ਵਿਆਹ ਵਾਲੇ ਘਰ ’ਤੇ ਹਮਲਾ, ਪਿਓ-ਪੁੱਤ ਗੰਭੀਰ ਰੂਪ ’ਚ ਫੱਟੜ
ਵਿਆਹ ਵਾਲੇ ਘਰ ਤੇ ਹਮਲਾ , ਪਿਓ ਪੁੱਤ ਹੋਏ ਗੰਭੀਰ ਰੂਪ ਵਿੱਚ ਫੱਟੜ
Publish Date: Tue, 10 Feb 2026 08:04 PM (IST)
Updated Date: Wed, 11 Feb 2026 04:14 AM (IST)

ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ, ਲੁਧਿਆਣਾ : ਵਿਆਹ ਵਾਲੇ ਘਰ ਵਿੱਚ ਉਸ ਵੇਲੇ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ 15 ਦੇ ਕਰੀਬ ਵਿਅਕਤੀਆਂ ਨੇ ਘਰ ਤੇ ਹਮਲਾ ਕਰ ਦਿੱਤਾ। ਨੌਜਵਾਨਾਂ ਨੇ ਘਰ ਅੰਦਰ ਦਾਖਲ ਹੋ ਕੇ ਜਾਨਲੇਵਾ ਸੱਟਾਂ ਮਾਰੀਆਂ। ਇੰਦਰਾਪੁਰੀ ਕਾਲੋਨੀ ਦੇ ਘਰ ’ਤੇ ਹਮਲਾ ਕਰਨ ਆਏ ਮੁਲਜਮਾਂ ਦਾ ਜਦ ਗੁਆਂਢ ’ਚ ਰਹਿਣ ਵਾਲੇ ਪਿਓ ਪੁੱਤ ਨੇ ਵਿਰੋਧ ਕੀਤਾ ਤਾਂ ਮੁਲਜਮਾਂ ਨੇ ਉਹਨਾਂ ਨੂੰ ਗੰਭੀਰ ਰੂਪ ਵਿੱਚ ਫੱਟੜ ਕਰ ਦਿੱਤਾ। ਜਾਨੋ ਮਾਰਨ ਦੀਆਂ ਧਮਕੀਆਂ ਦਿੰਦੇ ਹੋਏ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਏ। ਜਾਣਕਾਰੀ ਅਨੁਸਾਰ ਸੋਮਵਾਰ ਰਾਤ ਵਿਆਹ ਸਮਾਗਮ ਦੌਰਾਨ ਡਾਂਸ ਨੂੰ ਲੈ ਕੇ ਨਾਨਕਾ ਪੱਖ ਨਾਲ ਆਏ ਕੁਝ ਨੌਜਵਾਨਾਂ ਦਾ ਲੜਕੀ ਪੱਖ ਨਾਲ ਵਿਵਾਦ ਹੋ ਗਿਆ ਸੀ। ਗੱਲ ਇੰਨੀ ਵੱਧ ਗਈ ਕਿ ਦੋਹਾਂ ਧਿਰਾਂ ਵਿੱਚ ਜ਼ਬਰਦਸਤ ਤਕਰਾਰ ਹੋ ਗਿਆ। ਮੁਹੱਲੇ ਦੇ ਲੋਕਾਂ ਨੇ ਦਖ਼ਲ ਦੇ ਕੇ ਮਾਮਲਾ ਸ਼ਾਂਤ ਕਰਵਾ ਦਿੱਤਾ ਅਤੇ ਸਾਰਿਆਂ ਨੂੰ ਘਰਾਂ ਵੱਲ ਭੇਜ ਦਿੱਤਾ ਗਿਆ। ਮੰਗਲਵਾਰ ਨੂੰ ਵਿਆਹ ਸਮਾਰੋਹ ਇਲਾਕੇ ਦੀ ਇੱਕ ਧਰਮਸ਼ਾਲਾ ਵਿੱਚ ਚੱਲ ਰਿਹਾ ਸੀ। ਇਸੇ ਦੌਰਾਨ ਲੜਕੀ ਦਾ ਤਾਇਆ ਪੱਪੂ ਘਰ ਵਿੱਚ ਇਕੱਲਾ ਮੌਜੂਦ ਸੀ। ਇਸੇ ਵੇਲੇ 10 ਤੋਂ 15 ਹਮਲਾਵਰ ਦਾਤਾਂ ਅਤੇ ਤਲਵਾਰਾਂ ਨਾਲ ਲੈਸ ਹੋ ਕੇ ਘਰ ਵਿੱਚ ਦਾਖ਼ਲ ਹੋ ਗਏ ਅਤੇ ਉਸ ’ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ। ਰੌਲਾ ਸੁਣ ਕੇ ਗੁਆਂਢੀ ਸੁਰਜੀਤ ਸਿੰਘ (50) ਅਤੇ ਉਸ ਦਾ ਪੁੱਤਰ ਬਲਜੀਤ ਸਿੰਘ (28) ਮੌਕੇ ’ਤੇ ਪਹੁੰਚੇ ਤਾਂ ਹਮਲਾਵਰਾਂ ਨੇ ਉਨ੍ਹਾਂ ’ਤੇ ਹੀ ਤੇਜ਼ਧਾਰ ਹਥਿਆਰਾਂ ਨਾਲ ਵਾਰ ਕਰ ਦਿੱਤੇ। ਦੋਹਾਂ ਨੂੰ ਗੰਭੀਰ ਸੱਟਾਂ ਲੱਗੀਆਂ। ਇਲਾਕੇ ਦੇ ਹੋਰ ਲੋਕ ਇਕੱਠੇ ਹੋਣ ’ਤੇ ਹਮਲਾਵਰ ਮੌਕੇ ਤੋਂ ਭੱਜ ਗਏ। ਜ਼ਖ਼ਮੀਆਂ ਨੂੰ ਤੁਰੰਤ ਸਿਵਲ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਉਨ੍ਹਾਂ ਦਾ ਇਲਾਜ ਜਾਰੀ ਹੈ। ਪੀੜਤ ਸੁਰਜੀਤ ਸਿੰਘ ਨੇ ਦੱਸਿਆ ਕਿ ਹਮਲਾਵਰਾਂ ਨੇ ਅਚਾਨਕ ਉਨ੍ਹਾਂ ’ਤੇ ਕਿਰਪਾਨਾਂ ਨਾਲ ਹਮਲਾ ਕਰ ਦਿੱਤਾ। ਮਾਮਲੇ ਦੀ ਸੂਚਨਾ ਥਾਣਾ ਡਿਵੀਜ਼ਨ-7 ਪੁਲਿਸ ਨੂੰ ਦਿੱਤੀ ਗਈ। ਪੁਲਿਸ ਨੇ ਮੌਕੇ ਦੀ ਜਾਂਚ ਕਰਕੇ ਪੀੜਤਾਂ ਦੇ ਬਿਆਨ ਦਰਜ ਕਰ ਲਏ ਹਨ ਅਤੇ ਦੋਸ਼ੀਆਂ ਦੀ ਪਛਾਣ ਕਰਕੇ ਉਨ੍ਹਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ। --