ਗੁਰਮ ਵਿਖੇ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ ਮਨਾਇਆ
ਗੁਰਮ ਵਿਖੇ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ ਮਨਾਇਆ
Publish Date: Tue, 27 Jan 2026 08:02 PM (IST)
Updated Date: Wed, 28 Jan 2026 04:13 AM (IST)

ਬਿੰਨੀ ਡੇਹਲੋਂ, ਪੰਜਾਬੀ ਜਾਗਰਣ, ਡੇਹਲੋਂ/ਆਲਮਗੀਰ : ਪਿੰਡ ਗੁਰਮ ਵਿਖੇ ਸ੍ਰੋਮਣੀ ਸ਼ਹੀਦ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ ਬਹੁਤ ਹੀ ਧੂਮਧਾਮ ਅਤੇ ਸ਼ਰਧਾ ਪੂਰਵਕ ਮਨਾਇਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਦੱਸਿਆ ਕਿ 25 ਜਨਵਰੀ ਨੂੰ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕਰਨ ਉਪਰੰਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛੱਤਰ ਛਾਇਆ ਅਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਹਰ ਸਾਲ ਦੀ ਤਰ੍ਹਾਂ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ। ਨਗਰ ਕੀਰਤਨ ਪਿੰਡ ਦੀ ਪਰਿਕਰਮਾ ਕਰਨ ਉਪਰੰਤ ਪਿੰਡ ਗੁਰਮ ਵਿਖੇ ਸਮਾਪਤ ਹੋਇਆ। ਇਸ ਮੌਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਭਾਈ ਕੁਲਦੀਪ ਸਿੰਘ ਗੜਗੱਜ ਨੇ ਵਿਸ਼ੇਸ਼ ਤੌਰ ਤੇ ਹਾਜ਼ਰੀ ਲਗਵਾਈ ਅਤੇ ਸਮੂਹ ਸੰਗਤਾਂ ਨੂੰ ਅਨੋਖੇ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਦੀ ਵਧਾਈ ਦਿੰਦਿਆਂ ਕਿਹਾ ਕਿ ਅਸੀਂ ਉਨ੍ਹਾਂ ਸ਼ਹੀਦਾਂ ਦੇ ਵਾਰਸ ਹਾਂ, ਜਿਨ੍ਹਾਂ ਨੇ ਧਰਮ ’ਤੇ ਦ੍ਰਿੜਤਾ ਨਾਲ ਪਹਿਰਾ ਦਿੰਦਿਆਂ ਸ਼ਹਾਦਤਾਂ ਪ੍ਰਾਪਤ ਕੀਤੀਆਂ। ਉਨ੍ਹਾਂ ਕਿਹਾ ਕਿ ਸਿੱਖ ਇਤਿਹਾਸ ਅੰਦਰ ਬਾਬਾ ਦੀਪ ਸਿੰਘ ਦੀਆਂ ਸੇਵਾਵਾਂ ਬਹੁਤ ਵੱਡੀਆਂ ਹਨ। ਉਨ੍ਹਾਂ ਆਪਣੇ ਹੱਥਾਂ ਨਾਲ ਗੁਰਬਾਣੀ ਨੂੰ ਲਿਖਣ ਦਾ ਕਾਰਜ ਕੀਤਾ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਾਰ ਪਾਵਨ ਸਰੂਪ ਲਿਖ ਕੇ ਤਖ਼ਤ ਸਾਹਿਬਾਨ ’ਤੇ ਪ੍ਰਕਾਸ਼ ਕਰਵਾਏ। ਉਨ੍ਹਾਂ ਕਿਹਾ ਕਿ ਬਾਬਾ ਜੀ ਦੀ ਸ਼ਹੀਦੀ ਦਾ ਇਤਿਹਾਸ ਵੀ ਲਾਸਾਨੀ ਹੈ। ਉਨ੍ਹਾਂ ਗੁਰੂ ਆਸ਼ੇ ਅਨੁਸਾਰ ਜੀਵਨ ਬਤੀਤ ਕਰਦਿਆਂ ਗੁਰਧਾਮਾਂ ਦੀ ਹੋ ਰਹੀ ਬੇਅਦਬੀ ਨੂੰ ਰੋਕਣ ਲਈ ਆਪਣੀ ਸ਼ਹਾਦਤ ਦਿੱਤੀ । ਇਸ ਮੌਕੇ ਪ੍ਰਬੰਧਕਾਂ ਨੇ ਦੱਸਿਆ ਕਿ 26 ਜਨਵਰੀ ਨੂੰ ਵਿਸਾਲ ਢਾਡੀ ਕਵੀਸਰ ਦਰਬਾਰ ਸਜਾਇਆ ਜਿਸ ਵਿੱਚ ਪੰਥ ਪ੍ਰਸਿੱਧ ਰਾਗੀ ਢਾਡੀ ਜਥਿਆਂ ਨੇ ਹਾਜ਼ਰੀ ਲਗਵਾ ਕੇ ਸ਼੍ਰੋਮਣੀ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਜੀਵਨ ਸਬੰਧੀ ਸੰਗਤਾਂ ਨੂੰ ਵਾਰਾਂ ਸੁਣਾ ਕੇ ਨਿਹਾਲ ਕੀਤਾ। 27 ਜਨਵਰੀ ਨੂੰ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪੈਣ ਉਪਰੰਤ ਭਾਈ ਗੁਰਮੁਖ ਸਿੰਘ ਹੈੱਡ ਗ੍ਰੰਥੀ ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਜੀ ਪਿੰਡ ਗੁਰਮ ਵੱਲੋਂ ਅਨੰਦਮਈ ਕੀਰਤਨ ਕੀਤਾ ਗਿਆ। ਇਸ ਉਪਰੰਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਚਾਰਕ ਭਾਈ ਕੁਲਦੀਪ ਸਿੰਘ ਨੇ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਜੀਵਨ ਸਬੰਧੀ ਸੰਗਤਾਂ ਨਾਲ ਵਾਰਤਾਲਾਮ ਸਾਂਝੀ ਕੀਤੀ ਤੇ ਸੰਗਤਾਂ ਨੂੰ ਗੁਰੂ ਸਬਦ ਨਾਲ ਜੋੜਦਿਆਂ ਅਪੀਲ ਕੀਤੀ ਕਿ ਸੰਗਤਾਂ ਅੰਮ੍ਰਿਤ ਦੀ ਦਾਤ ਹਾਸਿਲ ਕਰਕੇ ਆਪਣਾ ਅੰਮ੍ਰਿਤ ਵੇਲਾ ਸੰਭਾਲਦੇ ਹੋਏ ਬਾਣੀ ਅਤੇ ਬਾਣੇ ਦੇ ਧਾਰਨੀ ਬਣ ਕੇ ਆਪਣਾ ਜੀਵਨ ਸਫਲਾ ਕਰੋ । ਇਸ ਮੌਕੇ ਵੱਡੀ ਗਿਣਤੀ ਵਿੱਚ ਦੂਰੋਂ ਨੇੜਿਓਂ ਸੰਗਤਾਂ ਨੇ ਆਪਣੀ ਹਾਜ਼ਰੀ ਲਗਵਾਈ ਇਸ ਮੌਕੇ ਆਈਆਂ ਸੰਗਤਾਂ ਲਈ ਗੁਰੂ ਘਰ ਲੰਗਰ ਅਟੁੱਟ ਵਰਤਾਏ ਗਏ।