ਏਡਜ਼ ਤੇ ਨਸ਼ਿਆਂ ਵਿਰੁੱਧ ਕੀਤਾ ਜਾਗਰੂਕ
ਏਡਜ਼ ਅਤੇ ਨਸ਼ਿਆਂ ਵਿਰੁੱਧ ਜਾਗਰੂਕਤਾ ਸਮਾਗਮ
Publish Date: Fri, 20 Mar 2026 08:01 PM (IST)
Updated Date: Fri, 20 Mar 2026 08:04 PM (IST)

ਸੁਖਦੇਵ ਸਲੇਮਪੁਰੀ, ਪੰਜਾਬੀ ਜਾਗਰਣ ਲੁਧਿਆਣਾ : ਪੰਜਾਬ ਸਟੇਟ ਏਡਜ਼ ਕੰਟਰੋਲ ਸੁਸਾਇਟੀ ਦੇ ਸਹਿਯੋਗ ਨਾਲ ਸਲੇਮ ਟਾਬਰੀ ਸਥਿਤ ਡਾ. ਕੋਟਨਿਸ ਐਕਿਊਪੰਕਚਰ ਹਸਪਤਾਲ ਅਤੇ ਸਿੱਖਿਆ ਕੇਂਦਰ ਵੱਲੋਂ ਐੱਚਆਈਵੀ/ਏਡਜ਼ ਅਤੇ ਨਸ਼ਿਆਂ ਦੇ ਵਿਰੁੱਧ ਜਾਗਰੂਕਤਾ ਸਮਾਗਮ ਕਰਵਾਇਆ ਗਿਆ, ਦੀ ਪ੍ਰਧਾਨਗੀ ਹਸਪਤਾਲ ਦੇ ਨਿਰਦੇਸ਼ਕ ਡਾ. ਇੰਦਰਜੀਤ ਸਿੰਘ ਨੇ ਕੀਤੀ। ਇਸ ਮੌਕੇ ਡਾ. ਸਿੰਘ ਨੇ ਕਿਹਾ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਵੱਲੋਂ ਨਸ਼ਾ ਪੀੜਤਾਂ ਨੂੰ ਇੱਕੋ ਸਿਰਿੰਜ ਦੇ ਇਸਤੇਮਾਲ ਨਾਲ ਫੈਲਣ ਵਾਲੀ ਏਡਜ਼ ਵਰਗੀ ਗੰਭੀਰ ਬਿਮਾਰੀ ਤੋਂ ਬਚਾਉਣ ਲਈ ਨਿਰਧਾਰਤ ਕੇਂਦਰਾਂ ’ਤੇ ਸਿਰਿੰਜ ਉਪਲਬਧ ਕਰਵਾਈ ਜਾ ਰਹੀ ਹੈ, ਤਾਂ ਜੋ ਪੀੜਤਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਵਿੱਚ ਸੰਕਰਮਣ ਦਾ ਖਤਰਾ ਘੱਟ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਸਰਕਾਰ ਦੇ ਇਸ ਤਰ੍ਹਾਂ ਦੇ ਪ੍ਰਾਜੈਕਟ ਕਈ ਵਾਰ ਲੰਮੇ ਸਮੇਂ ਤੱਕ ਨਹੀਂ ਚੱਲਦੇ, ਇਸ ਲਈ ਪੀੜਤਾਂ ਨੂੰ ਆਪਣੇ ਆਪ ਹੌਲੀ-ਹੌਲੀ ਨਸ਼ਾ ਮੁਕਤੀ ਵੱਲ ਵਧਣਾ ਚਾਹੀਦਾ ਹੈ। ਜਦੋਂ ਵੀ ਕੋਈ ਪੀੜਤ ਨਸ਼ਾਮੁਕਤੀ ਕੇਂਦਰ ਵਿੱਚ ਜਾਂਦਾ ਹੈ, ਤਾਂ ਉਸ ਨੂੰ ਉੱਥੇ ਤਾਇਨਾਤ ਕਾਊਂਸਲਰਾਂ ਦੀਆਂ ਗੱਲਾਂ ਨੂੰ ਧਿਆਨ ਨਾਲ ਸੁਣ ਕੇ ਉਨ੍ਹਾਂ ’ਤੇ ਅਮਲ ਕਰਨਾ ਚਾਹੀਦਾ ਹੈ, ਜਿਸ ਨਾਲ ਉਹ ਨਸ਼ੇ ਦੀ ਦਲਦਲ ਤੋਂ ਬਾਹਰ ਨਿਕਲ ਸਕਦਾ ਹੈ। ਇਸ ਮੌਕੇ ਮਨੀਸ਼ਾ ਇੰਚਾਰਜ ਓਡੀਆਈਸੀ ਨੇ ਕਿਹਾ ਕਿ ਭਟਕੇ ਹੋਏ ਨੌਜਵਾਨਾਂ ਨੂੰ ਸਹੀ ਦਿਸ਼ਾ ਦੇਣਾ ਬਹੁਤ ਜ਼ਰੂਰੀ ਹੈ ਅਤੇ ਇਸ ਲਈ ਮਾਪੇ, ਅਧਿਆਪਕ, ਪੁਲਿਸ ਪ੍ਰਸ਼ਾਸਨ, ਆਮ ਪ੍ਰਸ਼ਾਸਨ ਅਤੇ ਸਮਾਜਿਕ, ਧਾਰਮਿਕ ਅਤੇ ਰਾਜਨੀਤਿਕ ਸੰਸਥਾਵਾਂ ਨੂੰ ਮਿਲਜੁਲ ਕੇ ਆਪਣੀ ਜ਼ਿੰਮੇਵਾਰੀ ਨਿਭਾਉਣੀ ਹੋਵੇਗੀ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਵੀ ਵੱਖ-ਵੱਖ ਸੰਸਥਾਵਾਂ ਨਾਲ ਇਕੱਠੇ ਹੋ ਕੇ ਇੱਕ ਮੰਚ ’ਤੇ ਕੰਮ ਕਰਨਾ ਚਾਹੀਦਾ ਹੈ। ਇਸ ਮੌਕੇ ਡਾ. ਰਘੁਬੀਰ ਸਿੰਘ ਅਤੇ ਅਸ਼ਵਨੀ ਵਰਮਾ ਨੇ ਕਿਹਾ ਕਿ ਸਮਾਜ ਦਾ ਸਹਿਯੋਗ ਅਤੇ ਪੀੜਤਾਂ ਪ੍ਰਤੀ ਸਕਾਰਾਤਮਕ ਸੋਚ ਹੀ ਉਨ੍ਹਾਂ ਨੂੰ ਨਸ਼ਿਆਂ ਅਤੇ ਏਡਜ਼ ਤੋਂ ਬਚਾ ਸਕਦੀ ਹੈ। ਸਮਾਗਮ ਦੇਰਾਨ ਐੱਚਆਰਜੀ ਲਈ ਵੱਖ-ਵੱਖ ਕਿਸਮ ਦੇ ਖੇਡਾਂ ਕਰਵਾਈਆਂ ਗਈਆਂ ਅਤੇ ਨਸ਼ਾਮੁਕਤੀ ਵਿਸ਼ੇ ’ਤੇ ਨੁੱਕੜ ਨਾਟਕ ਵੀ ਪੇਸ਼ ਕੀਤਾ ਗਿਆ। ਇਸ ਮੌਕੇ ਸ਼ਹੀਦ ਭਗਤ ਸਿੰਘ ਦੀ ਸ਼ਹਾਦਤ ਨੂੰ ਯਾਦ ਕਰਦਿਆਂ ਗਗਨ ਭਾਟੀਆ ਸੀਪੀਐੱਲਆਈ ਕੋਆਰਡੀਨੇਟਰ ਵੱਲੋਂ ਸਾਰੇ ਹਾਜ਼ਰ ਲੋਕਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਦੀ ਸਹੁੰ ਚੁਕਵਾਈ ਗਈ, ਜਿਸ ਵਿੱਚ ਉਨ੍ਹਾਂ ਨੇ ਵਾਅਦਾ ਕੀਤਾ ਕਿ ਉਹ ਖੁਦ ਨਸ਼ਿਆਂ ਤੋਂ ਦੂਰ ਰਹਿਣਗੇ ਅਤੇ ਕਿਸੇ ਨਵੇਂ ਵਿਅਕਤੀ ਨੂੰ ਨਸ਼ੇ ਵੱਲ ਨਹੀਂ ਲੈ ਕੇ ਜਾਣਗੇ। ਇਸ ਮੌਕੇ ਤਰਸੇਮ ਲਾਲ, ਪ੍ਰੀਤੀ, ਪ੍ਰਿਆਂਸ਼ੂ, ਪ੍ਰਵੇਸ਼, ਅਰੁਣ, ਸੁਰਜੀਤ ਕੌਰ, ਕਮਲਜੀਤ ਕੌਰ, ਅਮਨ, ਮੀਨੂ, ਸੁਸ਼ੀਲ ਸੂਦ, ਰਿਤੂ ਅਤੇ ਅਮਨਦੀਪ ਸਮੇਤ ਹੋਰ ਵੀ ਕਈ ਵਿਅਕਤੀ ਮੌਜੂਦ ਸਨ।