ਆਸ਼ਾ ਤੇ ਮਿਡ ਡੇ ਮੀਲ ਵਰਕਰਾਂ ਵੱਲੋਂ ਸੰਘਰਸ਼ ਦਾ ਐਲਾਨ
ਆਸ਼ਾ ਅਤੇ ਮਿਡ ਡੇ ਮੀਲ ਵਰਕਰਾਂ ਵੱਲੋਂ ਪੰਜਾਬ ਸਰਕਾਰ ਵਿਰੁੱਧ ਸੰਘਰਸ਼ ਦਾ ਬਿਗਲ
Publish Date: Wed, 25 Feb 2026 07:58 PM (IST)
Updated Date: Wed, 25 Feb 2026 08:01 PM (IST)

ਸੁਖਦੇਵ ਸਲੇਮਪੁਰੀ, ਪੰਜਾਬੀ ਜਾਗਰਣ ਲੁਧਿਆਣਾ ਮਾਣ ਭੱਤਾ ਵਰਕਰਜ਼ ਸਾਂਝਾ ਮੋਰਚਾ ਵੱਲੋਂ ਇੱਕ ਮਾਰਚ ਨੂੰ ਪੰਜਾਬ ’ਚ ਆਮ ਆਦਮੀ ਪਾਰਟੀ ਦੇ 6 ਕੈਬਨਿਟ ਮੰਤਰੀਆਂ ਅਤੇ ਕਾਰਜਕਾਰੀ ਪ੍ਰਧਾਨ ਦੇ ਘਰਾਂ ਵੱਲ ਰੋਸ ਮਾਰਚ ਕਰ ਕੇ ਚੋਣਾਂ ਦੌਰਾਨ ਮਾਣਭੱਤਾ ਵਰਕਰਾਂ ਨਾਲ ਕੀਤੇ ਵਾਅਦੇ ਯਾਦ ਕਰਵਾਏ ਜਾਣਗੇ। ਇਸ ਸਬੰਧੀ ਫੈਸਲਾ ਮਾਣਭੱਤਾ ਵਰਕਰਜ਼ ਸਾਂਝਾ ਮੋਰਚਾ ਵੱਲੋਂ ਸੁਬਾਈ ਆਗੂ ਪ੍ਰਵੀਨ ਕੁਮਾਰੀ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ’ਚ ਲਿਆ ਗਿਆ। ਇਸ ਦੌਰਾਨ ਮਿਡ ਡੇ ਮੀਲ ਵਰਕਰਜ਼ ਯੂਨੀਅਨ ਦੀਆਂ ਆਗੂਆਂ ਪ੍ਰਵੀਨ ਕੁਮਾਰੀ, ਪਿੰਕੀ ਰਾਣੀ, ਰਾਧਾ ਰਾਣੀ, ਰਾਜ ਰਾਣੀ, ਮਨਜੀਤ ਕੌਰ, ਮਨਪ੍ਰੀਤ ਕੌਰ ਕੁਹਾੜਾ, ਅਮਨਦੀਪ ਕੌਰ, ਗੁਰਪ੍ਰੀਤ ਸਾਹਬਾਨਾ, ਰਾਜਵਿੰਦਰ ਬਰਵਾਲਾ, ਦਵਿੰਦਰ ਕੌਰ, ਪਾਂਗਲੀਆਂ, ਜਸਵੰਤ ਕੌਰ ਨੱਥੂਭੈਣੀ ਹਿੱਸਾ ਲਿਆ। ਮੀਟਿੰਗ ਨੂੰ ਸੰਬੋਧਨ ਕਰਦਿਆਂ ਆਗੂਆਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਸੱਤਾ ਵਿੱਚ ਆਉਣ ਤੋਂ ਪਹਿਲਾਂ ਮਾਣਭੱਤਾ ਵਰਕਰਾਂ ਨੂੰ ਭਰੋਸਾ ਦਿੱਤਾ ਗਿਆ ਸੀ ਕਿ ਉਨ੍ਹਾਂ ਨੂੰ ਮਿਲਦੇ ਨਿਗੂਣੇ ਮਾਣਭੱਤਿਆਂ ਨੂੰ ਦੁੱਗਣਾ ਕੀਤਾ ਜਾਵੇਗਾ ਅਤੇ ਵਰਕਰਾਂ ਦੀ ਤਨਖ਼ਾਹ ’ਚ ਹਰ ਸਾਲ ਬਣਦਾ ਵਾਧਾ ਕੀਤਾ ਜਾਵੇਗਾ ਪਰ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਦੇ ਚਾਰ ਸਾਲਾਂ ਬਾਅਦ ਵੀ ਵਰਕਰਾਂ ਦੀਆਂ ਤਨਖਾਹਾਂ ਵਿੱਚ ਇੱਕ ਟਕੇ ਦਾ ਵੀ ਵਾਧਾ ਨਹੀਂ ਕੀਤਾ ਗਿਆ, ਬਲਕਿ ਇਸ ਦੇ ਉਲਟ ਸਿਰਫ਼ ਝੂਠੇ ਲਾਰੇ-ਲੱਪੇ ਲਗਾ ਕੇ ਮਾਣਭੱਤਾ ਵਰਕਰਾਂ ਦਾ ਸ਼ੋਸ਼ਣ ਲਗਾਤਾਰ ਜਾਰੀ ਹੈ, ਜਿਸ ਕਾਰਨ ਪੰਜਾਬ ਦੀਆਂ ਆਸ਼ਾ ਵਰਕਰਾਂ, ਫੈਸਿਲੀਟੇਟਰਾਂ ਅਤੇ ਮਿਡ ਡੇ ਮੀਲ ਵਰਕਰਾਂ ਵੱਲੋਂ 1 ਮਾਰਚ ਨੂੰ ਲੁਧਿਆਣਾ ਵਿਖੇ ਕੈਬਨਿਟ ਮੰਤਰੀ ਸੰਜੀਵ ਅਰੋੜਾ ਦੇ ਘਰ ਦਾ ਘਿਰਾਓ ਕੀਤਾ ਜਾਵੇਗਾ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇ ਪੰਜਾਬ ਸਰਕਾਰ ਵੱਲੋਂ ਵਿਧਾਨ ਸਭਾ ਵਿੱਚ ਪੇਸ਼ ਕੀਤੇ ਜਾਣ ਵਾਲੇ ਆਪਣੇ ਆਖ਼ਰੀ ਬਜਟ ’ਚ ਮਾਣਭੱਤਾ ਵਰਕਰਾਂ ਨੂੰ ਅਣਗੌਲਿਆਂ ਕੀਤਾ ਗਿਆ ਤਾਂ ਉਨ੍ਹਾਂ ਵੱਲੋਂ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ।