ਲੁਧਿਆਣਾ ’ਚ ਮਨੀ ਟਰਾਂਸਫਰ ਦੁਕਾਨ ’ਤੇ ਲੁੱਟ ਦੀ ਕੋਸ਼ਿਸ਼ ਨਾਕਾਮ, ਦੁਕਾਨਦਾਰ ਦੀ ਹਿੰਮਤ ਦੇਖ ਭੱਜੇ ਲੁਟੇਰੇ
ਲੁਧਿਆਣਾ ਵਿੱਚ ਮਨੀ ਟਰਾਂਸਫਰ ਦੁਕਾਨ ’ਤੇ ਲੁੱਟ ਦੀ ਕੋਸ਼ਿਸ਼ ਨਾਕਾਮ, ਦੁਕਾਨਦਾਰ ਦੀ ਹਿੰਮਤ ਦੇਖ ਭੱਜੇ ਲੁਟੇਰੇ
Publish Date: Sat, 14 Mar 2026 08:55 PM (IST)
Updated Date: Sun, 15 Mar 2026 04:19 AM (IST)

ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ ਲੁਧਿਆਣਾ : ਲੁਧਿਆਣਾ ਦੇ ਗਣੇਸ਼ ਨਗਰ ਇਲਾਕੇ ’ਚ ਸ਼ੁੱਕਰਵਾਰ ਰਾਤ ਇਕ ਮਨੀ ਟਰਾਂਸਫਰ ਦੇ ਦਫਤਰ ’ਤੇ ਲੁੱਟ ਦੀ ਕੋਸ਼ਿਸ਼ ਕੀਤੀ ਗਈ, ਪਰ ਦੁਕਾਨਦਾਰ ਦੀ ਦਲੇਰੀ ਕਾਰਨ ਲੁਟੇਰੇ ਆਪਣੀ ਯੋਜਨਾ ’ਚ ਕਾਮਯਾਬ ਨਾ ਹੋ ਸਕੇ ਤੇ ਖਾਲੀ ਹੱਥ ਮੌਕੇ ਤੋਂ ਭੱਜਣ ਲਈ ਮਜਬੂਰ ਹੋ ਗਏ। ਘਟਨਾ ਕਾਰਨ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ। ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਦੁਕਾਨਦਾਰ ਤਿਵਾਰੀ ਨੇ ਦੱਸਿਆ ਕਿ ਬੀਤੀ ਰਾਤ ਕਰੀਬ 9:15 ਵਜੇ ਉਸ ਦੀ ਦੁਕਾਨ ਦੇ ਅੰਦਰ ਇੱਕ ਗ੍ਰਾਹਕ ਦਾਖਲ ਹੋਇਆ। ਇਸ ਦੌਰਾਨ ਬਾਈਕ ’ਤੇ ਸਵਾਰ ਹੋਕੇ ਆਏ ਦੋ ਨੌਜਵਾਨ ਅਚਾਨਕ ਦੁਕਾਨ ਦੇ ਅੰਦਰ ਦਾਖ਼ਲ ਹੋ ਗਏ। ਦੋਸ਼ੀਆਂ ਨੇ ਪਿਸਤੋਲ ਅਤੇ ਤੇਜ਼ਧਾਰ ਹਥਿਆਰ ਦਿਖਾ ਕੇ ਦੁਕਾਨਦਾਰ ਨੂੰ ਡਰਾਇਆ ਅਤੇ ਲੁੱਟ ਦੀ ਕੋਸ਼ਿਸ਼ ਕੀਤੀ। ਤਿਵਾਰੀ ਮੁਤਾਬਕ ਉਸ ਨੇ ਹਿੰਮਤ ਨਹੀਂ ਹਾਰੀ ਅਤੇ ਤੁਰੰਤ ਆਪਣੀ ਸੁਰੱਖਿਆ ਲਈ ਦੁਕਾਨ ਅੰਦਰ ਰੱਖੀ ਤਲਵਾਰ ਕੱਢ ਲਈ। ਉਹ ਬਦਮਾਸ਼ਾਂ ਵੱਲ ਵਧਿਆ ਅਤੇ ਉਨ੍ਹਾਂ ਦਾ ਡਟ ਕੇ ਮੁਕਾਬਲਾ ਕੀਤਾ, ਦੋਵੇਂ ਲੁਟੇਰੇ ਘਬਰਾ ਗਏ ਅਤੇ ਮੌਕੇ ਤੋਂ ਭੱਜ ਨਿਕਲੇ। ਘਟਨਾ ਦੀ ਖਬਰ ਮਿਲਦਿਆਂ ਹੀ ਇਲਾਕੇ ਦੇ ਰਹਿਣ ਵਾਲੇ ਲੋਕ ਵੱਡੀ ਗਿਣਤੀ ਵਿੱਚ ਮੌਕੇ ’ਤੇ ਇਕੱਠੇ ਹੋ ਗਏ। ਇਸ ਦੌਰਾਨ ਪੁਲਿਸ ਡਿਵੀਜ਼ਨ ਨੰਬਰ 2 ਅਤੇ ਜਨਕਪੁਰੀ ਪੁਲਿਸ ਚੌਕੀ ਦੇ ਇੰਚਾਰਜ ਧਰਮਿੰਦਰ ਸਿੰਘ ਪੁਲਿਸ ਟੀਮ ਸਮੇਤ ਮੌਕੇ ’ਤੇ ਪਹੁੰਚੇ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਇਲਾਕੇ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ। ਕੈਮਰਿਆਂ ਵਿੱਚ ਦੋਸ਼ੀਆਂ ਦੀਆਂ ਤਸਵੀਰਾਂ ਕੈਦ ਹੋ ਚੁੱਕੀਆਂ ਹਨ ਅਤੇ ਜਲਦੀ ਹੀ ਉਨ੍ਹਾਂ ਦੀ ਸ਼ਨਾਖਤ ਕਰਕੇ ਗ੍ਰਿਫ਼ਤਾਰ ਕੀਤਾ ਜਾਵੇਗਾ। ਪੁਲਿਸ ਵੱਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ।