ਲੁਧਿਆਣਾ 'ਚ ਸਿੱਖਿਆ ਦੇ ਨਾਂ 'ਤੇ ਵੱਡੀ ਠੱਗੀ: CBSE ਮਾਨਤਾ ਦਾ ਝੂਠਾ ਦਾਅਵਾ ਕਰਕੇ ਦਾਖ਼ਲੇ ਕਰਨ ਵਾਲੇ ਸਕੂਲ ਡਾਇਰੈਕਟਰਾਂ ਖ਼ਿਲਾਫ਼ FIR ਦਰਜ
ਲੁਧਿਆਣਾ ਦੇ ਇੱਕ ਨਿੱਜੀ ਸਕੂਲ ਨਾਲ ਜੁੜੇ ਕਥਿਤ ਧੋਖਾਧੜੀ ਮਾਮਲੇ 'ਚ ਪੁਲਿਸ ਨੇ ਸਕੂਲ ਦੇ ਡਾਇਰੈਕਟਰਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਦੋਸ਼ ਹੈ ਕਿ ਸਕੂਲ ਪ੍ਰਬੰਧਕਾਂ ਨੇ ਸੀਬੀਐਸਈ ਬੋਰਡ ਤੋਂ ਮਾਨਤਾ ਪ੍ਰਾਪਤ ਹੋਣ ਦਾ ਝੂਠਾ ਦਾਅਵਾ ਕਰਕੇ ਮਾਪਿਆਂ ਅਤੇ ਵਿਦਿਆਰਥੀਆਂ ਨੂੰ ਗੁੰਮਰਾਹ ਕੀਤਾ ਅਤੇ ਗੈਰ-ਕਾਨੂੰਨੀ ਢੰਗ ਨਾਲ ਦਾਖਲੇ ਲੈ ਕੇ ਉਨ੍ਹਾਂ ਨਾਲ ਠੱਗੀ ਕੀਤੀ।
Publish Date: Fri, 12 Jun 2026 01:11 PM (IST)
Updated Date: Fri, 12 Jun 2026 01:14 PM (IST)

ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ, ਲੁਧਿਆਣਾ - ਲੁਧਿਆਣਾ ਦੇ ਇੱਕ ਨਿੱਜੀ ਸਕੂਲ ਨਾਲ ਜੁੜੇ ਕਥਿਤ ਧੋਖਾਧੜੀ ਮਾਮਲੇ 'ਚ ਪੁਲਿਸ ਨੇ ਸਕੂਲ ਦੇ ਡਾਇਰੈਕਟਰਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਦੋਸ਼ ਹੈ ਕਿ ਸਕੂਲ ਪ੍ਰਬੰਧਕਾਂ ਨੇ ਸੀਬੀਐਸਈ ਬੋਰਡ ਤੋਂ ਮਾਨਤਾ ਪ੍ਰਾਪਤ ਹੋਣ ਦਾ ਝੂਠਾ ਦਾਅਵਾ ਕਰਕੇ ਮਾਪਿਆਂ ਅਤੇ ਵਿਦਿਆਰਥੀਆਂ ਨੂੰ ਗੁੰਮਰਾਹ ਕੀਤਾ ਅਤੇ ਗੈਰ-ਕਾਨੂੰਨੀ ਢੰਗ ਨਾਲ ਦਾਖਲੇ ਲੈ ਕੇ ਉਨ੍ਹਾਂ ਨਾਲ ਠੱਗੀ ਕੀਤੀ।
ਸ਼ਿਕਾਇਤਕਰਤਾ ਗੁਰਬਖਸ਼ ਸਿੰਘ ਨੇ ਅਧਿਕਾਰੀਆਂ ਨੂੰ ਦਿੱਤੀ ਦਰਖ਼ਾਸਤ ਰਾਹੀਂ ਦੋਸ਼ ਲਗਾਇਆ ਕਿ ਐਮਜੇਕੇ ਨਗਰ, ਬਾਪੂ ਮਾਰਕੀਟ, ਲੋਹਾਰਾ ਸਥਿਤ ਗਲੋਬਲ ਸਪਾਰਕਸ ਕਾਨਵੈਂਟ ਇੰਟਰਨੈਸ਼ਨਲ ਸਕੂਲ ਦੇ ਡਾਇਰੈਕਟਰ ਸੁਰਿੰਦਰ ਸਿੰਗਲਾ ਅਤੇ ਅਨੀਤਾ ਸਿੰਗਲਾ ਵੱਲੋਂ ਸਕੂਲ ਨੂੰ ਸੀਬੀਐਸਈ ਬੋਰਡ, ਨਵੀਂ ਦਿੱਲੀ ਤੋਂ ਮਾਨਤਾ ਪ੍ਰਾਪਤ ਦੱਸ ਕੇ ਲੋਕਾਂ ਨੂੰ ਆਪਣੇ ਜਾਲ 'ਚ ਫਸਾਇਆ ਗਿਆ। ਸ਼ਿਕਾਇਤ ਅਨੁਸਾਰ ਸਕੂਲ ਪ੍ਰਬੰਧਨ ਨੇ ਇਸ ਅਧਾਰ ‘ਤੇ ਵਿਦਿਆਰਥੀਆਂ ਦੇ ਦਾਖਲੇ ਕੀਤੇ, ਜਦਕਿ ਮਾਨਤਾ ਸੰਬੰਧੀ ਦਾਅਵਿਆਂ ‘ਤੇ ਸਵਾਲ ਖੜ੍ਹੇ ਹੋਏ ਹਨ।
ਸ਼ਿਕਾਇਤ 'ਚ ਇਹ ਵੀ ਦੋਸ਼ ਲਗਾਇਆ ਗਿਆ ਹੈ ਕਿ ਸਕੂਲ ਪ੍ਰਬੰਧਕਾਂ ਨੇ ਸੋਸ਼ਲ ਮੀਡੀਆ ਰਾਹੀਂ ਭ੍ਰਮਕ ਅਤੇ ਝੂਠਾ ਪ੍ਰਚਾਰ ਕਰਕੇ ਮਾਪਿਆਂ ਦਾ ਭਰੋਸਾ ਜਿੱਤਣ ਦੀ ਕੋਸ਼ਿਸ਼ ਕੀਤੀ, ਜਿਸ ਕਾਰਨ ਕਈ ਲੋਕਾਂ ਦੀਆਂ ਭਾਵਨਾਵਾਂ ਆਹਤ ਹੋਈਆਂ ਅਤੇ ਉਹ ਆਰਥਿਕ ਤੇ ਮਾਨਸਿਕ ਤੌਰ ‘ਤੇ ਪ੍ਰਭਾਵਿਤ ਹੋਏ। ਸ਼ਿਕਾਇਤ ਮਿਲਣ ਤੋਂ ਬਾਅਦ ਜਾਂਚ ਦੇ ਆਧਾਰ ‘ਤੇ ਥਾਣਾ ਡਾਬਾ ਦੀ ਪੁਲਿਸ ਨੇ ਸੁਰਿੰਦਰ ਸਿੰਗਲਾ ਅਤੇ ਅਨੀਤਾ ਸਿੰਗਲਾ ਖ਼ਿਲਾਫ਼ ਭਾਰਤੀ ਨਿਆਂ ਸੰਹਿਤਾ ਦੀਆਂ ਧਾਰਾਵਾਂ 318(4) ਅਤੇ 61(2) ਤਹਿਤ ਮਾਮਲਾ ਦਰਜ ਕਰ ਲਿਆ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਮਾਮਲੇ 'ਚ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ। ਜਲਦੀ ਹੀ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।