ਕਾਂਗਰਸ ‘ਤੇ ਬਿੱਟੂ ਦਾ ਤਿੱਖਾ ਹਮਲਾ, ਸੀਬੀਆਈ ਜਾਂਚ ’ਤੇ ਰਾਜਨੀਤਕ ਤਕਰਾਰ ਤੇਜ਼
ਕਾਂਗਰਸ ‘ਤੇ ਬਿੱਟੂ ਦਾ ਤਿੱਖਾ ਹਮਲਾ, ਸੀਬੀਆਈ ਜਾਂਚ ‘ਤੇ ਰਾਜਨੀਤਕ ਤਕਰਾਰ ਤੇਜ਼
Publish Date: Wed, 25 Mar 2026 06:57 PM (IST)
Updated Date: Thu, 26 Mar 2026 04:05 AM (IST)

ਫੋਟੋ ਨੰਬਰ-9 ਗੁਰਮੀਤ ਸਿੰਘ ਨਿੱਝਰ, ਪੰਜਾਬੀ ਜਾਗਰਣ ਲੁਧਿਆਣਾ : ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਕਾਂਗਰਸ ਪਾਰਟੀ ਤੇ ਇਸ ਦੇ ਪੰਜਾਬ ਪ੍ਰਧਾਨ ਰਾਜਾ ਵੜਿੰਗ ਵੱਲੋਂ ਸੀਬੀਆਈ ਜਾਂਚ ’ਤੇ ਉਠਾਏ ਗਏ ਸਵਾਲਾਂ ਦਾ ਕਰਾਰਾ ਜਵਾਬ ਦਿੰਦਿਆਂ ਕਿਹਾ ਕਿ ਇਹ ਮਾਮਲਾ ਰਾਜਨੀਤੀ ਨਹੀਂ, ਸਗੋਂ ਇਕ ਪਰਿਵਾਰ ਦੀ ਨਿਆਂ ਦੀ ਲੜਾਈ ਨਾਲ ਜੁੜਿਆ ਹੋਇਆ ਹੈ। ਬਿੱਟੂ ਨੇ ਕਿਹਾ ਕਿ ਗਗਨਦੀਪ ਦੀ ਘਰਵਾਲੀ, ਬੱਚਿਆਂ ਤੇ ਉਸ ਦੇ ਪਰਿਵਾਰਕ ਮੈਂਬਰਾਂ ਵੱਲੋਂ ਸੀਬੀਆਈ ਜਾਂਚ ਦੀ ਸਪਸ਼ਟ ਮੰਗ ਕੀਤੀ ਗਈ ਹੈ, ਜਿਸ ਦੇ ਆਧਾਰ ‘ਤੇ ਹੀ ਇਸ ਮਸਲੇ ਨੂੰ ਸੰਸਦ ਵਿੱਚ ਜ਼ੋਰਦਾਰ ਢੰਗ ਨਾਲ ਉਠਾਇਆ ਗਿਆ। ਉਨ੍ਹਾਂ ਦੱਸਿਆ ਕਿ ਇਸ ਸੰਬੰਧੀ ਹਾਊਸ ਵਿੱਚ ਐਚਐਲ ਵੱਲੋਂ ਇਹ ਗੱਲ ਰੱਖੀ ਗਈ ਕਿ ਜੇਕਰ ਮੈਂਬਰ ਪਾਰਲੀਮੈਂਟ ਲਿਖਤੀ ਰੂਪ ਵਿੱਚ ਮੰਗ ਕਰਦੇ ਹਨ ਤਾਂ ਇਸ ‘ਤੇ ਫੈਸਲਾ ਲਿਆ ਜਾ ਸਕਦਾ ਹੈ। ਕਾਂਗਰਸ ਨੂੰ ਘੇਰਦੇ ਹੋਏ ਬਿੱਟੂ ਨੇ ਕਿਹਾ ਕਿ ਤੁਹਾਡੇ ਚਾਰ ਸੰਸਦ ਮੈਂਬਰਾਂ ਵਿੱਚੋਂ ਗੁਰਜੀਤ ਸਿੰਘ ਔਜਲਾ ਉਸੇ ਇਲਾਕੇ ਨਾਲ ਸੰਬੰਧਿਤ ਹਨ, ਜਦਕਿ ਦੂਜਾ ਮੈਂਬਰ ਏਆਈਸੀਸੀ ਦਾ ਜਨਰਲ ਸਕੱਤਰ ਹੈ, ਤੀਜਾ ਸੀਡਬਲਯੂਸੀ ਦਾ ਮੈਂਬਰ ਅਤੇ ਚੌਥਾ ਧਰਮਵੀਰ ਗਾਂਧੀ ਹੈ। ਉਨ੍ਹਾਂ ਕਿਹਾ ਕਿ ਜੇ ਕਾਂਗਰਸ ਸੱਚਮੁੱਚ ਗੰਭੀਰ ਹੈ ਤਾਂ ਆਪਣੇ ਸੰਸਦ ਮੈਂਬਰਾਂ ਰਾਹੀਂ ਲਿਖਤੀ ਮੰਗ ਕਿਉਂ ਨਹੀਂ ਕਰਦੀ। ਆਪਣੇ ਬਿਆਨ ਨੂੰ ਹੋਰ ਤਿੱਖਾ ਕਰਦਿਆਂ ਬਿੱਟੂ ਨੇ ਕਿਹਾ ਕਿ ਅੱਜ ਕਾਂਗਰਸ ਪਾਰਟੀ ਦੀ ਸਥਿਤੀ ਇਹ ਹੋ ਚੁੱਕੀ ਹੈ ਕਿ ਉਸ ਦਾ ਜਨਾਜਾ ਨਿਕਲਿਆ ਪਿਆ ਹੈ ਅਤੇ ਲੋਕਾਂ ਦਾ ਭਰੋਸਾ ਪਾਰਟੀ ਤੋਂ ਉੱਠਦਾ ਜਾ ਰਿਹਾ ਹੈ।