ਭਾਕਿਯੂ ਲੱਖੋਵਾਲ 16 ਨੂੰ ਜ਼ਿਲ੍ਹਾ ਪੱਧਰੀ ਧਰਨੇ 'ਚ ਵੱਡੀ ਗਿਣਤੀ 'ਚ ਕਰੇਗੀ ਸ਼ਮੂਲੀਅਤ - ਢੀਂਡਸਾ
ਭਾਕਿਯੂ ਲੱਖੋਵਾਲ 16 ਨੂੰ ਜ਼ਿਲ੍ਹਾ ਪੱਧਰੀ ਧਰਨੇ 'ਚ ਵੱਡੀ ਗਿਣਤੀ 'ਚ ਕਰੇਗੀ ਸ਼ਮੂਲੀਅਤ - ਢੀਂਡਸਾ
Publish Date: Mon, 12 Jan 2026 07:56 PM (IST)
Updated Date: Tue, 13 Jan 2026 04:12 AM (IST)

ਸਰਵਣ ਸਿੰਘ ਭੰਗਲਾਂ, ਪੰਜਾਬੀ ਜਾਗਰਣ ਸਮਰਾਲਾ : ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ 16 ਜਨਵਰੀ ਨੂੰ ਪੰਜਾਬ ਭਰ ਵਿੱਚ ਜ਼ਿਲ੍ਹਾ ਹੈੱਡ ਕੁਆਟਰਾਂ ਉੱਤੇ ਕੇਂਦਰ ਸਰਕਾਰ ਦੀਆਂ ਗਲਤ ਨੀਤੀਆਂ ਖਿਲਾਫ ਰੋਸ ਧਰਨੇ ਦਿੱਤੇ ਜਾ ਰਹੇ ਹਨ। ਜਿਸ ਵਿੱਚ ਸਮੁੱਚੀਆਂ ਕਿਸਾਨ ਅਤੇ ਮਜਦੂਰ ਜਥੇਬੰਦੀਆਂ ਸ਼ਿਰਕਤ ਕਰਨਗੀਆਂ। ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਦੇ ਜ਼ਿਲ੍ਹਾ ਲੁਧਿਆਣਾ ਦੇ ਪ੍ਰਧਾਨ ਮਨਜੀਤ ਸਿੰਘ ਢੀਂਡਸਾ ਨੇ ਦੱਸਿਆ ਕਿ ਲੁਧਿਆਣਾ ਦੇ ਡੀ. ਸੀ. ਦਫਤਰ ਅੱਗੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਦਿੱਤੇ ਜਾ ਰਹੇ ਧਰਨੇ ਵਿੱਚ ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਦੇ ਜ਼ਿਲ੍ਹਾ ਲੁਧਿਆਣਾ ਦੇ ਸਾਰੇ ਵਰਕਰ ਅਤੇ ਅਹੁਦੇਦਾਰ ਇਸ ਰੋਸ ਧਰਨੇ ਵਿੱਚ ਹਿੱਸਾ ਲੈਣਗੇ। ਉਨ੍ਹਾਂ ਅੱਗੇ ਕਿਹਾ ਕਿ ਇਸ ਰੋਸ ਧਰਨੇ ਵਿੱਚ ਸਾਰੀਆਂ ਕਿਸਾਨ ਜਥੇਬੰਦੀਆਂ, ਪੈਨਸ਼ਰਜ਼ ਐਸੋਸੀਏਸ਼ਨ, ਬਿਜਲੀ ਮੁਲਾਜ਼ਮ ਜਥੇਬੰਦੀਆਂ, ਨਰੇਗਾ ਯੂਨੀਅਨਾਂ ਅਤੇ ਸਮਾਜਸੇਵੀ ਜਥੇਬੰਦੀਆਂ ਭਾਗ ਲੈਣਗੀਆਂ। ਇਸ ਰੋਸ ਧਰਨੇ ਵਿੱਚ ਕੇਂਦਰ ਸਰਕਾਰ ਵੱਲੋਂ ਬਿਜਲੀ ਸੋਧ ਬਿੱਲ 2025, ਬੀਜ ਸੋਧ ਬਿੱਲ-2025, ਚਾਰ ਲੇਬਰ ਰੋਡ ਬਿੱਲ, ਮਨੇਰਗਾ ਦਾ ਨਾਮ ਬਦਲੀ ਅਤੇ ਮਜ਼ਦੂਰਾਂ ਦੇ ਕੰਮ ਦੀ ਕਟੌਤੀ ਕਰਕੇ ਸੂਬੇ ਦੇ ਲੋਕਾਂ ਨਾਲ ਧੱਕਾ ਕੀਤਾ ਜਾ ਰਿਹਾ। ਕੇਂਦਰ ਦੀ ਮੋਦੀ ਸਰਕਾਰ ਨੇ 2021 ਵਿੱਚ 13 ਮਹੀਨੇ ਚੱਲੇ ਧਰਨੇ ਵਿੱਚ ਕਿਸਾਨਾਂ ਨਾਲ ਵਾਅਦਾ ਕੀਤਾ ਸੀ ਪਰ ਉਹ ਵਾਅਦਾ ਅਜੇ ਤੱਕ ਪੂਰਾ ਨਹੀਂ ਕੀਤਾ ਸਗੋਂ ਉਲਟਾ ਲੋਕਾਂ ਦੇ ਘਰਾਂ ਵਿੱਚ ਚੋਰੀ ਚੋਰੀ ਚਿੱਪ ਵਾਲੇ ਮੀਟਰ ਲਾ ਰਹੇ ਹਨ, ਮਜ਼ਦੂਰਾਂ ਨੂੰ 8 ਘੰਟੇ ਕੰਮ ਦੀ ਵਜਾਏ ਹੁਣ 12 ਘੰਟੇ ਕੰਮ ਕਰਨ ਵਾਲਾ ਬਿੱਲ ਲਿਆ ਰਹੇ ਹਨ। ਉਨ੍ਹਾਂ ਅੱਗੇ ਕਿਹਾ ਪੰਜਾਬ ਸਰਕਾਰ ਨੂੰ ਅਪੀਲ ਹੈ ਕਿ ਹੜ੍ਹਾਂ ਦਾ ਮੁਆਵਜਾ ਛੇਤੀ ਤੋਂ ਛੇਤੀ ਦਿੱਤਾ ਜਾਵੇ ਅਤੇ ਅਵਾਰਾ ਡੰਗਰਾਂ ਦਾ ਕੁੱਤਿਆਂ ਦਾ ਹੱਲ ਕੀਤਾ ਜਾਵੇ ਨਹੀਂ ਸਾਡੀ ਜਥੇਬੰਦੀ ਅਣਮਿੱਥੇ ਸਮੇਂ ਲਈ ਧਰਨਾ ਲਾਉਣ ਨੂੰ ਮਜ਼ਬੂਰ ਹੋਵੇਗੀ। 16 ਜਨਵਰੀ ਦੇ ਧਰਨੇ ਵਿੱਚ ਬੀ. ਕੇ. ਯੂ. (ਲੱਖੋਵਾਲ) ਦੇ ਵਰਕਰ ਵੱਡੀ ਗਿਣਤੀ ਵਿੱਚ ਪੁੱਜਣਗੇ ਅਤੇ ਕੇਂਦਰ ਸਰਕਾਰ ਨੂੰ ਹਲੂਣਾ ਦੇਣਗੇ। ਜਿਸ ਸਬੰਧੀ ਬਲਾਕ ਪ੍ਰਧਾਨਾਂ ਵੱਲੋਂ ਪਿੰਡ ਪਿੰਡ ਜਾ ਕੇ ਕਿਸਾਨਾਂ ਅਤੇ ਮਜਦੂਰਾਂ ਨੂੰ ਧਰਨੇ ਸਬੰਧੀ ਲਾਮਬੰਦ ਕੀਤਾ ਜਾ ਰਿਹਾ ਹੈ।