ਤਲਾਕ ਕਰਵਾਉਣ ਦੇ ਨਾਂ ’ਤੇ ਵੱਡੀ ਠੱਗੀ
ਤਲਾਕ ਕਰਵਾਉਣ ਦੇ ਨਾਂ ’ਤੇ ਵੱਡੀ ਠੱਗੀ
Publish Date: Thu, 19 Mar 2026 09:09 PM (IST)
Updated Date: Fri, 20 Mar 2026 04:16 AM (IST)

* ਲੱਖਾਂ ਰੁਪਏ ਤੇ ਸੋਨੇ ਦੇ ਗਹਿਣੇ ਹੜਪਣ ਦੇ ਦੋਸ਼ ’ਚ ਤਿੰਨ ਨਾਮਜ਼ਦ * ਰਾਜ਼ੀਨਾਮਾ ਕਰਵਾਉਣ ਦਾ ਝਾਂਸਾ ਦੇ ਕੇ 10 ਲੱਖ ਤੋਂ ਵੱਧ ਨਕਦੀ ਤੇ 10 ਤੋਲੇ ਸੋਨਾ ਲਿਆ ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ ਲੁਧਿਆਣਾ : ਮਹਾਨਗਰ ਲੁਧਿਆਣਾ ’ਚ ਠੱਗੀ ਦਾ ਇੱਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਤਲਾਕ ਕਰਵਾਉਣ ਤੇ ਰਾਜ਼ੀਨਾਮਾ ਕਰਵਾਉਣ ਦੇ ਨਾਂ ’ਤੇ ਲੱਖਾਂ ਰੁਪਏ ਤੇ ਸੋਨੇ ਦੇ ਗਹਿਣਿਆਂ ਦੀ ਠੱਗੀ ਕੀਤੀ ਗਈ। ਇਸ ਸਬੰਧੀ ਥਾਣਾ-5 ਦੀ ਪੁਲਿਸ ਨੇ ਤਿੰਨ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੂੰ ਦਿੱਤੀ ਸ਼ਿਕਾਇਤ ’ਚ ਸੁਰਿੰਦਰ ਕੌਰ ਵਾਸੀ ਪਿੰਡ ਛੋਕਰ ਨੇ ਦੱਸਿਆ ਕਿ ਮੁਲਜ਼ਮਾਂ ਮਨਦੀਪ ਸਿੰਘ ਗਰੇਵਾਲ ਉਰਫ਼ ਰਵੀ, ਗੁਰਮੀਤ ਕੌਰ ਤੇ ਨੂਰਪ੍ਰੀਤ ਸਿੰਘ ਨੇ ਉਸ ਨੂੰ ਆਪਣੇ ਝਾਂਸੇ ਵਿਚ ਲੈ ਲਿਆ। ਉਨ੍ਹਾਂ ਭਰੋਸਾ ਦਿਵਾਇਆ ਕਿ ਉਹ ਹਰਪ੍ਰੀਤ ਕੌਰ ਤੇ ਅਮਰਜੀਤ ਸਿੰਘ ਵਿਚਕਾਰ ਚੱਲ ਰਹੇ ਤਕਰਾਰ ਦੇ ਮਾਮਲੇ ’ਚ ਰਾਜ਼ੀਨਾਮਾ ਕਰਵਾ ਕੇ ਤਲਾਕ ਦੀ ਕਾਰਵਾਈ ਪੂਰੀ ਕਰਵਾ ਦੇਣਗੇ। ਸ਼ਿਕਾਇਤ ਮੁਤਾਬਕ ਮੁਲਜ਼ਮਾਂ ਨੇ ਇਸ ਕੰਮ ਲਈ ਉਸ ਤੋਂ ਕੁੱਲ 10,37,590 ਰੁਪਏ ਨਕਦ ਤੇ ਲਗਪਗ 10 ਤੋਲੇ ਸੋਨੇ ਦੇ ਗਹਿਣੇ ਲੈ ਲਏ ਪਰ ਲੰਮਾ ਸਮਾਂ ਬੀਤਣ ਦੇ ਬਾਵਜੂਦ ਨਾ ਤਾਂ ਮੁਲਜ਼ਮਾਂ ਨੇ ਤਲਾਕ ਦੀ ਕੋਈ ਕਾਰਵਾਈ ਨਹੀਂ ਕਰਵਾਈ ਤੇ ਨਾ ਹੀ ਪੈਸੇ ਜਾਂ ਗਹਿਣੇ ਵਾਪਸ ਕੀਤੇ। ਔਰਤ ਨੂੰ ਜਦੋਂ ਆਪਣੇ ਨਾਲ ਹੋਈ ਠੱਗੀ ਦਾ ਅਹਿਸਾਸ ਹੋਇਆ ਤਾਂ ਉਸ ਨੇ ਪੁਲਿਸ ਨੂੰ ਸੂਚਿਤ ਕੀਤਾ। ਮਾਮਲੇ ਦੀ ਜਾਂਚ ਤੋਂ ਬਾਅਦ ਪੁਲਿਸ ਨੇ ਤਿੰਨਾਂ ਮੁਲਜ਼ਮਾਂ ਖ਼ਿਲਾਫ਼ ਧਾਰਾ 420, 406 ਅਤੇ 120-ਬੀ ਆਈਪੀਸੀ ਤਹਿਤ ਕੇਸ ਦਰਜ ਕਰ ਲਿਆ ਹੈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਮਾਮਲੇ ਦੀ ਗਹਿਰਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਤੇ ਮੁਲਜ਼ਮਾਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਵੀ ਕੀਤੀ ਜਾ ਰਹੀ ਹੈ।