ਆਸ਼ਾ ਵਰਕਰਜ਼ ਭਲਕੇ ਡਿਪਟੀ ਕਮਿਸ਼ਨਰਾਂ ਨੂੰ ਦੇਣਗੇ ਮੰਗ ਪੱਤਰ
ਆਸ਼ਾ ਵਰਕਰਜ਼ ਅਤੇ ਫੈਸੀਲਿਟੇਟਰਜ਼ ਭਲਕੇ ਡਿਪਟੀ ਕਮਿਸ਼ਨਰਾਂ ਨੂੰ ਦੇਣਗੇ ਮੰਗ ਪੱਤਰ
Publish Date: Sun, 01 Mar 2026 06:52 PM (IST)
Updated Date: Sun, 01 Mar 2026 06:55 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਲੁਧਿਆਣਾ ਆਸ਼ਾ ਵਰਕਰਜ਼ ਅਤੇ ਫੈਸਿਲੀਟੇਟਰਜ਼ ਸਾਂਝਾ ਮੋਰਚਾ ਪੰਜਾਬ ਵੱਲੋਂ ਮੰਗਾਂ ਨੂੰ ਲੈ ਕੇ ਸੰਘਰਸ਼ ਤੇਜ਼ ਕਰਨ ਦਾ ਐਲਾਨ ਕੀਤਾ ਗਿਆ ਹੈ। ਆਸ਼ਾ ਵਰਕਰਜ਼ ਅਤੇ ਫੈਸਿਲੀਟੇਟਰਜ਼ ਸਾਂਝਾ ਮੋਰਚਾ ਪੰਜਾਬ ਦੀ ਚੇਅਰਮੈਨ ਸੁਖਵਿੰਦਰ ਕੌਰ ਸੁੱਖੀ ਮਾਨਸਾ, ਅਮਰਜੀਤ ਕੌਰ ਰਣ ਸਿੰਘ ਵਾਲਾ ਕਨਵੀਨਰ, ਰਾਣੋਂ ਖੇੜੀ ਗਿੱਲਾਂ ਕਨਵੀਨਰ,ਹਰਿੰਦਰ ਕੌਰ ਸ਼ਤਰਾਣਾ ਕਨਵੀਨਰ, ਸੰਤੋਸ਼ ਕੁਮਾਰੀ ਫਾਜ਼ਿਲਕਾ ਕਨਵੀਨਰ ਬਲਵੀਰ ਕੌਰ ਲੁਧਿਆਣਾ ਵਲੋਂ ਮੰਗਾਂ ਨੂੰ ਲੈ ਆਨਲਾਈਨ ਅਹਿਮ ਮੀਟਿੰਗ ਕੀਤੀ ਗਈ। ਮੀਟਿੰਗ ਵਿਚ ਉਕਤ ਕਨਵੀਨਰਾਂ ਨੇ ਕਿਹਾ ਕਿ ਨੈਸ਼ਨਲ ਹੈਲਥ ਮਿਸ਼ਨ, ਪੰਜਾਬ ਅਧੀਨ ਕੰਮ ਕਰ ਰਹੀਆਂ ਆਸ਼ਾ ਵਰਕਰਜ਼/ਫੈਸਿਲੀਟੇਟਰਜ਼ ਦਾ ਬਹੁਤ ਲੰਬੇ ਸਮੇਂ ਤੋਂ ਬਿਨ੍ਹਾਂ ਤਨਖ਼ਾਹ ਸ਼ੋਸ਼ਣ ਕੀਤਾ ਜਾ ਰਿਹਾ ਹੈ ਜਦਕਿ ਮੰਗਾਂ /ਮੁਸ਼ਕਲਾਂ ਦੇ ਹੱਲ ਲਈ ਕੇਂਦਰ ਅਤੇ ਪੰਜਾਬ ਸਰਕਾਰ ਨੂੰ ਅਨੇਕਾਂ ਵਾਰ ਮੰਗ ਪੱਤਰ ਸੌਂਪੇ ਗਏ ਪ੍ਰੰਤੂ ਕੋਈ ਠੋਸ ਹੱਲ ਨਹੀਂ ਹੋਇਆ, ਜਿਸ ਕਰਕੇ ਮੋਰਚਾ ਨੇ ਫੈਸਲਾ ਲਿਆ ਕਿ ਪੰਜਾਬ ਭਰ ਵਿੱਚ ਸਮੂਹ ਆਸ਼ਾ ਵਰਕਰਾਂ ਫੈਸਿਲੀਟੇਟਰਜ਼ ਸਾਂਝਾ ਮੋਰਚਾ ਪੰਜਾਬ ਵੱਲੋਂ 3 ਮਾਰਚ ਨੂੰ ਪੰਜਾਬ ਦੇ ਸਮੂਹ ਡਿਪਟੀ ਕਮਿਸ਼ਨਰਾਂ ਰਾਹੀਂ ਮੁੱਖ ਮੰਤਰੀ ਨੂੰ ਮੰਗ ਪੱਤਰ ਸੌਂਪੇ ਜਾਣਗੇ। ਮੋਰਚਾ ਆਗੂਆਂ ਨੇ ਕਿਹਾ ਕਿ ਜੇਕਰ ਵਰਕਰਜ਼ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਅਖੀਰਲੇ ਪੰਜਾਬ ਬਜ਼ਟ ਸੈਸ਼ਨ ਦਾ ਘਿਰਾਓ ਕਰਕੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਇਸ ਮੌਕੇ ਆਗੂਆਂ ਨੇ ਮੰਗ ਕੀਤੀ ਕਿ ਵਰਕਰਾਂ ਦੀਆਂ ਸੇਵਾਵਾਂ ਰੈਗੂਲਰ ਕਰਕੇ ਰੈਗੂਲਰ 26000 ਰੁਪਏ ਤਨਖਾਹ ਦਿੱਤੀ ਜਾਵੇ, ਸੇਵਾ ਮੁਕਤ ਹੋਣ ਤੇ ਵਰਕਰਾਂ ਨੂੰ ਹਰਿਆਣਾ ਦੀ ਤਰਜ ਤੇ ਸਹਾਇਤਾ ਫੰਡ 5 ਲੱਖ ਰੁਪਏ ਦਿੱਤਾ ਜਾਵੇ, ਡਿਊਟੀ ਦੌਰਾਨ ਮਿਲਣ ਵਾਲੇ ਫਿਕਸ ਭੱਤੇ ਦਾ ਅੱਧਾ ਹਿੱਸਾ ਪੈਨਸ਼ਨ ਦੇ ਰੂਪ ਵਿੱਚ ਦਿੱਤਾ ਜਾਵੇ,ਅਨਰੇਰੀਅਨ ਫੰਡ ਵਿੱਚੋਂ ਮਿਲਣ ਵਾਲਾ ਫਿਕਸ ਭੱਤਾ 10 ਹਜਾਰ ਰੁਪਏ ਕੀਤਾ ਜਾਵੇ, ਫੈਸਿਲੀਟੇਟਰਜ਼ ਦੇ ਟੂਰ ਮਨੀ ਨੂੰ ਦੁਗਣਾ ਕੀਤਾ ਜਾਵੇ।