ਬੈਂਕ ਨਾਲ 6 ਲੱਖ ਦੀ ਧੋਖਾਧੜੀ, ਕੇਸ ਦਰਜ
ਲੁਧਿਆਣਾ ਵਿੱਚ ਬੈਂਕ ਨਾਲ ਕੀਤੀ ਧੋਖਾਧੜੀ, ਫੋਰੈਕਸ ਟਰੇਡਿੰਗ ਕਰਨ ਲਈ ਖਾਤਾ ਖੋਲ੍ਹ ਕੇ 6 ਲੱਖ ਕੀਤੇ ਗਾਇਬ
Publish Date: Wed, 22 Apr 2026 08:45 PM (IST)
Updated Date: Thu, 23 Apr 2026 04:10 AM (IST)
ਕ੍ਰਾਈਮ ਰਿਪੋਰਟਰ, ਪੰਜਾਬੀ ਜਾਗਰਣ, ਲੁਧਿਆਣਾ
ਸਨਅਤੀ ਸ਼ਹਿਰ ਲੁਧਿਆਣਾ ਦੇ ਮਿਲਰਗੰਜ ਇਲਾਕੇ ਵਿੱਚ ਬੈਂਕ ਨਾਲ ਇਕ ਧੋਖਾਧੜੀ ਦਾ ਮਾਮਲਾ ਸਾਹਮਣੇ ਆਇਆ। ਜਿੱਥੇ ਫੋਰੈਕਸ ਟ੍ਰੇਡਿੰਗ ਦੇ ਨਾਂ ’ਤੇ ਬੈਂਕ ਨਾਲ ਧੋਖਾਧੜੀ ਕਰਦੇ ਹੋਏ ਲੱਖਾਂ ਰੁਪਏ ਦੀ ਹੇਰਾ-ਫੇਰੀ ਕੀਤੀ ਗਈ। ਇਸ ਸਬੰਧੀ ਡਵੀਜ਼ਨ-6 ਦੀ ਪੁਲਿਸ ਨੇ ਬੀਐੱਨਐੱਸ ਦੀ ਧਾਰਾ 316(2) ਤਹਿਤ ਕੇਸ ਦਰਜ ਕਰ ਲਿਆ ਹੈ।
ਪੁਲਿਸ ਨੂੰ ਦਿੱਤੀ ਗਈ ਸ਼ਿਕਾਇਤ ਵਿੱਚ ਬਰਿੰਦਰ ਅਰੋੜਾ, ਜੋ ਕਿ ਆਰਬੀਐਲ ਬੈਂਕ ਮਿਲਰਗੰਜ ਸ਼ਾਖਾ ਵਿੱਚ ਏਰੀਆ ਹੈਡ ਪ੍ਰੀਮੀਅਮ ਕਰੰਟ ਅਕਾਊਂਟੈਂਟ ਦੇ ਤੌਰ ’ਤੇ ਤਾਇਨਾਤ ਹਨ, ਨੇ ਦੱਸਿਆ ਕਿ ਮੁਲਜ਼ਮਾਂ ਵੱਲੋਂ ਬੈਂਕ ਨਾਲ ਧੋਖਾਧੜੀ ਕਰਨ ਲਈ ਸੋਚ-ਸਮਝ ਕੇ ਯੋਜਨਾ ਬਣਾਈ ਗਈ। ਉਨ੍ਹਾਂ ਦੱਸਿਆ ਕਿ ਦੋਸ਼ੀ ਨੇ ਫੋਰੈਕਸ ਟ੍ਰੇਡਿੰਗ ਕਰਨ ਦੇ ਨਾਂ ’ਤੇ ਬੈਂਕ ਵਿੱਚ ਖਾਤਾ ਖੋਲ੍ਹਵਾਇਆ ਸੀ, ਜਿਸ ਵਿੱਚ ਬਾਅਦ ’ਚ ਘਾਟਾ ਦਰਸਾਇਆ।
ਜਾਂਚ ਦੌਰਾਨ ਸਾਹਮਣੇ ਆਇਆ ਕਿ ਬੈਂਕ ਵੱਲੋਂ ਆਪਣੀ ਬਕਾਇਆ ਰਕਮ 10,44,425 ਰੁਪਏ ਦੀ ਵਸੂਲੀ ਲਈ ਸੰਬੰਧਤ ਖਾਤੇ ’ਤੇ ‘ਸੀ ਸ਼ੈਡੋ ਸ਼ਿਪਿੰਗ’ ਦੇ ਨਾਮ ’ਤੇ ਹੋਲਡ ਲਗਾਇਆ ਗਿਆ ਸੀ। ਪਰ 18 ਅਗਸਤ 2025 ਨੂੰ ਇਹ ਹੋਲਡ ਹਟਾਇਆ ਗਿਆ, ਜਿਸ ਦਾ ਫਾਇਦਾ ਚੁੱਕਦੇ ਹੋਏ ਦੋਸ਼ੀ ਨੇ ਧੋਖੇ ਨਾਲ 6 ਲੱਖ ਰੁਪਏ ਤੁਰੰਤ ਦੋ ਵੱਖ-ਵੱਖ ਲੈਣ-ਦੇਣਾਂ ਰਾਹੀਂ ਆਪਣੇ ਆਈਡੀਐਫਸੀ ਬੈਂਕ ਦੇ ਖਾਤੇ ਵਿੱਚ ਟ੍ਰਾਂਸਫਰ ਕਰ ਲਏ।
ਇਹ ਖਾਤਾ ਸੈਕਟਰ-32 ਚੰਡੀਗੜ੍ਹ, ਲੁਧਿਆਣਾ ਸ਼ਾਖਾ ਵਿੱਚ ਖੋਲ੍ਹਿਆ ਗਿਆ ਸੀ। ਇਸ ਤਰ੍ਹਾਂ ਦੋਸ਼ੀ ਨੇ ਬੈਂਕ ਦੀ ਸੁਰੱਖਿਆ ਪ੍ਰਕਿਰਿਆਵਾਂ ਦਾ ਗਲਤ ਫਾਇਦਾ ਚੁੱਕਦਿਆਂ ਵੱਡੀ ਰਕਮ ਦੀ ਹੇਰਾਫੇਰੀ ਕੀਤੀ ਅਤੇ ਬੈਂਕ ਨੂੰ ਆਰਥਿਕ ਨੁਕਸਾਨ ਪਹੁੰਚਾਇਆ। ਪੜਤਾਲ ਤੋਂ ਬਾਅਦ ਪੁਲਿਸ ਨੇ ਮਾਡਲ ਟਾਊਨ ਸਾਹਨੇਵਾਲ ਦੀ ਰਹਿਣ ਵਾਲੀ ਪ੍ਰੀਤੀ ਦਾ ਨਾਮ ਸਾਹਮਣੇ ਆਇਆ। ਇਸ ਕੇਸ ਵਿੱਚ ਥਾਣਾ ਡਿਵੀਜ਼ਨ ਨੰਬਰ 6 ਦੀ ਪੁਲਿਸ ਨੇ ਪ੍ਰੀਤੀ ਦੇ ਖ਼ਿਲਾਫ਼ ਐੱਫਆਈਆਰ ਦਰਜ ਕਰ ਲਈ ਹੈ। ਥਾਣਾ-6 ਦੀ ਪੁਲਿਸ ਨੇ ਦੱਸਿਆ ਕਿ ਮਾਮਲੇ ਦੀ ਡੂੰਘਾਈ ਨਾਲ ਜਾਂਚ ਜਾਰੀ ਹੈ। ਬੈਂਕਿੰਗ ਪ੍ਰਣਾਲੀ ਨਾਲ ਸਬੰਧਿਤ ਇਸ ਤਰ੍ਹਾਂ ਦੇ ਮਾਮਲੇ ਲੋਕਾਂ ਲਈ ਵੀ ਚੇਤਾਵਨੀ ਹਨ ਕਿ ਕਿਸੇ ਵੀ ਆਰਥਿਕ ਲੈਣ-ਦੇਣ ਦੌਰਾਨ ਪੂਰੀ ਸਾਵਧਾਨੀ ਵਰਤੀ ਜਾਵੇ। ਇਸ ਮਾਮਲੇ ਦੀ ਜਾਂਚ ਅਧਿਕਾਰੀ ਏਐੱਸਆਈ ਪਿਆਰ ਸਿੰਘ ਵੱਲੋਂ ਕੀਤੀ ਜਾ ਰਹੀ ਹੈ, ਜੋ ਕਿ ਸਾਰੇ ਸਬੂਤ ਇਕੱਠੇ ਕਰਕੇ ਦੋਸ਼ੀਆਂ ਖ਼ਿਲਾਫ਼ ਮਜ਼ਬੂਤ ਕੇਸ ਤਿਆਰ ਕਰਨ ਵਿੱਚ ਜੁਟੇ ਹੋਏ ਹਨ।