ਕੈਨੇਡਾ ਤੋਂ ਆਏ ਐੱਨਆਰਆਈ ’ਤੇ ਜ਼ਮੀਨੀ ਵਿਵਾਦ ਕਾਰਨ ਗੁਆਂਢੀਆਂ ਨੇ ਕੀਤਾ ਹਮਲਾ
ਕੈਨੇਡਾ ਤੋਂ ਆਏ ਐਨਆਰਆਈ ਦੇ ਘਰ ਤੇ ਹਮਲਾ, ਜ਼ਮੀਨੀ ਵਿਵਾਦ ਬਣਿਆ ਖੂਨੀ ਰੰਜਿਸ਼ ਦਾ ਕਾਰਨ
Publish Date: Wed, 01 Apr 2026 08:18 PM (IST)
Updated Date: Thu, 02 Apr 2026 04:13 AM (IST)

* ਬਚਾਅ ਕਰਨ ਲਈ ਐੱਨਆਰਆਈ ਨੇ ਖੁਦ ਨੂੰ ਕੀਤਾ ਕਮਰੇ ’ਚ ਬੰਦ ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ ਲੁਧਿਆਣਾ : ਆਸੀ ਕਲਾਂ ’ਚ ਜ਼ਮੀਨੀ ਵਿਵਾਦ ਨੂੰ ਲੈ ਕੇ ਇਕ ਗੰਭੀਰ ਤੇ ਚਿੰਤਾਜਨਕ ਘਟਨਾ ਸਾਹਮਣੇ ਆਈ ਹੈ, ਜਿੱਥੇ ਕੈਨੇਡਾ ਤੋਂ ਵਾਪਸ ਆਏ ਇਕ ਐੱਨਆਰਆਈ ’ਤੇ ਉਸ ਦੇ ਗੁਆਂਢੀਆਂ ਵੱਲੋਂ ਕਥਿਤ ਤੌਰ ’ਤੇ ਜ਼ਬਰਦਸਤ ਹਮਲਾ ਕੀਤਾ ਗਿਆ। ਇਹ ਵਾਰਦਾਤ ਬੀਤੇ ਦਿਨੀਂ ਰਾਤ ਲਗਪਗ 9 ਵਜੇ ਵਾਪਰੀ। ਚੰਗੀ ਕਿਸਮਤ ਕਾਰਨ ਐੱਨਆਰਆਈ ਨੇ ਮੌਕਾ ਦੇਖਦੇ ਹੀ ਖੁਦ ਨੂੰ ਕਮਰੇ ਅੰਦਰ ਬੰਦ ਕਰ ਲਿਆ, ਜਿਸ ਕਾਰਨ ਉਨ੍ਹਾਂ ਦਾ ਜਾਨੀ ਬਚਾਅ ਤਾਂ ਹੋ ਗਿਆ, ਪਰ ਹਮਲਾਵਰਾਂ ਨੇ ਘਰ ਦਾ ਸਾਰਾ ਸਾਮਾਨ ਭੰਨ ਦਿੱਤਾ। ਜਸਵੀਰ ਸਿੰਘ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ ਉਹ ਕੈਨੇਡਾ ’ਚ ਰਹਿੰਦੇ ਹਨ ਅਤੇ ਉਨ੍ਹਾਂ ਦਾ ਲੁਧਿਆਣਾ ਸਥਿਤ ਆਪਣੀ ਖੇਤੀਬਾੜੀ ਵਾਲੀ ਜ਼ਮੀਨ ਨੂੰ ਲੈ ਕੇ ਕਾਫੀ ਸਮੇਂ ਤੋਂ ਗੁਆਂਢੀਆਂ ਨਾਲ ਵਿਵਾਦ ਚੱਲ ਰਿਹਾ ਸੀ। ਇਸ ਵਿਵਾਦ ਦਾ ਨਿਪਟਾਰਾ ਕਰਵਾਉਣ ਲਈ ਉਹ ਹਾਲ ਹੀ ’ਚ ਕੈਨੇਡਾ ਤੋਂ ਆਪਣੇ ਪਿੰਡ ਆਏ ਸਨ। ਜਾਣਕਾਰੀ ਮੁਤਾਬਕ ਕੁਝ ਸਮਾਂ ਪਹਿਲਾਂ ਪੰਚਾਇਤ ਰਾਹੀਂ ਇਸ ਮਾਮਲੇ ਦਾ ਫੈਸਲਾ ਵੀ ਕੀਤਾ ਗਿਆ ਸੀ, ਪਰ ਦੂਜੇ ਪੱਖ ਵੱਲੋਂ ਇਸ ਫੈਸਲੇ ਨੂੰ ਮਨਜ਼ੂਰ ਨਾ ਕੀਤਾ ਗਿਆ। ਇਸੇ ਕਾਰਨ ਗੁਆਂਢੀਆਂ ਨੇ ਮਨ ’ਚ ਰੰਜਿਸ਼ ਰੱਖ ਲਈ। ਪੀੜਤ ਅਨੁਸਾਰ ਘਟਨਾ ਵਾਲੀ ਰਾਤ ਉਹ ਘਰ ਵਿੱਚ ਇਕੱਲੇ ਮੌਜੂਦ ਸਨ। ਇਸ ਦੌਰਾਨ ਹਥਿਆਰਬੰਦ ਹਮਲਾਵਰਾਂ ਦਾ ਇਕ ਟੋਲਾ ਅਚਾਨਕ ਉਨਾਂ ਦੇ ਘਰ ਪਹੁੰਚਿਆ। ਦੋਸ਼ ਹੈ ਕਿ ਹਮਲਾਵਰਾਂ ਨੇ ਸਭ ਤੋਂ ਪਹਿਲਾਂ ਘਰ ਦਾ ਮੁੱਖ ਦਰਵਾਜ਼ਾ ਤੋੜ ਕੇ ਜਬਰਦਸਤੀ ਅੰਦਰ ਦਾਖਲ ਹੋਏ। ਉਨ੍ਹਾਂ ਦੇ ਹੱਥਾਂ ਵਿੱਚ ਤੇਜ਼ਧਾਰ ਹਥਿਆਰ ਸਨ, ਜਿਸ ਕਾਰਨ ਡਰ ਦੇ ਮਾਰੇ ਜਸਵੀਰ ਸਿੰਘ ਨੇ ਤੁਰੰਤ ਆਪਣੇ ਆਪ ਨੂੰ ਇਕ ਕਮਰੇ ਵਿੱਚ ਬੰਦ ਕਰ ਲਿਆ। ਉਹ ਕਮਰਾ ਲੋਹੇ ਦੇ ਮਜ਼ਬੂਤ ਦਰਵਾਜ਼ੇ ਨਾਲ ਸੁਰੱਖਿਅਤ ਸੀ, ਜਿਸ ਕਾਰਨ ਹਮਲਾਵਰ ਅੰਦਰ ਦਾਖ਼ਲ ਨਹੀਂ ਹੋ ਸਕੇ ਅਤੇ ਜਸਵੀਰ ਸਿੰਘ ਦੀ ਜਾਨ ਬਚ ਗਈ। ਦੋਸ਼ ਹੈ ਕਿ ਜਦੋਂ ਹਮਲਾਵਰ ਉਨ੍ਹਾਂ ਤੱਕ ਨਹੀਂ ਪਹੁੰਚ ਸਕੇ ਤਾਂ ਉਨ੍ਹਾਂ ਘਰ ਅੰਦਰ ਪਏ ਸਾਰੇ ਸਾਮਾਨ ਦੀ ਭੰਨ-ਤੋੜ ਕਰ ਦਿੱਤੀ ਅਤੇ ਉਨ੍ਹਾਂ ਕਾਫੀ ਮਾਲੀ ਨੁਕਸਾਨ ਪਹੁੰਚਾਇਆ। ਇਸ ਦੌਰਾਨ ਘਰ ’ਚ ਦਹਿਸ਼ਤ ਦਾ ਮਾਹੌਲ ਬਣ ਗਿਆ। ਵਾਰਦਾਤ ਤੋਂ ਬਾਅਦ ਪੀੜਤ ਨੇ ਤੁਰੰਤ ਥਾਣਾ ਡੇਹਲੋਂ ਦੀ ਪੁਲਿਸ ਨੂੰ ਮਾਮਲੇ ਸਬੰਧੀ ਸੂਚਿਤ ਕੀਤਾ। ਪੁਲਿਸ ਨੇ ਸ਼ਿਕਾਇਤ ਦੇ ਆਧਾਰ ’ਤੇ ਬਲਦੇਵ ਸਿੰਘ, ਨਾਇਬ ਸਿੰਘ ਸਮੇਤ ਲਗਭਗ 15 ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਹੇਠ ਮਾਮਲਾ ਦਰਜ ਕਰ ਲਿਆ ਹੈ। ਜਾਂਚ ਅਧਿਕਾਰੀ ਜਗਜੀਤ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਜਾਰੀ ਹੈ ਅਤੇ ਦੋਸ਼ੀਆਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਫਿਲਹਾਲ ਕਿਸੇ ਵੀ ਮੁਲਜ਼ਮ ਦੀ ਗ੍ਰਿਫ਼ਤਾਰੀ ਨਹੀਂ ਹੋ ਸਕੀ। ਇਸ ਘਟਨਾ ਨਾਲ ਇਲਾਕੇ ਵਿੱਚ ਡਰ ਤੇ ਚਿੰਤਾ ਦਾ ਮਾਹੌਲ ਬਣਿਆ ਹੋਇਆ ਹੈ। ਪੁਲਿਸ ਵੱਲੋਂ ਭਰੋਸਾ ਦਿਵਾਇਆ ਗਿਆ ਹੈ ਕਿ ਦੋਸ਼ੀਆਂ ਨੂੰ ਜਲਦ ਕਾਬੂ ਕੀਤਾ ਜਾਵੇਗਾ।