ਚਾਕੂ ਦੀ ਨੋਕ ’ਤੇ ਲੁੱਟ ਦੀ ਕੋਸ਼ਿਸ਼, ਲੋਕਾਂ ਨੇ ਦੋਵੇਂ ਲੁਟੇਰੇ ਫੜ ਕੇ ਕੀਤੇ ਪੁਲਿਸ ਹਵਾਲੇ
ਚਾਕੂ ਦੀ ਨੋਕ ’ਤੇ ਲੁੱਟ ਦੀ ਕੋਸ਼ਿਸ਼, ਲੋਕਾਂ ਨੇ ਦੋਵੇਂ ਲੁਟੇਰੇ ਕਾਬੂ ਕਰਕੇ ਕੀਤੇ ਪੁਲਿਸ ਹਵਾਲੇ
Publish Date: Sat, 14 Mar 2026 07:53 PM (IST)
Updated Date: Sun, 15 Mar 2026 04:16 AM (IST)

ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ ਲੁਧਿਆਣਾ : ਮਹਾਨਗਰ ਵਿੱਚ ਸੈਰ ਕਰਨ ਲਈ ਪਾਰਕਾਂ ’ਚ ਜਾਣ ਵਾਲੇ ਲੋਕਾਂ ਦੀ ਸੁਰੱਖਿਆ ਨੂੰ ਲੈ ਕੇ ਇੱਕ ਵਾਰ ਫਿਰ ਚਿੰਤਾ ਵੱਧ ਗਈ ਹੈ। ਤਾਜ਼ਾ ਮਾਮਲਾ ਮਲਹਾਰ ਰੋਡ ਸਥਿਤ ਹੈਪੀ ਫੋਰਜਿੰਗ ਪਾਰਕ ਕੋਲ ਸਾਹਮਣੇ ਆਇਆ ਹੈ, ਜਿੱਥੇ ਸੈਰ ਕਰ ਕੇ ਬਾਹਰ ਨਿਕਲੇ ਇਕ ਵਿਅਕਤੀ ਨੂੰ ਦੋ ਨੌਜਵਾਨਾਂ ਨੇ ਚਾਕੂ ਦੀ ਨੋਕ ’ਤੇ ਲੁੱਟਣ ਦੀ ਕੋਸ਼ਿਸ਼ ਕੀਤੀ। ਹਾਲਾਂਕਿ ਘਟਨਾ ਨੂੰ ਅੰਜਾਮ ਦੇ ਕੇ ਭੱਜਣ ਦੀ ਕੋਸ਼ਿਸ਼ ਕਰ ਰਹੇ ਦੋਵੇਂ ਦੋਸ਼ੀਆਂ ਨੂੰ ਮੌਕੇ ’ਤੇ ਮੌਜੂਦ ਲੋਕਾਂ ਨੇ ਕਾਬੂ ਕਰ ਕੇ ਪੁਲਿਸ ਹਵਾਲੇ ਕਰ ਦਿੱਤਾ। ਪੀੜਤ ਰਾਹੁਲ ਸ਼ਰਮਾ ਵਾਸੀ ਸ਼ਾਸਤਰੀ ਨਗਰ ਨੇ ਪੁਲਿਸ ਨੂੰ ਦਿੱਤੇ ਬਿਆਨ ’ਚ ਦੱਸਿਆ ਕਿ 12 ਮਾਰਚ ਦੀ ਸ਼ਾਮ ਉਹ ਮਲਹਾਰ ਰੋਡ ਸਥਿਤ ਪਾਰਕ ਵਿੱਚ ਸੈਰ ਕਰਨ ਲਈ ਗਿਆ ਹੋਇਆ ਸੀ। ਜਦੋਂ ਉਹ ਸੈਰ ਕਰਕੇ ਪਾਰਕ ਤੋਂ ਬਾਹਰ ਨਿਕਲਿਆ ਤਾਂ ਦੋ ਅਣਪਛਾਤੇ ਨੌਜਵਾਨ ਉਸ ਦੇ ਕੋਲ ਆ ਗਏ ਅਤੇ ਉਸ ਨੂੰ ਘੇਰ ਲਿਆ। ਦੋਸ਼ੀਆਂ ਨੇ ਉਸ ਦੀ ਗਰਦਨ ’ਤੇ ਤਿੱਖਾ ਚਾਕੂ ਰੱਖ ਕੇ ਜਾਨੋਂ ਮਾਰਨ ਦੀ ਧਮਕੀ ਦਿੱਤੀ ਅਤੇ ਉਸ ਦੀਆਂ ਜੇਬਾਂ ਦੀ ਤਲਾਸ਼ ਹੀ ਲੈਣੀ ਸ਼ੁਰੂ ਕਰ ਦਿੱਤੀ। ਬਦਮਾਸ਼ਾਂ ਨੇ ਉਸ ਤੋਂ 1000 ਰੁਪਏ ਦੀ ਨਕਦੀ ਅਤੇ ਕੁਝ ਜ਼ਰੂਰੀ ਦਸਤਾਵੇਜ਼ ਖੋਹ ਲਏ। ਵਾਰਦਾਤ ਨੂੰ ਅੰਜਾਮ ਤੋਂ ਬਾਅਦ ਦੋਵੇਂ ਦੋਸ਼ੀ ਬਿਨ੍ਹਾਂ ਨੰਬਰ ਵਾਲੀ ਸਪਲੈਂਡਰ ਮੋਟਰਸਾਈਕਲ ’ਤੇ ਸਵਾਰ ਹੋ ਕੇ ਭੱਜਣ ਲੱਗੇ। ਇਸ ਦੌਰਾਨ ਪੀੜਤ ਨੇ ਹਿੰਮਤ ਦਿਖਾਉਂਦੇ ਹੋਏ ਉੱਚੀ ਆਵਾਜ਼ ਵਿੱਚ ਰੌਲਾ ਪਾ ਦਿੱਤਾ। ਰੌਲਾ ਸੁਣ ਕੇ ਆਲੇ ਦੁਆਲੇ ਦੇ ਕੇ ਲੋਕ ਅਤੇ ਰਾਹਗੀਰ ਤੁਰੰਤ ਮੌਕੇ ’ਤੇ ਪਹੁੰਚ ਗਏ ਅਤੇ ਘੇਰਾਬੰਦੀ ਕਰਕੇ ਦੋਵੇਂ ਦੋਸ਼ੀਆਂ ਨੂੰ ਕਾਬੂ ਕਰ ਲਿਆ। ਗੁੱਸੇ ਵਿੱਚ ਆਏ ਲੋਕਾਂ ਨੇ ਉਨ੍ਹਾਂ ਨੂੰ ਫੜ ਕੇ ਪੁਲਿਸ ਦੇ ਹਵਾਲੇ ਕਰ ਦਿੱਤਾ। ਪੁਲਿਸ ਨੇ ਮੌਕੇ ਤੋਂ ਬਿਨ੍ਹਾਂ ਨੰਬਰ ਵਾਲਾ ਸਪਲੈਂਡਰ ਮੋਟਰਸਾਈਕਲ ਅਤੇ ਲੁੱਟਿਆ ਗਿਆ ਪਰਸ ਵੀ ਬਰਾਮਦ ਕਰ ਲਿਆ, ਜਿਸ ਵਿੱਚ 1000 ਰੁਪਏ ਮੌਜੂਦ ਸਨ। ਫੜੇ ਗਏ ਦੋਸ਼ੀਆਂ ਦੀ ਪਛਾਣ ਜਸਪਾਲ ਸਿੰਘ ਅਤੇ ਆਕਾਸ਼ਦੀਪ ਸਿੰਘ ਵਾਸੀ ਪਿੰਡ ਭੁੰਦੜੀ ਵਜੋਂ ਹੋਈ ਹੈ। ਜਾਂਚ ਅਧਿਕਾਰੀ ਪੁਰਸ਼ੋਤਮ ਲਾਲ ਨੇ ਦੱਸਿਆ ਕਿ ਦੋਵੇਂ ਦੋਸ਼ੀਆਂ ਖ਼ਿਲਾਫ਼ ਲੁੱਟ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਉਨ੍ਹਾਂ ਨੂੰ ਅਦਾਲਤ ਵਿੱਚ ਪੇਸ਼ ਕਰ ਦਿੱਤਾ ਗਿਆ ਹੈ।