ਬਿਜ਼ਨਸ ਦੇ ਨਾਂ ’ਤੇ ਵੱਡੀ ਠੱਗੀ 1.26 ਕਰੋੜ ਲੈ ਕੇ ਕਾਪਰ ਵਾਇਰ ਨਾ ਦਿੱਤਾ, ਤਿੰਨ ਨਾਮਜ਼ਦ
ਬਿਜ਼ਨਸ ਦੇ ਨਾਮ ’ਤੇ ਵੱਡੀ ਠੱਗੀ 1.26 ਕਰੋੜ ਲੈ ਕੇ ਕਾਪਰ ਵਾਇਰ ਨਾ ਦਿੱਤਾ, ਤਿੰਨ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ
Publish Date: Wed, 18 Mar 2026 10:30 PM (IST)
Updated Date: Thu, 19 Mar 2026 04:13 AM (IST)

ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ, ਲੁਧਿਆਣਾ : ਉਦਯੋਗਿਕ ਸ਼ਹਿਰ ਵਿੱਚ ਬਿਜ਼ਨਸ ਡੀਲ ਦੇ ਨਾਮ ’ਤੇ ਕਰੋੜਾਂ ਦੀ ਠੱਗੀ ਦਾ ਵੱਡਾ ਮਾਮਲਾ ਸਾਹਮਣੇ ਆਇਆ ਹੈ। ਠੱਗਾਂ ਨੇ ਇਕ ਫਰਮ ਨੂੰ ਕਾਪਰ ਵਾਇਰ ਸਪਲਾਈ ਕਰਨ ਦਾ ਝਾਂਸਾ ਦੇ ਕੇ ਸਵਾ ਕਰੋੜ ਤੋਂ ਵੱਧ ਰਕਮ ਐਡਵਾਂਸ ਵਜੋਂ ਹੜੱਪ ਲਈ ਅਤੇ ਬਾਅਦ ਵਿੱਚ ਮੁਕਰ ਗਏ। ਥਾਣਾ ਪੀਏਯੂ ਦੀ ਪੁਲਿਸ ਨੇ ਸੰਯੋਗ ਮਹਨ ਦੀ ਸ਼ਿਕਾਇਤ ’ਤੇ ਤਮਿਲਨਾਡੂ ਦੇ ਰਹਿਣ ਵਾਲੇ ਪਾਸੁਪਾਲਾ ਦੰਡਾਪਾਣੀ ਸੁਜੇਤ, ਜੋਤੇਸ਼ਵਰ ਰਾਓ ਅਤੇ ਮੁਹੰਮਦ ਸਾਦਿਕ ਖ਼ਿਲਾਫ਼ ਧੋਖਾਧੜੀ ਅਤੇ ਜਾਲਸਾਜ਼ੀ ਦਾ ਮਾਮਲਾ ਦਰਜ ਕਰ ਲਿਆ ਹੈ। ਸ਼ਿਕਾਇਤਕਰਤਾ ਸੰਯੋਗ ਮਹਨ ਨੇ ਪੁਲਿਸ ਨੂੰ ਦੱਸਿਆ ਕਿ ਉਸ ਦੀ ਫਰਮ ਨਾਲ ਦੋਸ਼ੀਆਂ ਨੇ ਇੱਕ ਬਿਜ਼ਨਸ ਸਮਝੌਤਾ ਕੀਤਾ ਸੀ, ਜਿਸ ਅਨੁਸਾਰ ਹਰ ਮਹੀਨੇ 200 ਮੈਟਰਿਕ ਟਨ ਕਾਪਰ ਮਲਬੇਰੀ ਵਾਇਰ ਸਪਲਾਈ ਕਰਨ ਦਾ ਵਾਅਦਾ ਕੀਤਾ ਗਿਆ ਸੀ। ਡੀਲ ਨੂੰ ਪੱਕਾ ਕਰਨ ਲਈ ਦੋਸ਼ੀਆਂ ਨੇ ਹੌਲੀ-ਹੌਲੀ ਕਰਕੇ ਉਸ ਤੋਂ ਕੁੱਲ 1,26,75,950 ਰੁਪਏ ਐਡਵਾਂਸ ਵਜੋਂ ਲੈ ਲਏ। ਪਰ ਜਦੋਂ ਤੈਅ ਸਮੇਂ ’ਤੇ ਮਾਲ ਸਪਲਾਈ ਨਹੀਂ ਕੀਤਾ ਗਿਆ ਤਾਂ ਪੀੜਤ ਨੇ ਦੋਸ਼ੀਆਂ ਨਾਲ ਸੰਪਰਕ ਕੀਤਾ। ਇਸ ਦੌਰਾਨ ਦੋਸ਼ੀ ਲਗਾਤਾਰ ਟਾਲਮਟੋਲ ਕਰਦੇ ਰਹੇ ਅਤੇ ਆਖ਼ਿਰਕਾਰ ਮੁਕਰ ਗਏ। ਪੁਲਿਸ ਦੀ ਜਾਂਚ ਦੌਰਾਨ ਸਾਹਮਣੇ ਆਇਆ ਕਿ ਦੋਸ਼ੀਆਂ ਦੀ ਨੀਅਤ ਸ਼ੁਰੂ ਤੋਂ ਹੀ ਠੱਗੀ ਕਰਨ ਦੀ ਸੀ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ ਤੇ ਦੋਸ਼ੀਆਂ ਨੂੰ ਜਲਦੀ ਕਾਬੂ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।