ਪੀਏਯੂ ਥਾਣੇ ਦੇ ਐੱਸਐੱਚਓ ਦੀ ਡੀਪੀ ਲਾ ਕੇ ਸਾਈਬਰ ਠੱਗੀ ਦੀ ਕੋਸ਼ਿਸ਼
ਪੀਏਯੂ ਥਾਣੇ ਦੇ ਐਸਐਚਓ ਦੀ ਡੀਪੀ ਲਗਾ ਕੇ ਸਾਇਬਰ ਠੱਗੀ ਦੀ ਕੌਸ਼ਿਸ਼
Publish Date: Tue, 06 Jan 2026 08:11 PM (IST)
Updated Date: Wed, 07 Jan 2026 04:09 AM (IST)

ਪਾਕਿਸਤਾਨੀ ਨੰਬਰ ਤੋਂ ਗੈਂਗਰੇਪ ਕੇਸ ਦਾ ਡਰ ਦਿਖਾ ਕੇ 70 ਹਜ਼ਾਰ ਦੀ ਕੀਤੀ ਮੰਗ ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ, ਲੁਧਿਆਣਾ : ਸ਼ਹਿਰ ’ਚ ਸਾਈਬਰ ਠੱਗੀ ਦਾ ਇੱਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਸਾਈਬਰ ਅਪਰਾਧੀਆਂ ਨੇ ਪੀਏਯੂ ਥਾਣੇ ਦੇ ਐੱਸਐੱਚਓ ਦੀ ਵਰਦੀ ਵਾਲੀ ਤਸਵੀਰ ਵ੍ਹਟਸਐਪ ਪ੍ਰੋਫਾਈਲ ’ਤੇ ਲਾ ਕੇ ਇੱਕ ਸ਼ਹਿਰੀ ਤੋਂ ਪੈਸੇ ਵਸੂਲਣ ਦੀ ਕੋਸ਼ਿਸ਼ ਕੀਤੀ। ਦੋਸ਼ੀਆਂ ਨੇ ਪਾਕਿਸਤਾਨੀ ਨੰਬਰ ਤੋਂ ਫ਼ੋਨ ਕਰ ਕੇ ਪੀੜਤ ਨੂੰ ਕਿਹਾ ਕਿ ਉਸ ਦਾ ਪੁੱਤਰ ਗੈਂਗਰੇਪ ਕੇਸ ’ਚ ਫੜਿਆ ਗਿਆ ਹੈ। ਠੱਗਾਂ ਨੇ ਉਸ ਦੀ ਰਿਹਾਈ ਲਈ 70 ਹਜ਼ਾਰ ਦੀ ਮੰਗ ਕੀਤੀ। ਇਸ ਠੱਗੀ ਦਾ ਖੁਲਾਸਾ ਉਸ ਸਮੇਂ ਹੋਇਆ ਜਦੋਂ ਪੀੜਤ ਨੇ ਦੋਸ਼ੀ ਨਾਲ ਹੋਈ ਗੱਲਬਾਤ ਦੀ ਆਡੀਓ ਰਿਕਾਰਡਿੰਗ ਸੋਸ਼ਲ ਮੀਡੀਆ ’ਤੇ ਸਾਂਝੀ ਕੀਤੀ। ਕੁਝ ਹੀ ਘੰਟਿਆਂ ’ਚ ਆਡੀਓ ਵਾਇਰਲ ਹੋ ਗਈ ਤੇ ਮਾਮਲਾ ਪੁਲਿਸ ਦੇ ਧਿਆਨ ’ਚ ਆ ਗਿਆ। ਐੱਸਐੱਚਓ ਨੂੰ ਵੀ ਇਸ ਗੱਲ ਦੀ ਜਾਣਕਾਰੀ ਸੋਸ਼ਲ ਮੀਡੀਆ ਰਾਹੀਂ ਮਿਲੀ। ਐੱਸਐੱਚਓ ਨੇ ਸਪਸ਼ੱਟ ਕੀਤਾ ਕਿ ਉਹ ਪੀੜਤ ਵਿਅਕਤੀ ਨੂੰ ਨਿੱਜੀ ਤੌਰ ’ਤੇ ਨਹੀਂ ਜਾਣਦੇ। ਜਾਣਕਾਰੀ ਮੁਤਾਬਕ ਠੱਗਾਂ ਨੇ ਐੱਸਐੱਚਓ ਪੀਏਯੂ ਇੰਸਪੈਕਟਰ ਵਿਜੈ ਕੁਮਾਰ ਦੀ ਵਰਦੀ ਵਾਲੀ ਤਸਵੀਰ ਵਰਤ ਕੇ ਕਾਲ ਨੂੰ ਭਰੋਸੇਯੋਗ ਦਿਖਾਉਣ ਦੀ ਕੋਸ਼ਿਸ਼ ਕੀਤੀ। ਵਾਇਰਲ ਆਡੀਓ ’ਚ ਕਾਲ ਕਰਨ ਵਾਲਾ ਝੂਠਾ ਦਾਅਵਾ ਕਰਦਾ ਸੁਣਾਈ ਦਿੰਦਾ ਹੈ ਕਿ ਪੀੜਤ ਦਾ ਪੁੱਤਰ ਗੈਂਗਰੇਪ ਕੇਸ ’ਚ ਸ਼ਾਮਲ ਹੈ ਤੇ ਗ੍ਰਿਫ਼ਤਾਰ ਕੀਤਾ ਗਿਆ ਹੈ, ਜਿਸ ਦੀ ਰਿਹਾਈ ਲਈ ਰਕਮ ਮੰਗੀ ਗਈ। ਬਾਕਸ-- ਐੱਸਐੱਚਓ ਵਿਜੈ ਕੁਮਾਰ ਨੇ ਕੀਤੀ ਮਾਮਲੇ ਦੀ ਪੁਸ਼ਟੀ ਮਾਮਲੇ ਦੀ ਪੁਸ਼ਟੀ ਕਰਦਿਆਂ ਐੱਸਐੱਚਓ ਵਿਜੈ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਦੀ ਤਸਵੀਰ ਦੀ ਗਲਤ ਵਰਤੋਂ ਕਰ ਕੇ ਲੋਕਾਂ ਨੂੰ ਭਰਮਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਤੇ ਕਾਲ ਪਾਕਿਸਤਾਨੀ ਨੰਬਰ ਤੋਂ ਆਈ ਸੀ। ਉਨ੍ਹਾਂ ਤੁਰੰਤ ਸੋਸ਼ਲ ਮੀਡੀਆ ਰਾਹੀਂ ਜਨਤਾ ਨੂੰ ਅਪੀਲ ਕੀਤੀ ਕਿ ਅਜਿਹੀਆਂ ਝੂਠੀਆਂ ਕਾਲਾਂ ਤੋਂ ਸਾਵਧਾਨ ਰਹਿਣ ਤੇ ਕਿਸੇ ਵੀ ਦਾਅਵੇ ਦੀ ਪੁਸ਼ਟੀ ਸਿੱਧੀ ਪੁਲਿਸ ਨਾਲ ਕਰਨ। ਐੱਸਐੱਚਓ ਵਿਜੈ ਕੁਮਾਰ ਨੇ ਕਿਹਾ ਕਿ ਮਾਮਲਾ ਸਾਈਬਰ ਕ੍ਰਾਈਮ ਸੈੱਲ ਦੇ ਧਿਆਨ ’ਚ ਲਿਆਇਆ ਗਿਆ ਹੈ ਤੇ ਦੋਸ਼ੀਆਂ ਖ਼ਿਲਾਫ਼ ਲਾਜ਼ਮੀ ਕਾਰਵਾਈ ਕੀਤੀ ਜਾ ਰਹੀ ਹੈ। ਬਾਕਸ-- ਆਮ ਜਨਤਾ ਨੂੰ ਕੀਤੀ ਅਪੀਲ ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਫ਼ੋਨ ’ਤੇ ਨਿੱਜੀ ਜਾਂ ਵਿੱਤੀ ਜਾਣਕਾਰੀ ਸਾਂਝੀ ਨਾ ਕੀਤੀ ਜਾਵੇ ਤੇ ਕਿਸੇ ਵੀ ਸ਼ੱਕੀ ਕਾਲ ਜਾਂ ਸੁਨੇਹੇ ਦੀ ਤੁਰੰਤ ਨੇੜਲੇ ਥਾਣੇ ਜਾਂ ਸਾਈਬਰ ਕ੍ਰਾਈਮ ਯੂਨਿਟ ਨੂੰ ਸੂਚਨਾ ਦਿੱਤੀ ਜਾਵੇ। ਇਹ ਘਟਨਾ ਡਿਜੀਟਲ ਪਲੇਟਫ਼ਾਰਮਾਂ ਤੇ ਅਧਿਕਾਰਕ ਪਛਾਣਾਂ ਦੀ ਵੱਧ ਰਹੀ ਦੁਰਵਰਤੋਂ ਵੱਲ ਧਿਆਨ ਦਿਵਾਉਂਦੀ ਹੈ। ਬਾਕਸ-- ਕੁਝ ਸਮਾਂ ਪਹਿਲੋਂ ਏਸੀਪੀ ਦਾ ਕੀਤਾ ਗਿਆ ਸੀ ਮੋਬਾਈਲ ਹੈਕ ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ 25 ਅਕਤੂਬਰ ਨੂੰ ਲੁਧਿਆਣਾ ਪੁਲਿਸ ਕਮਿਸ਼ਨਰੇਟ ਦੇ ਏਸੀਪੀ (ਈਸਟ) ਸੁਮਿਤ ਸੂਦ ਦਾ ਮੋਬਾਈਲ ਫ਼ੋਨ ਹੈਕ ਹੋਣ ਦੀ ਘਟਨਾ ਵੀ ਸਾਹਮਣੇ ਆਈ ਸੀ। ਠੱਗਾਂ ਨੇ ਏਸੀਪੀ ਦੀ ਸੰਪਰਕ ਸੂਚੀ ’ਚ ਮੌਜੂਦ ਲੋਕਾਂ ਨੂੰ ਸ਼ੱਕੀ ਅਟੈਚਮੈਂਟਾਂ ਨਾਲ ਫ਼ਰਾਡ ਸੁਨੇਹੇ ਭੇਜੇ ਗਏ ਸਨ।