ਮੋਗਾ ਰੈਲੀ ’ਚ ਭੀੜ ਦਿਖਾਉਣ ਲਈ ਭਾਜਪਾ ਨੇ ਬਾਹਰਲੇ ਸੂਬਿਆਂ ਤੋਂ ਬੱਸਾਂ ਲਿਆਂਦੀਆਂ ਭਰ ਕੇ : ਪਰਮਿੰਦਰ ਸੰਧੂ
ਮੋਗਾ ਰੈਲੀ ’ਚ ਭੀੜ ਦਿਖਾਉਣ ਲਈ ਭਾਜਪਾ ਨੇ ਬਾਹਰਲੇ ਰਾਜਾਂ ਤੋਂ ਬੱਸਾਂ ਲਿਆਂਦੀਆਂ ਭਰਕੇ- ਪਰਮਿੰਦਰ ਸਿੰਘ ਸੰਧੂ
Publish Date: Sat, 14 Mar 2026 10:58 PM (IST)
Updated Date: Sun, 15 Mar 2026 04:19 AM (IST)

ਫੋਟੋ- 40 ਸਤਵਿੰਦਰ ਸ਼ਰਮਾ, ਪੰਜਾਬੀ ਜਾਗਰਣ ਲੁਧਿਆਣਾ : ਅੱਜ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਪੰਜਾਬ ਦੌਰੇ ’ਤੇ ਉਨ੍ਹਾਂ ਦਾ ਜੀ ਆਇਆ ਨੂੰ ਕੀਤਾ ਗਿਆ। ਇਸ ਮੌਕੇ ਆਮ ਆਦਮੀ ਪਾਰਟੀ ਯੂਥ ਵਿੰਗ ਮਾਲਵਾ ਸੈਂਟਰਲ ਜ਼ੋਨ ਦੇ ਪ੍ਰਧਾਨ ਪਰਮਿੰਦਰ ਸਿੰਘ ਸੰਧੂ ਨੇ ਕਿਹਾ ਕਿ ਮੋਗਾ ਵਿਖੇ ਭਾਜਪਾ ਵੱਲੋਂ ਕੀਤੀ ਜਾ ਗਈ ਰੈਲੀ ਨੇ ਇੱਕ ਵਾਰ ਫਿਰ ਸਾਬਤ ਕਰ ਦਿੱਤਾ ਹੈ ਕਿ ਪੰਜਾਬ ਵਿੱਚ ਭਾਜਪਾ ਦਾ ਕੋਈ ਮਜ਼ਬੂਤ ਜਨ ਆਧਾਰ ਨਹੀਂ ਹੈ। ਉਨ੍ਹਾਂ ਤੰਜ ਕੱਸਦਿਆਂ ਕਿਹਾ ਕਿ ਜਿਸ ਪਾਰਟੀ ਨੂੰ ਪੰਜਾਬ ਵਿੱਚ ਰੈਲੀ ਲਈ ਲੋਕ ਨਹੀਂ ਮਿਲਦੇ, ਉਹ ਹਰਿਆਣਾ ਅਤੇ ਰਾਜਸਥਾਨ ਤੋਂ ਬੱਸਾਂ ਭਰ ਕੇ ਭੀੜ ਇਕੱਠੀ ਕਰ ਰਹੀ ਹੈ। ਇਹ ਸਿਰਫ਼ ਇੱਕ ਸਿਆਸੀ ਡਰਾਮਾ ਹੈ ਜਿਸ ਨਾਲ ਪੰਜਾਬ ਦੇ ਲੋਕਾਂ ਨੂੰ ਪ੍ਰਭਾਵਿਤ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਜਾਗਰੂਕ ਹਨ ਅਤੇ ਉਹ ਦਿਖਾਵੇ ਦੀ ਰਾਜਨੀਤੀ ਨੂੰ ਚੰਗੀ ਤਰ੍ਹਾਂ ਸਮਝਦੇ ਹਨ। ਬਾਹਰਲੇ ਰਾਜਾਂ ਤੋਂ ਭੀੜ ਲਿਆ ਕੇ ਪੰਜਾਬ ਵਿੱਚ ਤਾਕਤ ਦਿਖਾਉਣ ਦੀ ਕੋਸ਼ਿਸ਼ ਭਾਜਪਾ ਦੀ ਹਕੀਕਤ ਨੂੰ ਹੀ ਬੇਨਕਾਬ ਕਰਦੀ ਹੈ। ਅੱਜ ਪੰਜਾਬ ਦੇ ਲੋਕ ਸਿਰਫ਼ ਆਮ ਆਦਮੀ ਪਾਰਟੀ ’ਤੇ ਹੀ ਵਿਸ਼ਵਾਸ ਕਰਦੇ ਹਨ ਅਤੇ ਪੰਜਾਬ ਦੇ ਹਰਮਨ ਪਿਆਰੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਦੇ ਕੰਮਾਂ ਤੋਂ ਸੰਤੁਸ਼ਟ ਹਨ। ਭਗਵੰਤ ਮਾਨ ਸਰਕਾਰ ਵੱਲੋਂ ਘਰ-ਘਰ 300 ਯੂਨਿਟ ਮੁਫ਼ਤ ਬਿਜਲੀ, ਸਰਕਾਰੀ ਸਕੂਲਾਂ ਅਤੇ ਹਸਪਤਾਲਾਂ ਦੀ ਸੁਧਾਰ ਅਤੇ ਨੌਜਵਾਨਾਂ ਨੂੰ ਪਾਰਦਰਸ਼ੀ ਤਰੀਕੇ ਨਾਲ ਸਰਕਾਰੀ ਨੌਕਰੀਆਂ ਦੇਣ ਵਰਗੇ ਕਈ ਇਤਿਹਾਸਕ ਕਦਮ ਚੁੱਕੇ ਗਏ ਹਨ। ਉਨ੍ਹਾਂ ਕੇਂਦਰ ਸਰਕਾਰ ’ਤੇ ਸਿੱਧਾ ਹਮਲਾ ਕਰਦਿਆਂ ਕਿਹਾ ਕਿ ਜੇਕਰ ਭਾਜਪਾ ਦੇ ਆਗੂ ਸੱਚਮੁੱਚ ਪੰਜਾਬ ਦੀ ਚਿੰਤਾ ਕਰਦੇ ਹਨ ਤਾਂ ਪਹਿਲਾਂ ਪੰਜਾਬ ਦੇ ਹੱਕਾਂ ਵਾਲੇ ਰੋਕੇ ਹੋਏ ਫੰਡ ਜਾਰੀ ਕਰਨ। ਸਿਰਫ਼ ਰੈਲੀਆਂ ਕਰਕੇ ਜਾਂ ਭੀੜ ਇਕੱਠੀ ਕਰਕੇ ਪੰਜਾਬ ਦੇ ਲੋਕਾਂ ਦਾ ਭਰੋਸਾ ਨਹੀਂ ਜਿੱਤਿਆ ਜਾ ਸਕਦਾ। ਸੰਧੂ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਸਾਫ਼ ਕਰ ਦਿੱਤਾ ਹੈ ਕਿ ਉਹ ਵਿਕਾਸ, ਇਮਾਨਦਾਰੀ ਅਤੇ ਲੋਕਹਿੱਤ ਦੀ ਰਾਜਨੀਤੀ ਨਾਲ ਖੜ੍ਹੇ ਹਨ ਤੇ ਦਿਖਾਵੇ ਦੀ ਰਾਜਨੀਤੀ ਕਰਨ ਵਾਲੀਆਂ ਪਾਰਟੀਆਂ ਨੂੰ ਪੰਜਾਬ ਵਿੱਚ ਕੋਈ ਥਾਂ ਨਹੀਂ ਮਿਲੇਗੀ।