ਬੈਨੀਪਾਲ ਭੈਣਾਂ ਨੇ ਮਾਊਂਟ ਕੀਲੀਮਨਜ਼ਾਰੋ (ਉਰੂ ਪੀਕ) ਨੂੰ ਸਰ ਕਰ ਕੇ ਸਿੱਖ ਕੌਮ ਦਾ ਨਾਮ ਕੀਤਾ ਰੋਸ਼ਨ
ਬੈਨੀਪਾਲ ਭੈਣਾਂ ਨੇ ਮਾਊਂਟ ਕੀਲੀਮਨਜ਼ਾਰੋ (ਉਰੂ ਪੀਕ) ਨੂੰ ਸਰ ਕਰਕੇ ਸਿੱਖ ਕੌਮ ਦਾ ਨਾਮ ਕੀਤਾ ਰੋਸ਼ਨ
Publish Date: Thu, 19 Mar 2026 10:30 PM (IST)
Updated Date: Fri, 20 Mar 2026 04:16 AM (IST)

ਫੋਟੋ- 30 ਸਤਵਿੰਦਰ ਸ਼ਰਮਾ, ਪੰਜਾਬੀ ਜਾਗਰਣ ਲੁਧਿਆਣਾ : ਬੇਸ਼ੱਕ ਪੰਜਾਬ ਦੀਆਂ ਜੰਮੀਆਂ ਸ਼ੇਰ ਬੱਚੀਆਂ ਹਰਸ਼ਦੀਪ ਕੌਰ ਬੈਨੀਪਾਲ ਤੇ ਰੂਪਲੀਨ ਕੌਰ ਬੈਨੀਪਾਲ ਸੱਤ ਸਮੁੰਦਰੋਂ ਪਾਰ ਅਮਰੀਕਾ ਦੀ ਧਰਤੀ ਵਿੱਚ ਰਹਿ ਰਹੀਆਂ ਹਨ। ਪਰ ਵਿਰਸੇ ਵਿੱਚੋਂ ਮਿਲੀ ਸਿਰੜੀ ਗੁੜਤੀ ਦੇ ਸਦਕਾ ਅੱਜ ਉਹ ਸੰਸਾਰ ਵਿੱਚ ਇੱਕ ਸਫਲ ਸਿੱਖ ਪਰਬਤਾਰੋਹੀਆਂ ਦੇ ਰੂਪ ਵੱਜੋਂ ਸਿੱਖੀ ਤੇ ਪੰਜਾਬੀਅਤ ਦੇ ਪਰਚੰਮ ਨੂੰ ਬੁਲੰਦ ਕਰ ਰਹੀਆਂ ਹਨ। ਜੋ ਕਿ ਸਮੁੱਚੇ ਪੰਜਾਬੀ ਭਾਈਚਾਰੇ ਲਈ ਵੱਡੇ ਮਾਣ ਵਾਲੀ ਗੱਲ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪੰਜਾਬੀ ਵਿਕਾਸ ਮੰਚ ਦੇ ਪ੍ਰਧਾਨ ਜਤਿੰਦਰਪਾਲ ਸਿੰਘ ਸਲੂਜਾ, ਪੰਜਾਬੀ ਵਿਰਸਾ ਫਾਊਡੇਸ਼ਨ ਦੇ ਪ੍ਰਧਾਨ ਰਣਜੀਤ ਸਿੰਘ ਖਾਲਸਾ, ਨਿਸ਼ਾਨ ਸਪੋਰਟਸ ਵੈਲਫ਼ੇਅਰ ਐਸੋਸੀਏਸ਼ਨ ਦੇ ਪ੍ਰਧਾਨ ਮੈਡਮ ਸੋਨੀਆ ਅਲੱਗ ਅਤੇ ਪ੍ਰਮੁੱਖ ਸਮਾਜ ਸੇਵਿਕਾ ਮੈਡਮ ਪੁਨੀਤ ਨੇ ਅੱਜ ਸਾਂਝੇ ਰੂਪ ਵਿੱਚ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਦੁੱਗਰੀ ਦੇ ਮੁੱਖ ਸੇਵਾਦਾਰ ਕੁਲਵਿੰਦਰ ਸਿੰਘ ਬੈਨੀਪਾਲ ਦੀਆਂ ਅਮਰੀਕਾ ਤੋਂ ਆਈਆਂ ਹੋਣਹਾਰ ਸਪੁੱਤਰੀਆਂ ਹਰਸ਼ਦੀਪ ਕੌਰ ਬੈਨੀਪਾਲ ਤੇ ਰੂਪਲੀਨ ਕੌਰ ਬੈਨੀਪਾਲ ਦਾ ਉਨ੍ਹਾਂ ਦੀ ਪ੍ਰਾਪਤੀ ਲਈ ਵਿਸ਼ੇਸ਼ ਸਨਮਾਨ ਕਰਦੇ ਹੋਏ ਕੀਤਾ। ਇਸ ਦੌਰਾਨ ਰਣਜੀਤ ਸਿੰਘ ਖਾਲਸਾ, ਜਤਿੰਦਰਪਾਲ ਸਿੰਘ ਸਲੂਜਾ ਨੇ ਕਿਹਾ ਕਿ ਮਨ ਵਿੱਚ ਕੁੱਝ ਨਵਾਂ ਕਰ ਗੁਜ਼ਰਨ ਦੀ ਚਾਹਤ, ਘਰ ਵਾਲਿਆਂ ਦਾ ਸਹਿਯੋਗ ਅਤੇ ਅਕਾਲ ਪੁਰਖ ਦੀ ਬਖਸ਼ੀਸ਼ ਹੋਵੇ ਤਾਂ ਵੱਡੀ ਤੋਂ ਵੱਡੀ ਕਾਮਯਾਬੀ ਪ੍ਰਾਪਤ ਕੀਤੀ ਜਾ ਸਕਦੀ ਹੈ, ਇਨ੍ਹਾਂ ਬੇਟੀਆਂ ਨੇ ਇਸ ਨੂੰ ਸੱਚ ਸਾਬਤ ਕਰ ਵਿਖਾਇਆ ਹੈ। ਪੰਜਾਬ ਦੀਆਂ ਜੰਮਪਲ ਸਿੱਖ ਪਰਿਵਾਰ ਦੀਆਂ ਦੋ ਸਕੀਆਂ ਭੈਣਾਂ ਹਰਸ਼ਦੀਪ ਕੌਰ ਬੈਨੀਪਾਲ ਤੇ ਰੂਪਲੀਨ ਕੌਰ ਬੈਨੀਪਾਲ ਆਪਣੀ ਪ੍ਰਾਪਤੀ ਲਈ ਮੌਜੂਦਾ ਸਮੇਂ ਦੀ ਨੌਜਵਾਨ ਪੀੜ੍ਹੀ ਲਈ ਇੱਕ ਰੋਲ ਮਾਡਲ ਬਣ ਗਈਆਂ ਹਨ। ਇਸ ਮੌਕੇ ਆਪਣੀਆਂ ਦੋਵੇ ਸ਼ੇਰ ਬੱਚੀਆਂ ਦੀ ਵੱਡੀ ਪ੍ਰਾਪਤੀ ਸਬੰਧੀ ਖੁਸ਼ੀ ਦਾ ਇਜ਼ਹਾਰ ਕਰਦਿਆਂ ਕੁਲਵਿੰਦਰ ਸਿੰਘ ਬੈਨੀਪਾਲ ਨੇ ਦੱਸਿਆ ਕਿ ਗੁਰੂ ਨਾਨਕ ਪਬਲਿਕ ਸਕੂਲ ਸਰਾਭਾ ਨਗਰ ਤੋਂ ਮੁੱਢਲੀ ਸਿੱਖਿਆ ਪ੍ਰਾਪਤ ਕਰਕੇ ਉੱਚ ਸਿੱਖਿਆ ਲਈ ਸੇਨਫ੍ਰਾਂਸਿਸਕੋ (ਅਮਰੀਕਾ) ਵਿੱਚ ਰਹਿ ਰਹੀਆਂ ਉਨਾਂ ਦੀਆਂ ਦੋਵੇ ਬੱਚੀਆਂ ਬਚਪਨ ਤੋ ਹੀ ਪੜ੍ਹਾਈ ਵਿੱਚ ਕਾਫੀ ਹੁਸ਼ਿਆਰ ਸਨ, ਖਾਸ ਕਰਕੇ ਦੋਵੇਂ ਬੱਚੀਆਂ ਨੂੰ ਟਰੈਕਰ ਅਤੇ ਪਰਬਤਾਰੋਹੀ ਬਣਨ ਦਾ ਬਹੁਤ ਸ਼ੌਕ ਸੀ। ਆਪਣੇ ਇਸ ਵੱਡੇ ਸ਼ੌਕ ਦੀ ਪੂਰਤੀ ਲਈ ਬੁਲੰਦ ਹੌਸਲੇ ਵਾਲੀਆਂ ਦੋਵੇ ਬੱਚੀਆਂ ਨੇ ਉੱਚ ਕੋਟੀ ਦੀਆਂ ਪਰਬਤਾਰੋਹੀ ਬਣਨ ਵਾਸਤੇ ਬੜੀ ਸਖਤ ਮਿਹਨਤ ਤੇ ਸਿਖਲਾਈ ਪ੍ਰਾਪਤ ਕੀਤੀ ਅਤੇ ਇਹ ਸਾਰੀ ਸਿਖਲਾਈ ਬਿਨ੍ਹਾਂ ਕਿਸੇ ਟ੍ਰੇਨਰ ਤੋਂ ਉਨ੍ਹਾਂ ਨੇ ਆਪਣੀ ਪੜ੍ਹਾਈ ਦੇ ਨਾਲ-ਨਾਲ ਆਨ ਲਾਇਨ ਇੰਟਰਨੈੱਟ ਰਾਹੀਂ ਲਈ। ਉਨ੍ਹਾਂ ਦੱਸਿਆ ਕਿ ਦੁਨੀਆਂ ਦੀ ਸਭ ਤੋ ਵੱਡੀ ਚੋਟੀ ਮਾਊਟ ਐਵਰੈਸਟ ਦੇ ਬੇਸ ਕੈਂਪ ਤੱਕ ਜਾਣ ਵਾਲੀਆਂ ਤੇ ਨਾਰਥ ਅਮਰੀਕਾ ਦੀ ਪਰਬਤ ਚੋਟੀ ਗਰੇਅ ਸਪੀਕ ਨੂੰ ਸਰ ਕਰਨ ਵਾਲੀਆਂ ਉਨ੍ਹਾਂ ਦੀਆਂ ਦੋਵੇ ਬੇਟੀਆਂ ਪੁੱਤਰਾਂ ਦੇ ਵਾਂਗ ਹਨ। ਜਿਨ੍ਹਾਂ ਨੇ ਆਪਣੀ ਹਿੰਮਤ, ਦਲੇਰੀ ਅਤੇ ਬੁਲੰਦ ਹੋਸਲੇ ਨਾਲ ਮਾਊਂਟ ਕੀਲੀਮਨਜ਼ਾਰੋ (ਉਰੂ ਪੀਕ) ਦੀ ਚੋਟੀ ਨੂੰ ਸਰ ਕਰਕੇ ਸਮੁੱਚੇ ਬੈਨੀਪਾਲ ਪਰਿਵਾਰ, ਦੇਸ਼ ਤੇ ਕੌਮ ਦਾ ਨਾਮ ਰੌਸ਼ਨ ਕੀਤਾ ਹੈ। ਬੈਨੀਪਾਲ ਬੇਟੀਆਂ ਦੀ ਮਾਤਾ ਕਰਮਜੀਤ ਕੌਰ ਬੈਨੀਪਾਲ ਨੇ ਆਪਣੀਆਂ ਬੱਚੀਆਂ ਦੀ ਵੱਡੀ ਸਫਲਤਾ ਤੇ ਖੁਸ਼ੀ ਦਾ ਇਜ਼ਹਾਰ ਕਰਦਿਆਂ ਕਿਹਾ ਕਿ ਬੇਸ਼ੱਕ ਪੰਜਾਬ ਦੀਆਂ ਜੰਮੀਆਂ ਸ਼ੇਰ ਬੱਚੀਆਂ ਸਾਡੇ ਤੋਂ ਦੂਰ ਅਮਰੀਕਾ ਵਿੱਚ ਰਹਿ ਰਹੀਆਂ ਹਨ। ਪਰ ਵਿਰਸੇ ਵਿੱਚੋਂ ਮਿਲੀ ਗੁੜਤੀ ਦੇ ਸਦਕਾ ਅੱਜ ਉਹ ਸੰਸਾਰ ਵਿੱਚ ਸਫਲ ਸਿੱਖ ਪਰਬਤਾਰੋਹੀਆਂ ਦੇ ਰੂਪ ਵੱਜੋਂ ਸਿੱਖੀ ਦੇ ਪਰਚੰਮ ਨੂੰ ਬੁਲੰਦ ਕਰ ਰਹੀਆਂ ਹਨ। ਜਿੰਨ੍ਹਾਂ ਦੇ ਉਪਰ ਸਮੁੱਚੇ ਬੈਨੀਪਾਲ ਪਰਿਵਾਰ ਨੂੰ ਨਾਜ਼ ਹੈ। ਦੱਸਣਾ ਬਣਦਾ ਹੈ ਕਿ ਹਰਸ਼ਦੀਪ ਕੌਰ ਬੈਨੀਪਾਲ ਤੇ ਰੂਪਲੀਨ ਕੌਰ ਬੈਨੀਪਾਲ ਨੇ ਅਫਰੀਕਨ ਦੇਸ਼ ਤਨਜ਼ਾਨੀਆ ਵਿਖੇ ਸਥਿਤ ਮਾਊਂਟ ਕੀਲੀਮਨਜ਼ਾਰੋ ਉਰੂ ਪੀਕ ਜਿਸ ਦੀ ਮੀਟਰ ਵਿੱਚ ਉੱਚਾਈ 5,895 ਅਤੇ ਫੁੱਟਾਂ ਵਿੱਚ 19,340 ਹੈ, ਚੋਟੀ ਨੂੰ ਸਰ ਕੀਤਾ।