ਕੈਂਥ ਦੇ ਕਾਵਿ ਸੰਗ੍ਰਹਿ ‘ਹੁਣ ਵਾਪਸੀ ਨਹੀਂ’ ਲੋਕ ਅਰਪਣ
ਹਿੱਸੋਵਾਲ ’ਚ ਬਲਦੇਵ ਕੈਂਥ ਦੇ ਕਾਵਿ ਸੰਗ੍ਰਹਿ ‘ਹੁਣ ਵਾਪਸੀ ਨਹੀਂ’ ਲੋਕ ਅਰਪਣ
Publish Date: Tue, 20 Jan 2026 07:19 PM (IST)
Updated Date: Wed, 21 Jan 2026 04:16 AM (IST)

ਅਮਰਜੀਤ ਸਿੰਘ ਅਕਾਲਗੜ੍ਹ, ਪੰਜਾਬੀ ਜਾਗਰਣ, ਗੁਰੂਸਰ ਸੁਧਾਰ : ਪਿੰਡ ਹਿੱਸੋਵਾਲ ਵਿੱਚ ਸ਼ਾਇਰ ਬਲਦੇਵ ਕੈਂਥ ਹਿੱਸੋਵਾਲ ਦੀਆਂ ਚੋਣਵੀਆਂ ਕਵਿਤਾਵਾਂ ਨੂੰ ਸੰਗ੍ਰਹਿ ਰੂਪ ’ਚ ਪ੍ਰਕਾਸ਼ਿਤ ਕੀਤੇ ਗਏ ਕਾਵਿ-ਸੰਗ੍ਰਹਿ ਹੁਣ ਵਾਪਸੀ ਨਹੀਂ ਲੋਕ ਅਰਪਣ ਕੀਤੀ ਗਈ। ਇਸ ਮੌਕੇ ਕਰਵਾਏ ਗਏ ਸਮਾਰੋਹ ਦੀ ਸ਼ੁਰੂਆਤ ਬਾਲ ਕਲਾਕਾਰ ਜੁਗਰਾਜ ਹਿੱਸੋਵਾਲ ਨੇ ਸੰਤ ਰਾਮ ਉਦਾਸੀ ਦੇ ਇਨਕਲਾਬੀ ਗੀਤ ‘ਕੰਮੀਆਂ ਦੇ ਵਿਹੜੇ’ ਨੂੰ ਸੁਰੀਲੇ ਢੰਗ ਨਾਲ ਪੇਸ਼ ਕਰਕੇ ਕੀਤੀ। ਮੁੱਖ ਮਹਿਮਾਨ ਵਜੋਂ ਸਵੀਡਨ ਤੋਂ ਆਏ ਹਰਨੇਕ ਸਿੰਘ ਤੱਖਰ ਸ਼ਾਮਲ ਹੋਏ, ਜਦਕਿ ਪ੍ਰਧਾਨਗੀ ਡਾ. ਗੁਰਇਕਬਾਲ ਸਿੰਘ, ਹਰਕੇਸ਼ ਚੌਧਰੀ, ਤਰਲੋਚਨ ਲੋਚੀ, ਮਾਸਟਰ ਅਵਤਾਰ ਸਿੰਘ ਨੇ ਕੀਤੀ। ਸੈਕਟਰੀ ਸ਼ਿੰਗਾਰਾ ਸਿੰਘ ਅਤੇ ਬਲਕੌਰ ਸਿੰਘ ਗਿੱਲ ਵੀ ਪ੍ਰਧਾਨਗੀ ਮੰਡਲ ਵਿੱਚ ਸ਼ਾਮਲ ਸਨ।ਪ੍ਰਧਾਨਗੀ ਮੰਡਲ ਵੱਲੋਂ ਕਿਤਾਬ ਦੀ ਘੁੰਡ ਚੁਕਾਈ ਕੀਤੀ ਗਈ। ਬੁੱਧ ਸਿੰਘ ਨੀਲੋਂ ਨੇ ਕਿਹਾ ਕਿ ਜਗਤਾਰ ਸਿੰਘ ਹਿੱਸੋਵਾਲ ਨੇ ਮਰਹੂਮ ਸ਼ਾਇਰ ਦੀਆਂ ਰਚਨਾਵਾਂ ਨੂੰ ਲੱਭ ਕੇ ਇਕੱਠਾ ਕਰਨ, ਸੰਭਾਲਣ ਅਤੇ ਵੱਖ-ਵੱਖ ਵਿਦਵਾਨਾਂ ਦੀ ਰਾਏ ਨਾਲ ਪੁਸਤਕ ਰੂਪ ਵਿੱਚ ਪੰਜਾਬੀ ਸਾਹਿਤ ਨੂੰ ਸੌਂਪ ਕੇ ਬਲਦੇਵ ਕੈਂਥ ਨੂੰ ਮੁੜ ਜਿਉਂਦਾ ਕਰ ਦਿੱਤਾ ਹੈ।ਬਲਕੌਰ ਸਿੰਘ ਗਿੱਲ ਨੇ ਦੱਸਿਆ ਕਿ ਬਲਦੇਵ ਕੈਂਥ ਆਕਾਸ਼ਵਾਣੀ ਜਲੰਧਰ ਤੋਂ ਕਹਾਣੀਆਂ ਸੁਣਾਉਂਦੇ ਸਨ, ਨਾਟਕ ਲਿਖਦੇ ਸਨ ਅਤੇ ਉਨ੍ਹਾਂ ਦੀ ਇੱਛਾ ਸੀ ਕਿ ਉਨ੍ਹਾਂ ਦੇ ਨਾਟਕਾਂ ਦਾ ਫਿਲਮਾਂਕਣ ਹੋਵੇ। ਹਾਲਾਂਕਿ ਇਹ ਸੰਭਵ ਨਾ ਹੋ ਸਕਿਆ ਪਰ ਉਨ੍ਹਾਂ ਨੇ ਪੰਜਾਬੀ ਸਾਹਿਤ ਵਿੱਚ ਅਮੂਲ ਰਚਨਾਵਾਂ ਦੇ ਕੇ ਪਿੰਡ ਹਿੱਸੋਵਾਲ ਨੂੰ ਮਾਣ ਦਿੱਤਾ ਹੈ। ਮਹਿੰਦਰ ਸਿੰਘ ਤੱਖਰ ਨੇ ਕਿਹਾ ਕਿ ਬਲਦੇਵ ਦੀ ਕਵਿਤਾ ਵਿੱਚ ਜਜ਼ਬਾਤਾਂ ਦਾ ਹੜ੍ਹ ਰਚਨਾ ਨੂੰ ਰਵਾਨਗੀ ਦਿੰਦਾ ਹੈ। ਅਮਨਦੀਪ ਦਰਦੀ ਨੇ ਕਿਹਾ ਕਿ ਬਲਦੇਵ ਦੀ ਕਵਿਤਾ ਵਿੱਚ ਮੁਹੱਬਤ ਦਾ ਖੂਬਸੂਰਤ ਅਹਿਸਾਸ ਨਾਲ-ਨਾਲ ਮਾਨਵਵਾਦੀ ਦ੍ਰਿਸ਼ਟੀਕੋਣ ਅਤੇ ਦੇਸ਼ ਪ੍ਰੇਮ ਵੀ ਡੁੱਲ੍ਹਦਾ ਹੈ। ਸ਼ਾਇਰ ਤਰਲੋਚਨ ਲੋਚੀ ਨੇ ਆਪਣੇ ਸੁਰੀਲੇ ਗੀਤ ‘ਲੋਕੀ ਕਹਿਣ ਬੁਲਾਵਾਂ ਹੁੰਦੀਆਂ, ਕੁੜੀਆਂ ਤਾਂ ਕਵਿਤਾਵਾਂ ਹੁੰਦੀਆਂ’ ਨਾਲ ਸਮਾਗਮ ਨੂੰ ਸਿਖਰਾਂ ਤੇ ਪਹੁੰਚਾ ਦਿੱਤਾ। ਮੰਚ ਸੰਚਾਲਨ ਨੈਸ਼ਨਲ ਐਵਾਰਡੀ ਕਰਮਜੀਤ ਸਿੰਘ ਗਰੇਵਾਲ ਨੇ ਬਹੁਤ ਖੂਬਸੂਰਤ ਅੰਦਾਜ਼ ਵਿੱਚ ਨਿਭਾਇਆ। ਸੰਪਾਦਕ ਜਗਤਾਰ ਸਿੰਘ ਹਿੱਸੋਵਾਲ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਬਲਦੇਵ ਉਨ੍ਹਾਂ ਦੇ ਉਸਤਾਦ ਅਤੇ ਮਿੱਤਰ ਸਨ। ਭਰ ਜੁਆਨੀ ਵਿੱਚ ਵਿਛੋੜਾ ਦੇਣ ਵਾਲੇ ਬਲਦੇਵ ਨੇ ਸ਼ਾਇਦ ਉਨ੍ਹਾਂ ਵਿੱਚ ਕਲਾ ਦਾ ਬੀਜ ਬੀਜਿਆ ਸੀ, ਜੋ ਅੱਜ ਫੁੱਲ ਰਿਹਾ ਹੈ। ਗਾਇਕ ਹਰਦੇਵ ਟੂਸੇ ਨੇ ਕਿਤਾਬ ਵਿੱਚੋਂ ਕਵਿਤਾ ਪੇਸ਼ ਕੀਤੀ।ਕਵੀ ਦਰਬਾਰ ਵਿੱਚ ਗਾਇਕ ਹਰਦੀਪ ਟੂਸੇ, ਅਮਰਜੀਤ ਸ਼ੇਰਪੁਰੀ, ਕੇ ਸਾਧੂ ਸਿੰਘ, ਬਲਵੀਰ ਮਾਨ, ਦਰਸ਼ਨ ਬੋਪਾਰਾਏ, ਰੂਪ ਸਿੰਘ ਰੂਪ, ਭਰਪੂਰ ਸਿੰਘ ਹਿੱਸੋਵਾਲ, ਦਲਵੀਰ ਤੱਖਰ, ਸੁਖਵਿੰਦਰ ਸਿੰਘ ਮੁੱਲਾਪੁਰੀ, ਬਲਵੀਰ ਮਾਨ,ਕਰਮਜੀਤ ਸਿੰਘ ਕੈਂਥ, ਮਨਵੀਰ ਧੀਮਾਨ, ਗੁਰਦੀਪ, ਭਜਨ ਸਿੰਘ ਹਿੱਸੋਵਾਲ, ਦਲਵੀਰ ਤੱਖਰ, ਮਨਜੀਤ ਸਿੰਘ ਢਾਡੀ, ਜਸਕਰਨ ਸਿੰਘ ਆਰਿਫ਼, ਕੁਲਦੀਪ ਸਿੰਘ ਲੋਹਟ, ਇਕਬਾਲ ਪੁੜੈਣ, ਧਰਮਿੰਦਰ ਸਿੰਘ ਮੁੱਲਾਂਪੁਰੀ ਨੇ ਵੀ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ। ਇਸ ਮੌਕੇ ਸਾਧੂ ਸਿੰਘ ਦਿਲਸ਼ਾਦ, ਹਰਦੀਪ ਸਿੰਘ ਦੀਪਾ, ਲਵੀ ਹਿੱਸੋਵਾਲ, ਦੀਦਾਰ ਸਿੰਘ, ਕਾਮਰੇਡ ਪ੍ਰਕਾਸ਼ ਸਿੰਘ, ਗੁਰਦੇਵ ਸਿੰਘ, ਮਾਸਟਰ ਅਵਤਾਰ ਸਿੰਘ ਕਾਲਾ, ਬਲਜਿੰਦਰ ਸਿੰਘ ਸੁਧਾਰ, ਰੋਬਿਨ ਚੀਮਾ, ਬੂਟਾ ਸਿੰਘ ਸਾਇਆਂ, ਵਿਜੈ ਕੁਮਾਰ ਹਾਜ਼ਰ ਸਨ।