ ਦਰਜ ਕਰ ਕੇ ਹਮਲਾਵਰਾਂ ਦੀ ਸ਼ਨਾਖਤ ਅਤੇ ਗ੍ਰਿਫਤਾਰੀ ਲਈ ਉੱਦਮ ਸ਼ੁਰੂ ਕਰ ਦਿੱਤੇ ਗਏ ਹਨ। ਪੁਲਿਸ ਅਧਿਕਾਰੀਆਂ ਮੁਤਾਬਿਕ ਘਟਨਾ ਵਾਲੀ ਥਾਂ ਦੇ ਆਸ-ਪਾਸ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਕਬਜ਼ੇ ਵਿੱਚ ਲੈ ਕੇ ਹਮਲਾ ਕਰਨ ਵਾਲਿਆਂ ਦੀ ਸ਼ਨਾਖਤ ਕੀਤੀ ਜਾ ਰਹੀ ਹੈ।