ਲੁਧਿਆਣਾ ਮਿਲਕ ਯੂਨੀਅਨ 'ਚ ਵੱਡਾ ਘਪਲਾ: ਮਿਲਕਬਾਰ ਇੰਚਾਰਜ ਨੇ ਹੜੱਪੇ 8.62 ਲੱਖ ਰੁਪਏ, ਪੁਲਿਸ ਵੱਲੋਂ ਮੁਕਦਮਾ ਦਰਜ
ਲੁਧਿਆਣਾ ਦੀ ਮਿਲਕ ਯੂਨੀਅਨ ਵਿੱਚ 8 ਲੱਖ 62 ਹਜ਼ਾਰ ਰੁਪਏ ਦੀ ਨਕਦੀ ਹੜੱਪਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਕੇਸ ਵਿੱਚ ਥਾਣਾ ਸਰਾਭਾ ਨਗਰ ਦੀ ਪੁਲਿਸ ਨੇ ਮਿਲਕ ਯੂਨੀਅਨ ਦੇ ਜਨਰਲ ਮੈਨੇਜਰ ਦੀ ਸ਼ਿਕਾਇਤ 'ਤੇ ਮਿਲਕਬਾਰ ਵਿੱਚ ਬਤੌਰ ਇੰਚਾਰਜ ਕੰਮ ਕਰ ਰਹੇ ਮਾਣਕਵਾਲ ਦੇ ਵਾਸੀ ਰਜਿੰਦਰ ਸਿੰਘ ਦੇ ਖ਼ਿਲਾਫ਼ ਮੁਕਦਮਾ ਦਰਜ ਕਰ ਲਿਆ ਹੈ।
Publish Date: Fri, 30 Jan 2026 02:44 PM (IST)
Updated Date: Fri, 30 Jan 2026 03:06 PM (IST)
ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ, ਲੁਧਿਆਣਾ - ਲੁਧਿਆਣਾ ਦੀ ਮਿਲਕ ਯੂਨੀਅਨ ਵਿੱਚ 8 ਲੱਖ 62 ਹਜ਼ਾਰ ਰੁਪਏ ਦੀ ਨਕਦੀ ਹੜੱਪਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਕੇਸ ਵਿੱਚ ਥਾਣਾ ਸਰਾਭਾ ਨਗਰ ਦੀ ਪੁਲਿਸ ਨੇ ਮਿਲਕ ਯੂਨੀਅਨ ਦੇ ਜਨਰਲ ਮੈਨੇਜਰ ਦੀ ਸ਼ਿਕਾਇਤ 'ਤੇ ਮਿਲਕਬਾਰ ਵਿੱਚ ਬਤੌਰ ਇੰਚਾਰਜ ਕੰਮ ਕਰ ਰਹੇ ਮਾਣਕਵਾਲ ਦੇ ਵਾਸੀ ਰਜਿੰਦਰ ਸਿੰਘ ਦੇ ਖ਼ਿਲਾਫ਼ ਮੁਕਦਮਾ ਦਰਜ ਕਰ ਲਿਆ ਹੈ।
ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਉਂਦਿਆਂ ਯੂਨੀਅਨ ਦੇ ਜਨਰਲ ਮੈਨੇਜਰ ਨੇ ਦੱਸਿਆ ਰਜਿੰਦਰ ਸਿੰਘ ਮਿਲਕ ਯੂਨੀਅਨ ਲੁਧਿਆਣਾ ਵਿਖੇ ਬਤੌਰ ਇੰਚਾਰਜ ਮਿਲਕਬਾਰ ਡਿਊਟੀ ਕਰਦਾ ਸੀ। ਉਹਨਾਂ ਦੱਸਿਆ ਕਿ ਪੜਤਾਲ ਉਪਰੰਤ ਸਾਹਮਣੇ ਆਇਆ ਕਿ ਦੁੱਧ ਪਦਾਰਥਾਂ ਦੀ ਰੋਜ਼ਾਨਾ ਦੀ ਸੇਲ ਵਿੱਚੋਂ ਰਕਮ ਲਗਭਗ 8 ਲੱਖ 62 ਹਜ਼ਾਰ 849 ਰੁਪਏ ਯੂਨੀਅਨ ਦੀ ਲੇਖਾ ਸ਼ਾਖਾ ਵਿੱਚ ਜਮਾ ਨਾ ਕਰਵਾ ਕੇ ਉਸ ਨੇ ਅਮਾਨਤ ਵਿੱਚ ਖਿਆਨਤ ਕੀਤੀ ਹੈ।
ਇਹ ਸਾਰਾ ਮਾਮਲਾ ਜਨਰਲ ਮੈਨੇਜਰ ਨੇ ਥਾਣਾ ਸਰਾਭਾ ਨਗਰ ਦੀ ਪੁਲਿਸ ਦੇ ਧਿਆਨ ਵਿੱਚ ਲਿਆਂਦਾ। ਕੇਸ ਦੀ ਜਾਂਚ ਕਰ ਰਹੇ ਏਐਸਆਈ ਰਜਿੰਦਰ ਕੁਮਾਰ ਨੇ ਦੱਸਿਆ ਕਿ ਪੁਲਿਸ ਨੇ ਜਨਰਲ ਮੈਨੇਜਰ ਦੀ ਸ਼ਿਕਾਇਤ ਤੇ ਮਾਣਕਵਾਲ ਦੇ ਵਾਸੀ ਰਜਿੰਦਰ ਸਿੰਘ ਦੇ ਖਿਲਾਫ ਮੁਕਦਮਾ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।