ਅੰਕੜਿਆਂ ਦੀ ਜਾਦੂਗਰੀ ਰਾਹੀਂ ਵੇਰਕਾ ਪਲਾਂਟ ’ਚ ਘਪਲੇ ਤੇ ਘਾਟਾ ਛੁਪਾਉਣ ਦੀ ਵੱਡੀ ਸਾਜ਼ਿਸ਼ : ਵਕੀਲ ਈਸੜੂ
ਅੰਕੜਿਆਂ ਦੀ ਜਾਦੂਗਰੀ ਦਿਖਾ ਕੇ -ਵੇਰਕਾ ਪਲਾਂਟ ’ਚ ਘਪਲੇ ਤੇ ਘਾਟਾ ਛੁਪਾਉਣ ਦੀ ਵੱਡੀ ਸਾਜ਼ਿਸ-ਵਕੀਲ ਈਸੜੂ
Publish Date: Mon, 16 Feb 2026 06:51 PM (IST)
Updated Date: Tue, 17 Feb 2026 04:07 AM (IST)

ਪੰਜਾਬ ਸਰਕਾਰ ਤੋਂ ਉੱਚ ਪੱਧਰੀ ਜਾਂਚ ਦੇ ਨਾਲ-ਨਾਲ ਜੀਐੱਮ ਤੇ ਚਹੇਤਿਆਂ ਦੀ ਬਦਲੀ ਦੀ ਮੰਗ ਕੁਲਵਿੰਦਰ ਸਿੰਘ ਰਾਏ, ਪੰਜਬੀ ਜਾਗਰਣ, ਖੰਨਾ : ਵੇਰਕਾ ਮਿਲਕ ਪਲਾਂਟ ਦੇ ਸਾਬਕਾ ਡਾਇਰੈਕਟਰ ਐਡਵੋਕੇਟ ਗੁਰਬਿੰਦਰ ਸਿੰਘ ਈਸੜੂ ਵੱਲੋਂ ਵੇਰਕਾ ਕੈਟਲ ਫੀਡ ਪਲਾਂਟ ਖੰਨਾ ਦੇ ਜਨਰਲ ਮੈਨੇਜਰ ਡਾ. ਸੁਰਜੀਤ ਸਿੰਘ ਭਦੌੜ ਵੱਲੋਂ ਪਿਛਲੇ ਦਿਨੀਂ ਪਲਾਂਟ ਦੇ ਮੁਨਾਫ਼ੇ ਦੇ ਦਾਅਵਿਆਂ ਨੂੰ ਸਿਰੇ ਤੋਂ ਖਾਰਜ ਕੀਤਾ ਗਿਆ ਹੈ। ਜਨਰਲ ਮੈਨੇਜਰ ਨੇ ਦਾਅਵਾ ਕੀਤਾ ਕਿ ਪਲਾਂਟ ਨੇ ਪਿਛਲੇ 10 ਸਾਲਾਂ ਦੌਰਾਨ 350 ਕਰੋੜ ਰੁਪਏ ਦਾ ਮੁਨਾਫਾ ਕਮਾਇਆ ਹੈ ਅਤੇ ਸਾਲ 2024-25 ’ਚ 7.25 ਕਰੋੜ ਦਾ ਸਭ ਤੋਂ ਵੱਧ ਲਾਭ ਹੋਇਆ ਹੈ, ਵਕੀਲ ਗੁਰਬਿੰਦਰ ਸਿੰਘ ਨੇ ਕਿਹਾ ਕਿ ਜੇਕਰ ਜਨਰਲ ਮੈਨੇਜਰ ਦੇ 350 ਕਰੋੜ ਦੇ ਮੁਨਾਫੇ ਦੇ ਦਾਅਵੇ ਨੂੰ ਸਹੀ ਵੀ ਮੰਨ ਲਿਆ ਜਾਵੇ ਤਾਂ 10 ਸਾਲਾਂ ਦੇ ਹਿਸਾਬ ਨਾਲ ਇਹ ਮੁਨਾਫਾ ਪ੍ਰਤੀ ਸਾਲ 35 ਕਰੋੜ ਰੁਪਏ ਬਣਦਾ ਹੈ। ਅਜਿਹੇ ’ਚ ਸਾਲ 2024-25 ਦੇ 7.25 ਕਰੋੜ ਮੁਨਾਫੇ ਨੂੰ ਸਭ ਤੋਂ ਵੱਡਾ ਦੱਸਣਾ ਸਿੱਧਾ-ਸਿੱਧਾ ਲੋਕਾਂ ਤੇ ਸਰਕਾਰ ਨੂੰ ਗੁੰਮਰਾਹ ਕਰਨ ਦੇ ਬਰਾਬਰ ਹੈ। ਉਨ੍ਹਾਂ ਕਿਹਾ ਕਿ ਅਸਲ ਸੱਚ ਇਹ ਹੈ ਕਿ ਇਹ ਮੁਨਾਫਾ ਕਿਸੇ ਵਧੀਆ ਪ੍ਰਬੰਧਨ ਜਾਂ ਕਾਰਗੁਜ਼ਾਰੀ ਕਾਰਨ ਨਹੀਂ, ਸਗੋਂ ਬਾਜ਼ਾਰ ’ਚ ਕੈਟਲ ਫੀਡ ਬਣਾਉਣ ਲਈ ਵਰਤੇ ਜਾਣ ਵਾਲੇ ਕੱਚੇ ਸਮਾਨ, ਜਿਵੇਂ ਕਿ ਮੱਕੀ ਆਦਿ ਦੀਆਂ ਕੀਮਤਾਂ ਘੱਟ ਹੋਣ ਕਾਰਨ ਹੋਇਆ ਹੈ। ਉਨ੍ਹਾਂ ਦੋਸ਼ ਲਾਇਆ ਕਿ ਜਿਸ ਤਰੀਕੇ ਦੀ ਖੰਨਾ ਪਲਾਂਟ ਦੀ ਮੈਨੇਜਮੈਂਟ ਹੈ, ਉਸ ਹਿਸਾਬ ਨਾਲ ਪਲਾਂਟ ਕਰੋੜਾਂ ਰੁਪਏ ਘਾਟੇ ’ਚ ਚੱਲ ਰਿਹਾ ਹੈ। ਜੇਕਰ ਜਨਰਲ ਮੈਨੇਜਰ ਦੇ ਅੰਕੜੇ ਹੀ ਦੇਖ ਲਈਏ ਤਾਂ 35 ਕਰੋੜ ਤੋਂ ਘਟਾ ਕੇ ਮੁਨਾਫਾ 7 ਕਰੋੜ ਰਹਿ ਗਿਆ ਹੈ। ਈਸੜੂ ਨੇ ਦੋਸ਼ ਲਗਾਇਆ ਕਿ ਜਨਰਲ ਮੈਨੇਜਰ ਦੀ ਕਾਰਗੁਜ਼ਾਰੀ ਦਾ ਅਸਲੀ ਪੈਮਾਨਾ ਪਲਾਂਟ ਦੀ ਵਿਕਰੀ ਹੁੰਦਾ ਹੈ, ਜੋ ਕਿ ਲਗਾਤਾਰ ਡਿੱਗ ਰਹੀ ਹੈ। ਜਦੋਂ ਤੋਂ ਡਾ. ਸੁਰਜੀਤ ਸਿੰਘ ਭਦੌੜ ਦੀ ਤਾਇਨਾਤੀ ਹੋਈ ਹੈ, ਉਦੋਂ ਤੋਂ ਪਲਾਂਟ ’ਚ ਇੱਕ ਤੋਂ ਬਾਅਦ ਇੱਕ ਘੁਟਾਲੇ ਸਾਹਮਣੇ ਆ ਰਹੇ ਹਨ। ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਫੀਡ ਦੀ ਵਿਕਰੀ ਕਰੀਬ 6500 ਮੀਟਰਕ ਟਨ ਘਟ ਗਈ ਹੈ, ਜਿਸ ਦਾ ਮੁੱਖ ਕਾਰਨ ਘਟੀਆ ਕੁਆਲਿਟੀ ਦੱਸਿਆ ਜਾ ਰਿਹਾ ਹੈ। ਅੰਕੜਿਆਂ ਦੀ ਘੁੰਮਾਫਿਰਾ ਕੇ ਪੇਸ਼ਕਾਰੀ ਕਰਕੇ ਦੁੱਧ ਉਤਪਾਦਕਾਂ ਦੇ ਹਿੱਤਾਂ ਦੀ ਰੱਖਿਆ ਨਹੀਂ ਹੋ ਸਕਦੀ। ਐਡਵੋਕੇਟ ਈਸੜੂ ਨੇ ਇਹ ਵੀ ਦੋਸ਼ ਲਗਾਇਆ ਕਿ ਪਲਾਂਟ ਵਿੱਚ ਕੁਝ ਚਹੇਤੇ ਅਤੇ ਸਿਫਾਰਸੀ ਮੁਲਾਜ਼ਮ ਲੰਬੇ ਸਮੇਂ ਤੋਂ ਇਕੋ ਥਾਂ ਟਿਕੇ ਹੋਏ ਹਨ, ਜਿਨ੍ਹਾਂ ਦੀਆਂ ਗਲਤ ਨੀਤੀਆਂ ਅਤੇ ਕਾਰਵਾਈਆਂ ਕਾਰਨ ਪਲਾਂਟ ਦੀ ਛਵੀ ਨੂੰ ਭਾਰੀ ਨੁਕਸਾਨ ਪਹੁੰਚ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਮੁਲਾਜ਼ਮ ਪ੍ਰਬੰਧਨ ਦੀ ਸ਼ਹਿ ’ਤੇ ਮਨਮਾਨੀਆਂ ਕਰ ਰਹੇ ਹਨ ਅਤੇ ਪਲਾਂਟ ਨੂੰ ਆਰਥਿਕ ਅਤੇ ਪ੍ਰਸ਼ਾਸਕੀ ਤੌਰ ’ਤੇ ਬਰਬਾਦੀ ਵੱਲ ਧੱਕ ਰਹੇ ਹਨ। ਸਾਬਕਾ ਡਾਇਰੈਕਟਰ ਨੇ ਪੰਜਾਬ ਸਰਕਾਰ ਤੋਂ ਮੁੜ ਪੁਰਜੋਰ ਮੰਗ ਕੀਤੀ ਕਿ ਜਨਰਲ ਮੈਨੇਜਰ ਡਾ. ਸੁਰਜੀਤ ਸਿੰਘ ਭਦੌੜ ਦੀ ਤੁਰੰਤ ਬਦਲੀ ਕੀਤੀ ਜਾਵੇ ਅਤੇ ਨਾਲ ਹੀ ਉਨ੍ਹਾਂ ਦੇ ਚਹੇਤੇ, ਸਿਫਾਰਸੀ ਮੁਲਾਜ਼ਮਾਂ ਨੂੰ ਵੀ ਤੁਰੰਤ ਹੋਰ ਥਾਵਾਂ ’ਤੇ ਤਬਦੀਲ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਸਮੇਂ ਸਿਰ ਸਖ਼ਤ ਕਦਮ ਨਾ ਚੁੱਕੇ ਗਏ ਤਾਂ ਇਸ ਦਾ ਸਿੱਧਾ ਨੁਕਸਾਨ ਪੰਜਾਬ ਦੇ ਦੁੱਧ ਉਤਪਾਦਕਾਂ ਨੂੰ ਹੋਵੇਗਾ, ਜਿਨ੍ਹਾਂ ਦੀ ਮਿਹਨਤ ਦੀ ਕਮਾਈ ਨਾਲ ਇਹ ਸਹਿਕਾਰੀ ਸੰਸਥਾ ਚਲਦੀ ਹੈ। ਉਨ੍ਹਾਂ ਅਖੀਰ ’ਚ ਕਿਹਾ ਕਿ ਵੇਰਕਾ ਵਰਗੀ ਸਹਿਕਾਰੀ ਸੰਸਥਾ ਨੂੰ ਨਿੱਜੀ ਸਵਾਰਥਾਂ ਅਤੇ ਅੰਦਰੂਨੀ ਸਾਜ਼ਿਸ਼ਾਂ ਤੋਂ ਬਚਾਉਣਾ ਬਹੁਤ ਜ਼ਰੂਰੀ ਹੈ, ਨਹੀਂ ਤਾਂ ਇਸ ਦੀ ਭਰੋਸੇਯੋਗਤਾ ਨੂੰ ਅਪੂਰਣਯੋਗ ਨੁਕਸਾਨ ਪਹੁੰਚ ਸਕਦਾ ਹੈ। ਇਸਦੇ ਨਾਲ ਹੀ ਉਨ੍ਹਾਂ ਪੰਜਾਬ ਸਰਕਾਰ ਤੋਂ ਉੱਚ ਪੱਧਰੀ ਜਾਂਚ ਦੀ ਮੰਗ ਵੀ ਕੀਤੀ। ਜਨਰਲ ਮੈਨੇਜਰ ਸੁਰਜੀਤ ਸਿੰਘ ਭਦੌੜ ਨੇ ਕਿਹਾ ਕਿ ਪਿਛਲੀ ਦਿਨੀ ਜਾਰੀ ਕੀਤੇ ਅੰਕੜੇ ਕਲੈਰੀਕਲ ਗ਼ਲਤੀ ਨਾਲ 350 ਕਰੋੜ ਲਿਖੇ ਗਏ ਹਨ, ਜਦਕਿ 10 ਸਾਲਾਂ ਦਾ ਕੁੱਲ ਮੁਨਾਫ਼ 35 ਕਰੋੜ ਸੀ। ਇਹ ਹਰ ਸਾਲ ਘਟਦਾ ਵੱਧਦਾ ਰਹਿੰਦਾ ਹੈ। ਹਰੇਕ ਸਾਲ ਇੱਕਸਾਰ ਮੁਨਾਫ਼ਾ ਨਹੀਂ ਹੁੰਦਾ। ਵਿਕਰੀ ਘਟਣ ਦੇ ਦੋਸ਼ਾਂ ਨੂੰ ਨਕਾਰਦੇ ਭਦੌੜ ਨੇ ਕਿਹਾ ਕਿ ਪੰਜਾਬ ਦੇ ਅੰਦਰ ਵਿਕਰੀ ’ਚ ਕੋਈ ਘਾਟਾ ਨਹੀਂ ਹੋਇਆ। ਦੂਜੇ ਰਾਜਾਂ ’ਚ ਵਿਕਰੀ ਹਰੇਕ ਸਾਲ ਟੈਂਡਰ ਮਿਲਣ ਜਾਂ ਨਾ ਮਿਲਣ ਕਰਕੇ ਫਰਕ ਪੈਂਦਾ ਹੈ। ਮੱਕੀ ਦੀ ਕੂਆਲਿਟੀ ’ਚ ਵੀ ਕੋਈ ਸਮਝੌਤਾ ਨਹੀਂ ਕੀਤਾ ਜਾਂਦਾ। ਵਿਭਾਗ ਦੇ ਉੱਚ ਅਧਿਕਾਰੀਆਂ ਵੱਲੋਂ ਲਗਾਤਾਰ ਜਾਂਚ ਕੀਤੀ ਜਾਂਦੀ ਹੈ। ਸਾਰੇ ਦੂੋਸ ਝੂਠੇ ਤੇ ਬੇਬੁਨਿਆਦ ਹਨ।