ਕਾਂਗਰਸ ਦੇ ਨਵਨਿਯੁਕਤ ਅਹੁਦੇਦਾਰਾਂ ਦਾ ਬੈਂਸ ਵੱਲੋਂ ਸਨਮਾਨ
ਹਲਕਾ ਲੁਧਿਆਣਾ ਦੱਖਣੀ ਵਿੱਚ ਕਾਂਗਰਸ ਪਾਰਟੀ ਦੇ ਨਵ ਨਿਯੁਕਤ ਅਹੁਦੇਦਾਰਾਂ ਦਾ ਬੈਂਸ ਵੱਲੋਂ ਸਨਮਾਨ
Publish Date: Wed, 22 Apr 2026 07:16 PM (IST)
Updated Date: Thu, 23 Apr 2026 04:07 AM (IST)
-ਕਿਹਾ, ਕਾਂਗਰਸ ’ਚ ਮਿਹਨਤੀ ਵਰਕਰਾਂ ਦਾ ਹਮੇਸ਼ਾ ਹੋਵੇਗਾ ਮਾਣ ਸਤਿਕਾਰ
ਪੁਨੀਤ ਬਾਵਾ, ਪੰਜਾਬੀ ਜਾਗਰਣ ਲੁਧਿਆਣਾ
ਹਲਕਾ ਲੁਧਿਆਣਾ ਦੱਖਣੀ ਵਿੱਚ ਪਾਰਟੀ ਦੀ ਮਜ਼ਬੂਤੀ ਲਈ ਅਹਿਮ ਕਦਮ ਚੁੱਕਦਿਆਂ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਤੇ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਵੱਲੋਂ ਅੱਜ ਨਵ-ਨਿਯੁਕਤ ਅਹੁਦੇਦਾਰਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਪਾਰਟੀ ਹਾਈਕਮਾਂਡ ਵੱਲੋਂ ਹਲਕਾ ਦੱਖਣੀ ਦੇ ਬਲਾਕ-1 ਲਈ ਬਲਜੀਤ ਸਿੰਘ ਗਿਆਸਪੁਰਾ ਅਤੇ ਬਲਾਕ-2 ਲਈ ਦਵਿੰਦਰ ਸਿੰਘ ਬਾਂਸਲ ਨੂੰ ਪ੍ਰਧਾਨ ਨਿਯੁਕਤ ਕੀਤੇ ਜਾਣ ’ਤੇ ਬੈਂਸ ਨੇ ਉਨ੍ਹਾਂ ਦਾ ਮੂੰਹ ਮਿੱਠਾ ਕਰਵਾਇਆ ਅਤੇ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ। ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਸਾਬਕਾ ਵਿਧਾਇਕ ਬੈਂਸ ਨੇ ਕਿਹਾ ਕਿ ਪਾਰਟੀ ਨੂੰ ਜ਼ਮੀਨੀ ਪੱਧਰ 'ਤੇ ਮਜ਼ਬੂਤ ਕਰਨ ਲਈ ਮਿਹਨਤੀ ਅਤੇ ਇਮਾਨਦਾਰ ਚਿਹਰਿਆਂ ਦਾ ਅੱਗੇ ਆਉਣਾ ਬਹੁਤ ਜ਼ਰੂਰੀ ਹੈ।
ਉਨ੍ਹਾਂ ਕਿਹਾ ਕਿ ਗਿਆਸਪੁਰਾ ਅਤੇ ਬਾਂਸਲ ਲੰਬੇ ਸਮੇਂ ਤੋਂ ਲੋਕਾਂ ਦੀ ਸੇਵਾ ਵਿੱਚ ਲੱਗੇ ਹੋਏ ਹਨ ਅਤੇ ਉਨ੍ਹਾਂ ਦੀ ਇਸ ਨਿਯੁਕਤੀ ਨਾਲ ਹਲਕੇ ਦੇ ਕਾਂਗਰਸੀ ਵਰਕਰਾਂ ਵਿੱਚ ਖੁਸ਼ੀ ਦੀ ਲਹਿਰ ਹੈ। ਬੈਂਸ ਨੇ ਕਿਹਾ ਕਿ ਅਗਾਮੀ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਸਾਨੂੰ ਸਾਰਿਆਂ ਨੂੰ ਇੱਕਜੁੱਟ ਹੋਣਾ ਪਵੇਗਾ। ਉਨ੍ਹਾਂ ਨਵੇਂ ਬਣੇ ਪ੍ਰਧਾਨਾਂ ਨੂੰ ਹਦਾਇਤ ਕੀਤੀ ਕਿ ਉਹ ਹਰ ਗਲੀ-ਮੁਹੱਲੇ ਤੱਕ ਪਹੁੰਚ ਕਰਕੇ ਲੋਕਾਂ ਦੀਆਂ ਸਮੱਸਿਆਵਾਂ ਸੁਣਨ ਅਤੇ ਪਾਰਟੀ ਦੀ ਲੋਕ-ਪੱਖੀ ਸੋਚ ਤੋਂ ਲੋਕਾਂ ਨੂੰ ਜਾਣੂ ਕਰਵਾਉਣ। ਮਾਣ-ਸਨਮਾਨ ਤੋਂ ਬਾਅਦ ਬਲਜੀਤ ਸਿੰਘ ਗਿਆਸਪੁਰਾ ਅਤੇ ਦਵਿੰਦਰ ਸਿੰਘ ਬਾਂਸਲ ਨੇ ਸਾਬਕਾ ਵਿਧਾਇਕ ਬੈਂਸ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਇਸ ਜ਼ਿੰਮੇਵਾਰੀ ਨੂੰ ਪੂਰੀ ਸ਼ਿੱਦਤ ਨਾਲ ਨਿਭਾਉਣਗੇ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਮੁੱਖ ਉਦੇਸ਼ ਹਲਕੇ ਦੇ ਹਰ ਇਕ ਵਰਕਰ ਦਾ ਮਾਣ-ਸਤਿਕਾਰ ਬਹਾਲ ਰੱਖਣਾ ਅਤੇ ਪਾਰਟੀ ਨੂੰ ਬੁਲੰਦੀਆਂ 'ਤੇ ਲੈ ਕੇ ਜਾਣਾ ਹੈ। ਇਸ ਮੌਕੇ ਬਲਾਕ ਪ੍ਰਧਾਨ ਟੋਨੀ ਅਰੋੜਾ, ਰਾਜੇਸ਼ ਖੋਖਰ, ਪਵਨਦੀਪ ਮਦਾਨ, ਰਣਜੀਤ ਸਿੰਘ ਬਿੱਟੂ ਘਟੋੜੇ, ਸਰਬਜੀਤ ਸਿੰਘ ਆਦਿ ਹਾਜ਼ਰ ਸਨ।