ਭਾਕਿਯੂ (ਸਿੱਧੂਪੁਰ) ਨੇ ਰੋਸ ਪ੍ਰਦਰਸ਼ਨ ਕਰਦਿਆਂ ਸਰਕਾਰ ਖਿਲਾਫ਼ ਕੱਢੀ ਭੜਾਸ
ਭਾਕਿਯੂ (ਸਿੱਧੂਪੁਰ) ਨੇ ਰੋਸ ਪ੍ਰਦਰਸ਼ਨ ਕਰਦਿਆਂ ਸਰਕਾਰ ਖਿਲਾਫ਼ ਕੱਢੀ ਭੜਾਸ
Publish Date: Mon, 30 Mar 2026 07:59 PM (IST)
Updated Date: Tue, 31 Mar 2026 04:11 AM (IST)

ਸੁਸ਼ੀਲ ਵਰਮਾ, ਪੰਜਾਬੀ ਜਾਗਰਣ, ਰਾਏਕੋਟ : ਪਿਛਲੇ ਦਿਨੀਂ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਹਰੀ ਨੌਂ ਦੇ ਵਸਨੀਕ 2 ਕਿਸਾਨ ਭਰਾਵਾਂ ਵੱਲੋਂ ਬੈਂਕ ਕਰਜ਼ੇ ਦੇ ਬੋਝ ਅਤੇ ਕਥਿਤ ਤੌਰ ’ਤੇ ਬੈਂਕ ਅਧਿਕਾਰੀਆਂ ਦੀਆਂ ਧਮਕੀਆਂ ਤੋਂ ਪਰੇਸ਼ਾਨ ਹੁੰਦਿਆਂ ਕੀਤੀ ਗਈ ਖੁਦਕੁਸ਼ੀ ਦਾ ਮਾਮਲਾ ਹੁਣ ਦਿਨੋ-ਦਿਨ ਭਖ਼ਦਾ ਜਾ ਰਿਹਾ ਹੈ। ਇਸ ਘਟਨਾ ਦੇ ਰੋਸ ਵਜੋਂ ਸੋਮਵਾਰ ਭਾਰਤੀ ਕਿਸਾਨ ਯੂਨੀਅਨ (ਸਿੱਧੂਪੁਰ) ਦੇ ਸੱਦੇ ’ਤੇ ਵੱਡੀ ਗਿਣਤੀ ਵਿੱਚ ਕਿਸਾਨਾਂ ਵੱਲੋਂ ਰਾਏਕੋਟ ਵਿਖੇ ਸਥਿਤ ਲੈਂਡਮਾਰਗੇਜ਼ ਬੈਂਕ ਸਾਹਮਣੇ ਰੋਸ ਮੁਜ਼ਾਹਰਾ ਕੀਤਾ ਅਤੇ ਪੰਜਾਬ ਸਰਕਾਰ ਦਾ ਪੁਤਲਾ ਫੂਕਦਿਆਂ ਆਪਣੀ ਭੜਾਸ ਕੱਢੀ। ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਜ਼ਿਲ੍ਹਾ ਫਰੀਦਕੋਟ ਦੇ ਪਿੰਡ ਹਰੀ ਨੌਂ ਦੇ 2 ਸਕੇ ਕਿਸਾਨ ਭਰਾਵਾਂ ਨੇ ਬੈਂਕ ਦਾ ਕਰਜ਼ਾ ਨਾ ਮੋੜ ਸਕਣ ਕਾਰਨ ਆਪਣੀ ਜੀਵਨ ਲੀਲ੍ਹਾ ਸਮਾਪਤ ਕਰ ਲਈ ਸੀ। ਕਿਸਾਨ ਆਗੂਆਂ ਦਾ ਦੋਸ਼ ਹੈ ਕਿ ਬੈਂਕ ਅਧਿਕਾਰੀਆਂ ਵੱਲੋਂ ਕਿਸਾਨਾਂ ਨੂੰ ਲਗਾਤਾਰ ਮਾਨਸਿਕ ਤੌਰ ’ਤੇ ਪਰੇਸ਼ਾਨ ਕੀਤਾ ਜਾ ਰਿਹਾ ਸੀ, ਉਹ ਕਰਜ਼ਾ ਵਸੂਲੀ ਲਈ ਦਿੱਤੀਆਂ ਜਾ ਰਹੀਆਂ ਧਮਕੀਆਂ ਕਾਰਨ ਕਿਸਾਨ ਭਰਾ ਭਾਰੀ ਦਬਾਅ ਹੇਠ ਸਨ ਪ੍ਰੰਤੂ ਆਰਥਿਕ ਤੰਗੀ ਅਤੇ ਫ਼ਸਲਾਂ ਦੇ ਸਹੀ ਭਾਅ ਨਾ ਮਿਲਣ ਕਾਰਨ ਉਹ ਕਰਜ਼ਾ ਮੋੜਨ ਤੋਂ ਅਸਮਰੱਥ ਸਨ। ਧਰਨੇ ਦੌਰਾਨ ਪ੍ਰਦਰਸ਼ਨਕਾਰੀ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਯੂਨੀਅਨ ਦੇ ਆਗੂਆਂ ਨੇ ਪੰਜਾਬ ਸਰਕਾਰ ਅਤੇ ਬੈਂਕ ਪ੍ਰਸ਼ਾਸਨ ’ਤੇ ਤਿੱਖੇ ਨਿਸ਼ਾਨੇ ਸਾਧੇ। ਉਨ੍ਹਾਂ ਕਿਹਾ ਕਿ ਸਰਕਾਰਾਂ ਚੋਣਾਂ ਵੇਲੇ ਕਿਸਾਨਾਂ ਦੇ ਕਰਜ਼ੇ ਮੁਆਫ਼ ਕਰਨ ਦੇ ਵੱਡੇ-ਵੱਡੇ ਦਾਅਵੇ ਕਰਦੀਆਂ ਹਨ ਪਰ ਅਸਲੀਅਤ ਵਿੱਚ ਅੱਜ ਵੀ ਅੰਨਦਾਤਾ ਖੁਦਕੁਸ਼ੀਆਂ ਕਰਨ ਲਈ ਮਜ਼ਬੂਰ ਹੈ। ਕਿਸਾਨ ਆਗੂਆਂ ਨੇ ਮੰਗ ਕੀਤੀ ਕਿ ਬੈਂਕਾਂ ਵੱਲੋਂ ਗਰੀਬ ਕਿਸਾਨਾਂ ਨੂੰ ਧਮਕਾਉਣਾ ਬੰਦ ਕੀਤਾ ਜਾਵੇ, ਮ੍ਰਿਤਕ ਕਿਸਾਨਾਂ ਦੇ ਪਰਿਵਾਰ ਦਾ ਸਮੁੱਚਾ ਕਰਜ਼ਾ ਤੁਰੰਤ ਮੁਆਫ਼ ਕੀਤਾ ਜਾਵੇ ਅਤੇ ਉਨ੍ਹਾਂ ਨੂੰ ਸਰਕਾਰੀ ਮਦਦ ਦਿੱਤੀ ਜਾਵੇ। ਜਿੰਨ੍ਹਾਂ ਬੈਂਕ ਅਧਿਕਾਰੀਆਂ ਨੇ ਉਕਤ ਕਿਸਾਨ ਭਰਾਵਾਂ ਨੂੰ ਖੁਦਕੁਸ਼ੀ ਕਰਨ ਲਈ ਮਜ਼ਬੂਰ ਕੀਤਾ, ਉਨ੍ਹਾਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕਰਨ ਦੀ ਸਰਕਾਰ ਪਾਸੋਂ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਦੀਆਂ ਜ਼ਮੀਨਾਂ ਦੀ ਕੁਰਕੀ ਅਤੇ ਬੈਂਕਾਂ ਵੱਲੋਂ ਕੀਤੀ ਜਾਂਦੀ ਜ਼ਬਰਦਸਤੀ ਵਸੂਲੀ ’ਤੇ ਮੁਕੰਮਲ ਰੋਕ ਲਗਾਈ ਜਾਵੇ। ਰੋਸ ਪ੍ਰਦਰਸ਼ਨ ਦੇ ਅਖੀਰ ਵਿੱਚ ਗੁੱਸੇ ਵਿੱਚ ਆਏ ਕਿਸਾਨਾਂ ਨੇ ਪੰਜਾਬ ਸਰਕਾਰ ਦੇ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ। ਕਿਸਾਨਾਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਕਿਸਾਨਾਂ ਦੀ ਸਾਰ ਨਾ ਲਈ ਅਤੇ ਬੈਂਕਾਂ ਦੀ ਧੱਕੇਸ਼ਾਹੀ ਬੰਦ ਨਾ ਹੋਈ ਤਾਂ ਆਉਣ ਵਾਲੇ ਦਿਨਾਂ ਵਿੱਚ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ। ਇਸ ਮੌਕੇ ਬਲਾਕ ਆਗੂ ਜਤਿੰਦਰ ਸਿੰਘ ਜੋਤੀ, ਜਗਰੂਪ ਸਿੰਘ ਧਾਲੀਵਾਲ ਬਲਾਕ ਪ੍ਰਧਾਨ ਰਾਏਕੋਟ, ਅਮਰੀਕ ਸਿੰਘ ਹਲਵਾਰਾ ਪ੍ਰਧਾਨ ਬਲਾਕ ਸੁਧਾਰ, ਕਰਮਜੀਤ ਸਿੰਘ ਕੋਟ ਆਂਗਾ ਜਨਰਲ ਸਕੱਤਰ ਬਲਾਕ ਪੱਖੋਵਾਲ, ਗੁਰਿੰਦਰ ਸਿੰਘ ਜੁੜਾਹਾਂ ਪ੍ਰਧਾਨ ਬਲਾਕ ਪੱਖੋਵਾਲ, ਸਾਬਕਾ ਸਰਪੰਚ ਗੁਰਮੀਤ ਸਿੰਘ ਐਤੀਆਣਾ, ਸਾਬਕਾ ਸਰਪੰਚ ਲਖਵੀਰ ਸਿੰਘ ਐਤੀਆਣਾ, ਸੁਖਦੇਵ ਸਿੰਘ ਮੋਹੀ ਬਲਾਕ ਆਗੂ ਪੱਖੋਵਾਲ, ਜਗਦੇਵ ਸਿੰਘ ਜਵੰਧਾ, ਗੁਰਮੇਲ ਸਿੰਘ ਭੈਣੀ ਬੜਿੰਗਾ, ਮਹਿੰਦਰ ਸਿੰਘ ਭੈਣੀ ਬੜਿੰਗਾ, ਤਰਸੇਮ ਲਾਲ, ਕਮਲਜੀਤ ਸਿੰਘ ਰਾਜੋਆਣਾ, ਬੂਟਾ ਸਿੰਘ ਹਲਵਾਰਾ, ਤਾਰਾ ਸਿੰਘ ਰਾਜੋਆਣਾ, ਅਜਮੇਰ ਸਿੰਘ ਰਾਜੋਆਣਾ, ਰਵਜੋਤ ਸਿੰਘ ਰਾਜੋਆਣਾ, ਬਲਵੀਰ ਸਿੰਘ ਰਾਜੋਆਣਾ, ਜਸਵੰਤ ਸਿੰਘ ਭੈਣੀ ਬੜਿੰਗਾ, ਗੁਰਮੀਤ ਸਿੰਘ ਬਾਠ ਰਾਜੋਆਣਾ, ਚਮਕੌਰ ਸਿੰਘ ਬਾਠ ਰਾਜੋਆਣਾ, ਅਮਰੀਕ ਸਿੰਘ, ਕੁਲਵਿੰਦਰ ਸਿੰਘ, ਸੁਖਦੇਵ ਸਿੰਘ ਆਦਿ ਹਾਜ਼ਰ ਸਨ।