ਸਤਲੁਜ ਦਰਿਆ ਕੰਢੇ ਨਿੱਜੀ ਕੰਪਨੀ ਦੇ ਪ੍ਰਾਜੈਕਟ ‘ਤੇ ਹੰਗਾਮਾ, ਡੰਡਿਆਂ ਨਾਲ ਮਜ਼ਦੂਰਾਂ ਦੀ ਕੁੱਟਮਾਰ
ਸਤਲੁਜ ਦਰਿਆ ਕੰਢੇ ਨਿੱਜੀ ਕੰਪਨੀ ਦੇ ਪ੍ਰੋਜੈਕਟ ‘ਤੇ ਹਮਲਾ, ਡੰਡਿਆਂ ਨਾਲ ਮਜ਼ਦੂਰਾਂ ਦੀ ਕੁੱਟਮਾਰ
Publish Date: Sat, 07 Mar 2026 06:35 PM (IST)
Updated Date: Sat, 07 Mar 2026 06:39 PM (IST)

ਸਤਲੁਜ ਦਰਿਆ ਕੰਢੇ ਨਿੱਜੀ ਕੰਪਨੀ ਦੇ ਪ੍ਰੋਜੈਕਟ ‘ਤੇ ਹਮਲਾ, ਡੰਡਿਆਂ ਨਾਲ ਮਜ਼ਦੂਰਾਂ ਦੀ ਕੁੱਟਮਾਰ -3 ਨਾਮਜ਼ਦ ਸਮੇਤ 12 ਅਣਪਛਾਤਿਆਂ ਖ਼ਿਲਾਫ਼ ਕੇਸ ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ ਲੁਧਿਆਣਾ ਸਤਲੁਜ ਦਰਿਆ ਦੇ ਕੰਢੇ ਚੱਲ ਰਹੇ ਇਕ ਨਿੱਜੀ ਕੰਪਨੀ ਦੇ ਪ੍ਰੋਜੈਕਟ ‘ਤੇ ਉਸ ਸਮੇਂ ਹੰਗਾਮਾ ਖੜ੍ਹਾ ਹੋ ਗਿਆ। ਜਦੋਂ ਕੁੱਝ ਵਿਅਕਤੀਆਂ ਨੇ ਮੌਕੇ ‘ਤੇ ਪਹੁੰਚ ਕੇ ਕੰਮ ਜ਼ਬਰਦਸਤੀ ਰੁਕਵਾ ਦਿੱਤਾ ਅਤੇ ਉੱਥੇ ਮੌਜੂਦ ਕਰਮਚਾਰੀਆਂ ਤੇ ਮਜ਼ਦੂਰਾਂ ‘ਤੇ ਡੰਡਿਆਂ ਨਾਲ ਹਮਲਾ ਕਰ ਦਿੱਤਾ। ਹਮਲਾਵਰਾਂ ਨੇ ਪ੍ਰੋਜੈਕਟ ਮੈਨੇਜਰ ਸਮੇਤ ਕਰਮਚਾਰੀਆਂ ਨਾਲ ਮਾਰਕੁੱਟ ਕਰਦੇ ਹੋਏ ਉਨ੍ਹਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ। ਇਹ ਘਟਨਾ ਬੀਤੇ ਦਿਨੀ ਦੁਪਹਿਰ ਦੀ ਦੱਸੀ ਜਾ ਰਹੀ ਹੈ, ਜੋ ਛੋਹਲੇ ਵਾਲੀ ਜ਼ਮੀਨ, ਸੀਡਸ ਫਾਰਮ ਦੇ ਨੇੜੇ ਹੱਡਾ ਰੋੜੀ ਇਲਾਕੇ ਵਿਚ ਵਾਪਰੀ। ਇਸ ਸੰਬੰਧੀ ਕੰਪਨੀ ਦੇ ਕਰਮਚਾਰੀ ਸੁਰਜੀਤ ਸਿੰਘ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਹੈ। ਉਸ ਨੇ ਦੱਸਿਆ ਕਿ ਘਟਨਾ ਵਾਲੇ ਦਿਨ ਉਹ ਕੰਪਨੀ ਦੀ ਦੂਜੀ ਸਾਈਟ ਤਲਵੰਡੀ ਕਲਾਂ ਵਿਚ ਡਿਊਟੀ ‘ਤੇ ਮੌਜੂਦ ਸੀ। ਇਸ ਦੌਰਾਨ ਉਸ ਨੂੰ ਡਾਇਰੈਕਟਰ ਪ੍ਰੋਜੈਕਟ ਮੈਨੇਜਰ (ਡੀਪੀਐਮ) ਦਾ ਫੋਨ ਆਇਆ, ਜਿਸ ਵਿੱਚ ਦੱਸਿਆ ਗਿਆ ਕਿ ਸੀਡਸ ਫਾਰਮ ਦੇ ਨੇੜੇ ਜ਼ਮੀਨ ਨਾਲ ਜੁੜੇ ਚੱਲ ਰਹੇ ਕੰਮ ਨੂੰ ਕੁੱਝ ਲੋਕਾਂ ਨੇ ਜ਼ਬਰਦਸਤੀ ਬੰਦ ਕਰਵਾ ਦਿੱਤਾ ਹੈ ਅਤੇ ਉੱਥੇ ਹੰਗਾਮਾ ਕੀਤਾ ਜਾ ਰਿਹਾ ਹੈ। ਸੂਚਨਾ ਮਿਲਦੇ ਹੀ ਉਹ ਤੁਰੰਤ ਮੌਕੇ ‘ਤੇ ਪਹੁੰਚ ਗਿਆ। ਉੱਥੇ ਪਹੁੰਚਣ ‘ਤੇ ਉਸ ਨੇ ਦੇਖਿਆ ਕਿ ਸੁਖਵਿੰਦਰ ਸਿੰਘ, ਗੁਰਪ੍ਰੀਤ ਸਿੰਘ ਅਤੇ ਦਲਬੀਰ ਸਿੰਘ ਆਪਣੇ ਕਰੀਬ 10 ਤੋਂ 12 ਅਣਪਛਾਤੇ ਸਾਥੀਆਂ ਸਮੇਤ ਸਾਈਟ ‘ਤੇ ਖੜ੍ਹੇ ਸਨ। ਦੋਸ਼ ਹੈ ਕਿ ਸਾਰੇ ਦੇ ਹੱਥਾਂ ਵਿੱਚ ਡੰਡੇ ਸਨ ਅਤੇ ਉਹ ਕੰਪਨੀ ਦੇ ਮਜ਼ਦੂਰਾਂ ਨਾਲ ਕੁੱਟਮਾਰ ਕਰ ਰਹੇ ਸਨ। ਜਦੋਂ ਉਸ ਨੇ ਉਨ੍ਹਾਂ ਨੂੰ ਰੋਕਣ ਅਤੇ ਵਿਚਕਾਰ-ਬਚਾਅ ਕਰਨ ਦੀ ਕੋਸ਼ਿਸ਼ ਕੀਤੀ ਤਾਂ ਹਮਲਾਵਰਾਂ ਨੇ ਉਸ ‘ਤੇ ਵੀ ਹਮਲਾ ਕਰ ਦਿੱਤਾ। ਦੋਸ਼ੀਆਂ ਨੇ ਡੰਡਿਆਂ ਨਾਲ ਕੁੱਟਮਾਰ ਕਰਦਿਆਂ ਉਸ ਅਤੇ ਹੋਰ ਕਰਮਚਾਰੀਆਂ ਨੂੰ ਉੱਥੋਂ ਭੱਜ ਜਾਣ ਦੀਆਂ ਧਮਕੀਆਂ ਦਿੱਤੀਆਂ। ਪੀੜਤ ਦੇ ਮੁਤਾਬਕ ਦੋਸ਼ੀਆਂ ਨੇ ਜਾਨਬੁੱਝ ਕੇ ਪ੍ਰੋਜੈਕਟ ਦਾ ਕੰਮ ਰੁਕਵਾਉਣ ਅਤੇ ਸਾਈਟ ‘ਤੇ ਦਹਿਸ਼ਤ ਫੈਲਾਉਣ ਦੇ ਇਰਾਦੇ ਨਾਲ ਇਹ ਹਮਲਾ ਕੀਤਾ। ਘਟਨਾ ਤੋਂ ਬਾਅਦ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ। ਥਾਣਾ ਲਾਡੋਵਾਲ ਦੀ ਪੁਲਿਸ ਨੇ ਸ਼ਿਕਾਇਤ ਦੇ ਆਧਾਰ ‘ਤੇ ਸੁਖਵਿੰਦਰ ਸਿੰਘ, ਗੁਰਪ੍ਰੀਤ ਸਿੰਘ ਅਤੇ ਦਲਬੀਰ ਸਿੰਘ ਨੂੰ ਨਾਮਜ਼ਦ ਕਰਦਿਆਂ ਕਰੀਬ 12 ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਜਾਂਚ ਅਧਿਕਾਰੀ ਮੇਜਰ ਸਿੰਘ ਨੇ ਦੱਸਿਆ ਕਿ ਫਿਲਹਾਲ ਕਿਸੇ ਵੀ ਦੋਸ਼ੀ ਦੀ ਗ੍ਰਿਫ਼ਤਾਰੀ ਨਹੀਂ ਹੋ ਸਕੀ ਅਤੇ ਪੁਲਿਸ ਵੱਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ।