ਪ੍ਰੇਮ ਤੇ ਸਾਂਝੀਵਾਲਤਾ ਦਾ ਸੁਨੇਹਾ ਲੈ ਕੇ ਆਏ ਸਨ ਭਗਤ ਧੰਨਾ ਜੀ : ਸੰਤ ਅਮੀਰ ਸਿੰਘ, ਭਗਤ ਧੰਨਾ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਜਵੱਦੀ ਟਕਸਾਲ ਵਿਖੇ ਕਰਵਾਇਆ ਹਫਤਾਵਾਰੀ ਨਾਮ ਸਿਮਰਨ ਸਮਾਗਮ
ਸਮੁੱਚੀ ਲੋਕਾਈ ਲਈ ਪ੍ਰੇਮ ਅਤੇ ਸਾਂਝੀਵਾਲਤਾ ਦਾ ਸੁਨੇਹਾ ਲੈ ਕੇ ਆਏ ਸਨ ਭਗਤ ਧੰਨਾ ਜੀ-ਸੰਤ ਅਮੀਰ ਸਿੰਘ
Publish Date: Sun, 19 Apr 2026 06:35 PM (IST)
Updated Date: Sun, 19 Apr 2026 06:39 PM (IST)

ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ ਲੁਧਿਆਣਾ ਗੁਰਬਾਣੀ, ਸਿੱਖ ਸਿਧਾਂਤ ਦੇ ਪ੍ਰਚਾਰ ਪ੍ਰਸਾਰ ਅਤੇ ਪੁਰਾਤਨ ਗੁਰਮਤਿ ਸੰਗੀਤ ਦੇ ਮੁੜ ਬਹਾਲੀ ਲਈ ਨਿਰੰਤਰ ਕਾਰਜਸ਼ੀਲ ਜਵੱਦੀ ਟਕਸਾਲ ਦੇ ਕੇਂਦਰੀ ਅਸਥਾਨ ਗੁਰਦੁਆਰਾ ਗੁਰ ਗਿਆਨ ਪ੍ਰਕਾਸ਼ ਸਾਹਿਬ ਵਿਖੇ ਸ਼੍ਰੋਮਣੀ ਭਗਤ ਧੰਨਾ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਹਫਤਾਵਾਰੀ ਸਮਾਗਮ ਕਰਵਾਇਆ ਗਿਆ। ਟਕਸਾਲ ਦੇ ਮੁਖੀ ਸੰਤ ਬਾਬਾ ਅਮੀਰ ਸਿੰਘ ਨੇ ਜੁੜੀਆਂ ਸੰਗਤਾਂ ਦੇ ਸਨਮੁੱਖ ਭਗਤ ਧੰਨਾ ਨਾਲ ਸੰਬੰਧਿਤ ਇਤਿਹਾਸਕ ਸਰੋਤਾਂ ਦੇ ਹਵਾਲਿਆਂ ਰਹੀਂ ਉਨ੍ਹਾਂ ਦੇ ਜੀਵਨ ਅਤੇ ਬਾਣੀ ਸਬੰਧੀ ਗੁਰਮਤਿ ਵਿਚਾਰਾਂ ਦੀ ਸਾਂਝ ਪਾਉਂਦਿਆਂ ਸਮਝਾਇਆ ਕਿ ਭਗਤ ਧੰਨਾ ਜੀ ਸਮੁੱਚੀ ਲੋਕਾਈ ਲਈ ਪ੍ਰੇਮ ਅਤੇ ਸਾਂਝੀਵਾਲਤਾ ਦਾ ਸੁਨੇਹਾ ਲੈ ਕੇ ਆਏ ਸਨ। ਆਪ ਜੀ ਦੀ ਬਾਣੀ ਦੇ ਸ਼ਬਦ ਆਨੰਦਮਈ ਸੁਹਜਤਾ ਦਾ ਅਲੌਕਿਕ ਅਤੇ ਰੂਹਾਨੀ ਪ੍ਰਕਾਸ਼ ਦਾ ਆਨੰਦ ਭਰਪੂਰ ਅਲੌਕਿਕ ਨਜ਼ਾਰਾ ਪੇਸ਼ ਕਰਦੇ ਹਨ। ਬਾਬਾ ਜੀ ਨੇ ਜ਼ੋਰ ਦਿੰਦਿਆਂ ਸਮਝਾਇਆ ਕਿ ਸੰਤਾਂ-ਭਗਤਾਂ ਅਤੇ ਬ੍ਰਹਮ ਗਿਆਨੀਆਂ ਦੀ ਮਲਕੀਅਤ ਪ੍ਰੇਮ ਭਗਤੀ, ਸਤ-ਸੰਤੋਖ, ਗਿਆਨ ਅਤੇ ਸਹਿਜਤਾ ਹੁੰਦੀ ਹੈ। ਅਕਾਲ ਪੁਰਖ ਦੇ ਪਰਮ ਭਗਤ ਧੰਨਾ ਇੰਨਾਂ ਸਾਰੇ ਗੁਣਾਂ ਨਾਲ ਭਰਪੂਰ ਸਨ। ਉਨ੍ਹਾਂ ਦੱਸਿਆ ਕਿ ਭਗਤ ਜੀ ਅੰਦਰ ਆਪ ਜੀ ਦੇ ਸ਼ਬਦਾਂ ਵਿਚ ਮਿਲਾਪ ਦੀ ਗੂੜੀ ਅਭੇਦਤਾ ਅਤੇ ਪਿਆਰ ਦੇ ਦਰਸ਼ਨ ਕੀਤੇ ਜਾ ਸਕਦੇ ਹਨ। ਆਪ ਜੀ ਦੁਆਰਾ ਰਚੇ ਸ਼ਬਦਾਂ ਵਿਚ ਅਕਾਲ ਪੁਰਖ ਨਾਲ ਸੱਚੇ ਡੂੰਘੇ ਪਿਆਰ ਅਤੇ ਭੇਤਾ ਦਾ ਬੰਨਣ ਮਿਲਦਾ ਹੈ। ਇਸ ਮੌਕੇ ਗੁਰੂ ਕਾ ਲੰਗਰ ਅਤੁੱਟ ਵਰਤਿਆ।