ਧੌਣ ’ਤੇ ਦਾਤ ਮਾਰ ਕੇ ਆਟੋ ਚਾਲਕ ਨੂੰ ਕੀਤਾ ਲਹੂ-ਲੁਹਾਨ
ਗਰਦਨ ਤੇ ਦਾਤ ਮਾਰ ਕੇ ਆਟੋ ਚਾਲਕ ਨੂੰ ਕੀਤਾ ਲਹੂ ਲੁਹਾਨ
Publish Date: Wed, 01 Apr 2026 08:47 PM (IST)
Updated Date: Thu, 02 Apr 2026 04:14 AM (IST)

* ਦੋ ਨੌਜਵਾਨਾਂ ਨੇ ਕੀਤੀ ਬੁਰੀ ਤਰ੍ਹਾਂ ਕੁੱਟਮਾਰ, ਜਾਂਚ ਮਗਰੋਂ ਐੱਫਆਈਆਰ ਦਰਜ ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ ਲੁਧਿਆਣਾ : ਆਟੋ ਚਾਲਕ ਦੀ ਧੌਣ ’ਤੇ ਦਾਤ ਮਾਰ ਕੇ ਉਸ ਨੂੰ ਗੰਭੀਰ ਫੱਟੜ ਕਰ ਦਿੱਤਾ ਗਿਆ। ਐਂਨਾ ਹੀ ਨਹੀਂ ਦੋ ਹਮਲਾਵਰਾਂ ਨੇ ਉਸ ਨੂੰ ਜ਼ਮੀਨ ’ਤੇ ਸੁੱਟ ਕੇ ਬੁਰੀ ਤਰ੍ਹਾਂ ਕੁੱਟਮਾਰ ਕੀਤੀ। ਇਸ ਮਾਮਲੇ ’ਚ ਥਾਣਾ-7 ਦੀ ਪੁਲਿਸ ਨੇ ਸੰਜੇ ਗਾਂਧੀ ਕਾਲੋਨੀ ਵਾਸੀ ਗੋਪਾਲ ਦੀ ਸ਼ਿਕਾਇਤ ’ਤੇ ਗੁਰਦੀਪ ਸੈਣੀ ਤੇ ਵਰੁਣ ਜੰਡਾ ਖ਼ਿਲਾਫ਼ ਮੁਕੱਦਮਾ ਦਰਜ ਕਰ ਲਿਆ ਹੈ। ਥਾਣਾ-7 ਦੀ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਉਂਦੇ ਹੋਏ ਆਟੋ ਚਾਲਕ ਗੋਪਾਲ ਨੇ ਦੱਸਿਆ ਕਿ ਬੀਤੀ ਸ਼ਾਮ ਆਪਣੇ ਆਟੋ ’ਤੇ ਗੇੜਾ ਲਗਾਉਣ ਗਿਆ ਸੀ। ਸਵਾਰੀ ਨੂੰ ਛੱਡਣ ਤੋਂ ਬਾਅਦ 32 ਸੈਕਟਰ ਦੀ ਮਾਰਕੀਟ ’ਚ ਪਹੁੰਚਿਆ। ਸ਼ਿਕਾਇਤਕਰਤਾ ਨੇ ਦੱਸਿਆ ਕਿ ਉਹ ਆਪਣੇ ਆਟੋ ਕੋਲ ਖੜ੍ਹਾ ਸੀ। ਇਸੇ ਦੌਰਾਨ ਕਿਸੇ ਵਿਅਕਤੀ ਨੇ ਉਸ ਦੀ ਧੌਣ ਪਿੱਛੇ ਜ਼ੋਰ ਨਾਲ ਦਾਤ ਮਾਰਿਆ। ਸ਼ਿਕਾਇਤਕਰਤਾ ਨੇ ਪੁਲਿਸ ਨੂੰ ਦੱਸਿਆ ਕਿ ਜਦੋਂ ਉਸ ਨੇ ਘੁੰਮ ਕੇ ਦੇਖਿਆ ਤਾਂ ਪਿੱਛੇ ਵਰੁਣ ਜੰਡਾ ਨਾਮ ਦਾ ਨੌਜਵਾਨ ਖੜ੍ਹਾ ਸੀ, ਜੋ ਉਸ ਨੂੰ ਪਹਿਲਾਂ ਤੋਂ ਹੀ ਜਾਣਦਾ ਸੀ। ਉਸ ਦੀ ਧੌਣ ’ਚੋਂ ਖੂਨ ਵਗ ਰਿਹਾ ਸੀ। ਇਸੇ ਦੌਰਾਨ ਇਕ ਹੋਰ ਵਿਅਕਤੀ ਆਇਆ, ਜਿਸ ਨੇ ਗੋਪਾਲ ਦੀ ਛਾਤੀ ’ਚ ਲੱਤ ਮਾਰੀ ਤੇ ਇਹ ਆਖਿਆ ਕਿ ਪਰਵਾਸੀਆਂ ਨੂੰ ਇਸ ਜਗ੍ਹਾ ’ਤੇ ਰੁਕਣ ਨਹੀਂ ਦੇਣਾ। ਗੋਪਾਲ ਲਹੂ ਲੁਹਾਨ ਹੋ ਕੇ ਜ਼ਮੀਨ ’ਤੇ ਡਿੱਗ ਪਿਆ, ਜਿਸ ਤੋਂ ਬਾਅਦ ਦੋਵਾਂ ਮੁਲਜ਼ਮਾਂ ਨੇ ਉਸ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਤੇ ਧਮਕੀਆਂ ਦਿੰਦੇ ਹੋਏ ਮੌਕੇ ਤੋਂ ਫ਼ਰਾਰ ਹੋ ਗਏ। ਉਧਰ, ਇਸ ਮਾਮਲੇ ’ਚ ਥਾਣਾ-7 ਦੇ ਏਐੱਸਆਈ ਰਣਧੀਰ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਗੁਰਦੀਪ ਸੈਣੀ ਤੇ ਵਰੁਣ ਜੰਡਾ ਖ਼ਿਲਾਫ਼ ਮੁਕੱਦਮਾ ਦਰਜ ਕਰ ਕੇ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ।