ਹਵਾਲਾਤੀ ਨੂੰ ਨਸ਼ਾ ਪਹੁੰਚਾਉਣ ਦੀ ਕੋਸ਼ਿਸ਼ ਨਾਕਾਮ, 16 ਕੈਪਸੂਲ ਤੇ ਸਮੈਕ ਬਰਾਮਦ
ਕਚਹਿਰੀ ਅੰਦਰ ਹਵਾਲਾਤੀ ਨੂੰ ਨਸ਼ਾ ਪਹੁੰਚਾਉਣ ਦੀ ਕੋਸ਼ਿਸ਼ ਨਾਕਾਮ, 16 ਕੈਪਸੂਲ ਤੇ ਸਮੈਕ ਬਰਾਮਦ
Publish Date: Fri, 27 Feb 2026 07:55 PM (IST)
Updated Date: Sat, 28 Feb 2026 04:07 AM (IST)

ਕ੍ਰਾਈਮ ਰਿਪੋਰਟਰ ,ਪੰਜਾਬੀ ਜਾਗਰਣ ਲੁਧਿਆਣਾ ਜ਼ਿਲ੍ਹਾ ਕਚਹਿਰੀ ਵਿੱਚ ਸੁਰੱਖਿਆ ਪ੍ਰਬੰਧਾਂ ਨੂੰ ਚੁਣੌਤੀ ਦਿੰਦੇ ਹੋਏ ਪੇਸ਼ੀ ’ਤੇ ਆਏ ਇੱਕ ਹਵਾਲਾਤੀ ਨੂੰ ਨਸ਼ਾ ਸਪਲਾਈ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮੌਕੇ ’ਤੇ ਤਾਇਨਾਤ ਪੁਲਿਸ ਕਰਮਚਾਰੀਆਂ ਦੀ ਸਚੇਤੀ ਕਾਰਨ ਇਹ ਸਾਜ਼ਿਸ਼ ਨਾਕਾਮ ਰਹੀ। ਪੁਲਿਸ ਨੇ ਹਵਾਲਾਤੀ ਦੀ ਤਲਾਸ਼ੀ ਦੌਰਾਨ ਉਸ ਦੀ ਜੇਬ ਵਿੱਚੋਂ 16 ਨਸ਼ੀਲੇ ਕੈਪਸੂਲ ਅਤੇ 45 ਮਿਲੀਗ੍ਰਾਮ ਸਮੈਕ ਬਰਾਮਦ ਕੀਤੀ। ਥਾਣਾ ਡਿਵੀਜ਼ਨ ਨੰਬਰ-5 ਦੀ ਪੁਲਿਸ ਨੇ ਦੋਸ਼ੀ ਹਵਾਲਾਤੀ ਖ਼ਿਲਾਫ਼ ਐਨਡੀਪੀਐਸ ਐਕਟ ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ, ਜਦਕਿ ਨਸ਼ਾ ਪਹੁੰਚਾਉਣ ਵਾਲਾ ਨੌਜਵਾਨ ਮੌਕੇ ਤੋਂ ਫਰਾਰ ਹੋ ਗਿਆ। ਜਾਣਕਾਰੀ ਮੁਤਾਬਕ ਖੰਨਾ ਪੁਲਿਸ ਲਾਈਨ ਵਿੱਚ ਤਾਇਨਾਤ ਹਵਾਲਦਾਰ ਵਿਪਿਨ ਕੁਮਾਰ ਆਪਣੀ ਟੀਮ ਸਮੇਤ ਕਚਹਿਰੀ ਵਿੱਚ ਡਿਊਟੀ ਤਾਇਨਾਤ ਸਨ। ਇਸ ਦੌਰਾਨ ਐੱਨਡੀਪੀਐੱਸ ਕੇਸ ਵਿੱਚ ਬੰਦ ਹਵਾਲਾਤੀ ਹਰਪ੍ਰੀਤ ਸਿੰਘ ਉਰਫ਼ ਹੈਪੀ ਵਾਸੀ ਦੋਰਾਹਾ ਨੂੰ ਅਦਾਲਤ ਵਿੱਚ ਪੇਸ਼ੀ ਲਈ ਲਿਆਂਦਾ ਗਿਆ ਸੀ। ਪੇਸ਼ੀ ਮਗਰੋਂ ਜਦੋਂ ਪੁਲਿਸ ਕਰਮਚਾਰੀ ਉਸ ਨੂੰ ਦੁਬਾਰਾ ਹੱਥਕੜੀ ਲਾ ਰਹੇ ਸਨ ਤਾਂ ਇਸੇ ਦੌਰਾਨ ਭੀੜ ਵਿੱਚੋਂ ਇੱਕ ਨੌਜਵਾਨ ਅਚਾਨਕ ਅੱਗੇ ਆਇਆ ਅਤੇ ਹਵਾਲਾਤੀ ਨੂੰ ਪਲਾਸਟਿਕ ਦਾ ਲਿਫ਼ਾਫ਼ਾ ਫੜਾ ਗਿਆ। ਇਸ ਤੋਂ ਬਾਅਦ ਉਹ ਭੀੜ ਦਾ ਫਾਇਦਾ ਚੁੱਕਦਿਆਂ ਮੌਕੇ ਤੋਂ ਗਾਇਬ ਹੋ ਗਿਆ। ਹਵਾਲਦਾਰ ਵਿਪਿਨ ਕੁਮਾਰ ਨੂੰ ਨੌਜਵਾਨ ਦੀ ਹਰਕਤ ਸ਼ੱਕੀ ਲੱਗੀ। ਉਨ੍ਹਾਂ ਤੁਰੰਤ ਹਵਾਲਾਤੀ ਨੂੰ ਰੋਕ ਕੇ ਉਸ ਦੀ ਤਲਾਸ਼ੀ ਲਈ। ਤਲਾਸ਼ੀ ਦੌਰਾਨ ਉਸ ਦੀ ਸੱਜੀ ਜੇਬ ਵਿੱਚੋਂ ਨਸ਼ੀਲਾ ਸਮਾਨ ਬਰਾਮਦ ਹੋਇਆ। ਪੁਲਿਸ ਨੇ ਨਸ਼ਾ ਕਬਜ਼ੇ ਵਿੱਚ ਲੈ ਕੇ ਹਵਾਲਾਤੀ ਖ਼ਿਲਾਫ਼ ਵੱਖਰਾ ਮਾਮਲਾ ਦਰਜ ਕਰ ਲਿਆ ਹੈ। ਫਿਲਹਾਲ ਪੁਲਿਸ ਕਚਹਿਰੀ ਵਿੱਚ ਲੱਗੇ ਨਿਗਰਾਨੀ ਕੈਮਰਿਆਂ ਦੀ ਫੁਟੇਜ ਦੀ ਜਾਂਚ ਕਰ ਰਹੀ ਹੈ, ਤਾਂ ਜੋ ਨਸ਼ਾ ਪਹੁੰਚਾਉਣ ਵਾਲੇ ਨੌਜਵਾਨ ਦੀ ਸ਼ਨਾਖਤ ਕਰ ਕੇ ਉਸ ਨੂੰ ਜਲਦ ਕਾਬੂ ਕੀਤਾ ਜਾ ਸਕੇ। ਜਾਂਚ ਦੀ ਅਗਵਾਈ ਥਾਣਾ ਡਵੀਜ਼ਨ ਨੰਬਰ-5 ਦੀ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ।