ਅਦਾਲਤੀ ਹੁਕਮਾਂ ਦੇ ਬਾਵਜੂਦ ਪਲਾਟ ’ਤੇ ਕਬਜ਼ੇ ਦੀ ਕੋਸ਼ਿਸ਼
ਅਦਾਲਤੀ ਹੁਕਮਾਂ ਦੇ ਬਾਵਜੂਦ ਪਲਾਟ ਤੇ ਕੀਤੀ ਕਬਜ਼ੇ ਦੀ ਕੋਸ਼ਿਸ਼
Publish Date: Fri, 06 Mar 2026 09:08 PM (IST)
Updated Date: Fri, 06 Mar 2026 09:12 PM (IST)
- ਪਲਾਟ ਮਾਲਕ ਦੇ ਬਿਆਨ ’ਤੇ ਮੁਲਜ਼ਮ ਖ਼ਿਲਾਫ਼ ਪਰਚਾ ਦਰਜ
ਐੱਸਪੀ ਜੋਸ਼ੀ, ਪੰਜਾਬੀ ਜਾਗਰਣ, ਲੁਧਿਆਣਾ : ਥਾਣਾ ਸਲੇਮ ਟਾਬਰੀ ਅਧੀਨ ਪਿੰਡ ਭੋਰਾ ਵਿੱਚ ਇੱਕ ਪਲਾਟ ਉੱਪਰ ਨਾਜਾਇਜ਼ ਕਬਜ਼ਾ ਕਰਨ ਦੀ ਕੋਸ਼ਿਸ਼ ਕਰਨ ਵਾਲੇ ਕਥਿਤ ਮੁਲਜ਼ਮ ਖ਼ਿਲਾਫ਼ ਥਾਣਾ ਸਲੇਮ ਟਾਬਰੀ ਪੁਲਿਸ ਵੱਲੋਂ ਪਰਚਾ ਦਰਜ ਕਰ ਦਿੱਤਾ ਗਿਆ ਹੈ। ਪੁਲਿਸ ਨੇ ਇਹ ਮਾਮਲਾ ਨਿਊ ਜਗਤਪੁਰਾ ਹੁਸ਼ਿਆਰਪੁਰ ਦੀ ਰਹਿਣ ਵਾਲੀ ਸ਼ਸ਼ੀ ਬਾਲਾ ਦੇ ਬਿਆਨ ਉੱਪਰ ਨਿਊ ਆਕਾਸ਼ ਨਗਰ ਦੇ ਰਹਿਣ ਵਾਲੇ ਹਰ ਪਰਵਿੰਦਰਪਾਲ ਸਿੰਘ ਪੰਨੂ ਖ਼ਿਲਾਫ਼ ਦਰਜ ਕੀਤਾ ਹੈ। ਸ਼ਸ਼ੀ ਬਾਲਾ ਮੁਤਾਬਿਕ ਸਥਾਨਕ ਨਿਊ ਆਕਾਸ਼ ਨਗਰ ਇਲਾਕੇ ਵਿੱਚ ਉਸ ਦੀ ਮਾਲਕੀ ਵਾਲਾ 230 ਵਰਗ ਗਜ ਦਾ ਇੱਕ ਪਲਾਟ ਹੈ, ਜਿਸ ਉੱਪਰ ਆਕਾਸ਼ ਨਗਰ ਦਾ ਰਹਿਣ ਵਾਲਾ ਹਰ ਪਰਵਿੰਦਰਪਾਲ ਸਿੰਘ ਪੰਨੂ ਮਾੜੀ ਨਜ਼ਰ ਰੱਖਦਾ ਹੈ। ਸ਼ਿਕਾਇਤ ਕਰਤਾ ਮੁਤਾਬਿਕ ਮੁਲਜ਼ਮ ਨੇ ਉਸ ਦੇ ਪਲਾਟ ਉੱਪਰ ਕਬਜ਼ਾ ਕਰਨ ਦੀ ਨੀਅਤ ਨਾਲ ਪਹਿਲਾਂ ਵੀ ਉਕਤ ਪਲਾਟ ਦੇ ਫਰਜ਼ੀ ਦਸਤਾਵੇਜ਼ਾਂ ਰਾਹੀਂ ਨਕਲੀ ਮਾਲਕ ਖੜ੍ਹਾ ਕਰ ਕੇ ਪਲਾਟ ਹਥਿਆਉਣ ਦੀ ਕੋਸ਼ਿਸ਼ ਕੀਤੀ ਸੀ। ਜਦੋਂ ਇਹ ਮਾਮਲਾ ਅਦਾਲਤ ਵਿੱਚ ਪੁੱਜਾ ਤਾਂ ਸਬੂਤਾਂ ਦੇ ਆਧਾਰ ’ਤੇ ਲੁਧਿਆਣਾ ਅਦਾਲਤ ਨੇ ਉਸ ਦੇ ਹੱਕ ਵਿੱਚ ਫੈਸਲਾ ਸੁਣਾਇਆ ਸੀ। ਇਸ ਦੇ ਬਾਵਜੂਦ ਮੁਲਜ਼ਮ ਨੇ ਉਸ ਦੇ ਪਲਾਟ ਉੱਪਰ ਕਬਜ਼ਾ ਕਰਨ ਦੀ ਨੀਅਤ ਨਾਲ ਉਨ੍ਹਾਂ ਵੱਲੋਂ ਪਲਾਟ ਦੀ ਕੀਤੀ ਚਾਰਦੀਵਾਰੀ ਦੇ ਗੇਟ ਦਾ ਤਾਲਾ ਤੋੜ ਕੇ ਆਪਣੀ ਉਸਾਰੀ ਸ਼ੁਰੂ ਕਰ ਦਿੱਤੀ। ਜਦੋਂ ਪਲਾਟ ਮਾਲਕਾਂ ਨੂੰ ਉਸ ਦੀ ਇਸ ਹਰਕਤ ਦਾ ਪਤਾ ਲੱਗਾ ਤਾਂ ਉਨ੍ਹਾਂ ਥਾਣਾ ਸਲੇਮ ਟਾਬਰੀ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾ ਦਿੱਤੀ। ਇਸ ਮਾਮਲੇ ਦੇ ਤਫਤੀਸ਼ੀ ਅਧਿਕਾਰੀ ਸਹਾਇਕ ਥਾਣੇਦਾਰ ਸ਼ਿੰਗਾਰਾ ਸਿੰਘ ਮੁਤਾਬਿਕ ਪੀੜਤ ਪੱਖ ਵੱਲੋਂ ਦਿੱਤੀ ਗਈ ਸ਼ਿਕਾਇਤ ਅਤੇ ਸੁਰਾਗਾਂ ਦੇ ਆਧਾਰ ’ਤੇ ਮੁਲਜ਼ਮ ਖ਼ਿਲਾਫ਼ ਸੰਗੀਨ ਦੋਸ਼ਾਂ ਅਧੀਨ ਪਰਚਾ ਦਰਜ ਕਰ ਕੇ ਅਗਲੇਰੀ ਪੜਤਾਲ ਆਰੰਭ ਦਿੱਤੀ ਗਈ ਹੈ।