- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਏਐਸ ਕਾਲਜ ਸਟੇਡੀਅਮ ਖੇਡ ਭਾਵਨਾ ਤੇ ਉਤਸ਼ਾਹ ਨਾਲ ਗੂੰਜਿਆ

73ਵੀਂ ਐਥਲੈਟਿਕ ਮੀਟ ਦੀ ਸ਼ਾਨਦਾਰ ਸ਼ੁਰੂਆਤ, ਕੈਬਨਿਟ ਮੰਤਰੀ ਪੰਜਾਬ ਸਰਕਾਰ ਤਰੁਣਪ੍ਰੀਤ ਸਿੰਘ ਸੋਂਦ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਖੰਨਾ : ਏਐੱਸ ਕਾਲਜ ਖੰਨਾ ਦੀ ਦੋ-ਰੋਜ਼ਾ 73ਵੀਂ ਸਾਲਾਨਾ ਐਥਲੈਟਿਕ ਮੀਟ ਕਾਲਜ ਦੇ ਮਦਨ ਗੋਪਾਲ ਚੋਪੜਾ ਸਟੇਡੀਅਮ ਵਿਖੇ ਆਯੋਜਿਤ ਕੀਤੀ ਗਈ। ਵਿਦਿਆਰਥੀਆਂ ਤੇ ਖੇਡ ਪ੍ਰੇਮੀਆਂ ਨੇ ਇਸ ਸ਼ਾਨਦਾਰ ਖੇਡ ਸਮਾਗਮ ਵਿੱਚ ਉਤਸ਼ਾਹ ਨਾਲ ਹਿੱਸਾ ਲਿਆ ਤੇ ਆਪਣੀ ਪ੍ਰਤਿਭਾ ਅਤੇ ਖੇਡ ਭਾਵਨਾ ਦਾ ਪ੍ਰਦਰਸ਼ਨ ਕੀਤਾ। ਕੈਬਨਿਟ ਮੰਤਰੀ ਪੰਜਾਬ ਤਰੁਣਪ੍ਰੀਤ ਸਿੰਘ ਸੋਂਦ ਸਮਾਰੋਹ ਦੇ ਮੁੱਖ ਮਹਿਮਾਨ ਸਨ ਜਦੋਂ ਕਿ ਅਨਿਲ ਅਗਰਵਾਲ ਐਮਡੀ, ਦਸ਼ਮੇਸ਼ ਕਾਸਟਿੰਗਜ਼ ਤੇ ਐਨਆਰਆਈ ਗੁਰਿੰਦਰ ਮਾਂਗਟ ਵਿਸ਼ੇਸ਼ ਮਹਿਮਾਨ ਰਹੇ।
ਪ੍ਰੋਗਰਾਮ ਦੀ ਸ਼ੁਰੂਆਤ ’ਚ ਕਾਲਜ ਪ੍ਰਿੰਸੀਪਲ ਡਾ. ਕੇਕੇ ਸ਼ਰਮਾ ਨੇ ਆਪਣੇ ਸੰਬੋਧਨ ’ਚ ਪ੍ਰੋਗਰਾਮ ਦੇ ਮੁੱਖ ਮਹਿਮਾਨ ਅਤੇ ਵਿਸ਼ੇਸ਼ ਮਹਿਮਾਨਾਂ ਬਾਰੇ ਜਾਣ-ਪਛਾਣ ਭਾਸ਼ਣ ਦਿੱਤਾ ਅਤੇ ਸਟੇਜ ਤੋਂ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ। ਨਾਲ ਹੀ ਉਨ੍ਹਾਂ ਨੇ ਏਐਸ ਹਾਈ ਸਕੂਲ ਖੰਨਾ ਟਰੱਸਟ ਐਂਡ ਮੈਨੇਜਮੈਂਟ ਸੋਸਾਇਟੀ ਦੇ ਪ੍ਰਧਾਨ ਸੰਜੀਵ ਧਮੀਜਾ, ਜਨਰਲ ਸਕੱਤਰ ਰਾਜੇਸ਼ ਡਾਲੀ, ਸੰਯੁਕਤ ਜਨਰਲ ਸਕੱਤਰ ਜਤਿੰਦਰ ਦੇਵਗਨ, ਕਾਲਜ ਸਕੱਤਰ ਅਜੇ ਸੂਦ, ਏਐਸ ਕਾਲਜ ਫਾਰ ਵੂਮੈਨ ਦੇ ਸਕੱਤਰ ਕਵਿਤਾ ਗੁਪਤਾ, ਏਐਸ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਦੇ ਸਕੱਤਰ ਰਮਰੀਸ਼ ਵਿਜ, ਏਐਸ ਕਾਲਜ ਆਫ਼ ਐਜੂਕੇਸ਼ਨ ਦੇ ਸਕੱਤਰ ਸੁਬੋਧ ਮਿੱਤਲ, ਏਐਸ ਸੀਨੀਅਰ ਸੈਕੰਡਰੀ ਸਕੂਲ ਦੇ ਮੈਨੇਜਰ ਮੋਹਿਤ ਗੋਇਲ, ਐਮਜੀਸੀਏਐਸ ਮਾਡਲ ਹਾਈ ਸਕੂਲ ਦੇ ਸਕੱਤਰ ਸ਼ਿਵਮ ਬੇਦੀ, ਰਾਜ ਸਾਹਨੇਵਾਲੀਆ, ਰਣਜੀਤ ਸਿੰਘ ਹੀਰਾ, ਵਿਨੋਦ ਗੁਪਤਾ, ਰੋਮੀ ਬਾਵਾ, ਹਰੀਸ਼ ਗੁਪਤਾ, ਕਰੁਣ ਅਰੋੜਾ, ਤਰੁਣ ਲੂੰਬਾ, ਕੰਚਨ ਫੀਡ ਦੇ ਐਮਡੀ ਮੁਕੇਸ਼ ਮਹਿਤਾ, ਨਵੀਨ ਹਾਂਡਾ, ਐਥਲੈਟਿਕਸ ਕੋਚ ਭੁਪਿੰਦਰ ਸਿੰਘ, ਰਿਟਾਇਰਡ ਡੀਐਸੳ ਮੋਹਿੰਦਰ ਸਿੰਘ, ਏ.ਐਸ. ਕਾਲਜ ਆਫ਼ ਐਜੂਕੇਸ਼ਨ ਦੇ ਪ੍ਰਿੰਸੀਪਲ ਡਾ. ਪਵਨ ਕੁਮਾਰ, ਏਐਸ ਕਾਲਜ ਫਾਰ ਵਿਮੈਨ ਦੇ ਪ੍ਰਿੰਸੀਪਲ ਨੀਤੂ ਓਹਰੀ, ਐਮਜੀਸੀਏਐਸ ਮਾਡਲ ਹਾਈ ਸਕੂਲ ਦੇ ਪ੍ਰਿੰਸੀਪਲ ਰਿਤੂ ਸੂਦ, ਕਾਲਜ ਪ੍ਰਿੰਸੀਪਲ ਡਾ. ਕੇ.ਕੇ. ਸ਼ਰਮਾ ਦੀ ਧਰਮਪਤਨੀ ਪ੍ਰੋ. ਪੁਨੀਤ ਸ਼ਰਮਾ, ਪ੍ਰੋ. ਰਣਜੀਤ ਕੌਰ ਅਤੇ ਸਟੇਜ 'ਤੇ ਮੌਜੂਦ ਸਾਰੇ ਪਤਵੰਤੇ ਮਹਿਮਾਨਾਂ ਦਾ ਸਵਾਗਤ ਕੀਤਾ।
ਮੁੱਖ ਮਹਿਮਾਨ, ਵਿਸ਼ੇਸ਼ ਮਹਿਮਾਨ, ਮੈਨੇਜਮੈਂਟ ਮੈਂਬਰ, ਕਾਲਜ ਪ੍ਰਿੰਸੀਪਲ ਅਤੇ ਡੀਨ ਆਫ ਸਪੋਰਟਸ, ਡਾ. ਦਿਨੇਸ਼ ਕੁਮਾਰ ਨੇ ਝੰਡਾ ਲਹਿਰਾਉਣ ਦੀ ਰਸਮ ਨਾਲ ਪ੍ਰੋਗਰਾਮ ਦਾ ਉਦਘਾਟਨ ਕੀਤਾ। ਸਰੀਰਕ ਸਿੱਖਿਆ ਅਤੇ ਖੇਡ ਵਿਭਾਗ ਦੇ ਬੀਏ ਭਾਗ ਪਹਿਲਾ ਦੇ ਵਿਦਿਆਰਥੀ ਗੁਰਸਾਹਿਬ ਸਿੰਘ ਨੇ ਵਿਭਾਗ ਦੇ ਹੋਰ ਖਿਡਾਰੀਆਂ ਨਾਲ ਮਿਲ ਕੇ ਪਵਿੱਤਰ ਮਸ਼ਾਲ ਜਗਾਉਣ ਦੀ ਰਸਮ ਨਿਭਾਈ। ਕਾਲਜ ਦੇ ਐਨਸੀਸੀ ਕੈਡਿਟਾਂ, ਐਨਐਸਐਸ ਵਲੰਟੀਅਰਾਂ ਅਤੇ ਸਰੀਰਕ ਸਿੱਖਿਆ ਅਤੇ ਖੇਡ ਵਿਭਾਗ ਦੇ ਵਿਦਿਆਰਥੀਆਂ ਨੇ ਮਾਰਚ ਪਾਸਟ ਕੀਤਾ ਅਤੇ ਮੁੱਖ ਮਹਿਮਾਨ ਅਤੇ ਵਿਸ਼ੇਸ਼ ਮਹਿਮਾਨਾਂ ਨੂੰ ਸਲਾਮੀ ਦਿੱਤੀ। ਟੀਚਿੰਗ ਸਟਾਫ਼ ਵੱਲੋਂ ਟਰੈਕ ਮੁਕਾਬਲਿਆਂ ਦੇ ਮੁੱਖ ਜੱਜ ਡਾ. ਬਲਵਿੰਦਰ ਅਗਰਵਾਲ ਅਤੇ ਵਿਦਿਆਰਥੀਆਂ ਵੱਲੋਂ ਸਿਮਰਨਜੀਤ ਸਿੰਘ ਨੇ ਨਿਸ਼ਠਾ ਅਤੇ ਸ਼ੁੱਧ ਖੇਡ ਭਾਵਨਾ ਦੀ ਸਹੁੰ ਚੁੱਕੀ। ਡਾ. ਚਰਨ ਕੁਮਾਰ ਤੇ ਡਾ. ਮਨਪ੍ਰੀਤ ਕੌਰ ਨੇ ਅਨਾਉਸਰਜ਼ ਦੀ ਭੂਮਿਕਾ ਨਿਭਾਈ। ਉਪਰੰਤ ਤਲਵਿੰਦਰ ਸਿੰਘ ਦੀ ਅਗਵਾਈ ਹੇਠ ਗੱਤਕਾ ਟੀਮ ਨੇ ਸ਼ਾਨਦਾਰ ਗੱਤਕਾ ਪ੍ਰਦਰਸ਼ਨ ਨਾਲ ਮਾਹੌਲ ਵਿੱਚ ਇੱਕ ਨਵੀਂ ਊਰਜਾ ਭਰ ਦਿੱਤੀ।
ਆਪਣੇ ਸੰਬੋਧਨ ਵਿੱਚ ਮੁੱਖ ਮਹਿਮਾਨ ਕੈਬਨਿਟ ਮੰਤਰੀ, ਪੰਜਾਬ ਸਰਕਾਰ ਤਰੁਣਪ੍ਰੀਤ ਸਿੰਘ ਸੋਂਦ ਨੇ ਕਾਲਜ ਮੈਨੇਜਮੈਂਟ ਕਮੇਟੀ ਦੇ ਸਾਰੇ ਮੈਂਬਰਾਂ, ਕਾਲਜ ਪ੍ਰਿੰਸੀਪਲ, ਅਧਿਆਪਨ ਅਤੇ ਗੈਰ-ਅਧਿਆਪਨ ਸਟਾਫ਼ ਅਤੇ ਵਿਦਿਆਰਥੀਆਂ ਨੂੰ 73ਵੀਂ ਐਥਲੈਟਿਕ ਮੀਟ ਨੂੰ ਸ਼ਾਨਦਾਰ ਢੰਗ ਨਾਲ ਆਯੋਜਿਤ ਕਰਨ ਲਈ ਵਧਾਈ ਦਿੱਤੀ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਅਸ਼ੀਰਵਾਦ ਦਿੱਤਾ ਤੇ ਉਨ੍ਹਾਂ ਨੂੰ ਆਪਣੀਆਂ ਅਕਾਦਮਿਕ ਗਤੀਵਿਧੀਆਂ ਦੇ ਨਾਲ-ਨਾਲ ਖੇਡ ਮੁਕਾਬਲਿਆਂ ਵਿੱਚ ਵੀ ਸਰਗਰਮੀ ਨਾਲ ਹਿੱਸਾ ਲੈਣ ਲਈ ਉਤਸ਼ਾਹਿਤ ਕੀਤਾ। ਉਨ੍ਹਾਂ ਨੇ ਖਾਸ ਤੌਰ 'ਤੇ ਏਐਸ ਹਾਈ ਸਕੂਲ ਖੰਨਾ ਟਰੱਸਟ ਅਤੇ ਮੈਨੇਜਮੈਂਟ ਸੋਸਾਇਟੀ ਦੇ ਸਤਿਕਾਰਯੋਗ ਪ੍ਰਬੰਧਨ ਮੈਂਬਰਾਂ ਨੂੰ ਖੰਨਾ ਦੇ ਸਾਰੇ ਏਐਸ ਸੰਸਥਾਵਾਂ ਦੀ ਸ਼ਾਨਦਾਰ ਵਿਰਾਸਤ ਅਤੇ ਉੱਚ ਪਰੰਪਰਾਵਾਂ ਨੂੰ ਕਾਇਮ ਰੱਖਦੇ ਹੋਏ ਹਮੇਸ਼ਾ ਸਮੁੱਚੇ ਵਿਕਾਸ ਲਈ ਕਾਰਜਸ਼ੀਲ ਰਹਿਣ ਲਈ ਵਧਾਈ ਦਿੱਤੀ।
ਸਮਾਰੋਹ ਦੇ ਵਿਸ਼ੇਸ਼ ਮਹਿਮਾਨ ਗੁਰਿੰਦਰ ਮਾਂਗਟ ਨੇ ਇਸ ਮੌਕੇ 'ਤੇ ਵਿਦਿਆਰਥੀ ਭਲਾਈ ਲਈ ਕਾਲਜ ਨੂੰ 51,000 ਰੁਪਏ ਦਾਨ ਕੀਤੇ। ਡੀਨ ਆਫ ਸਪੋਰਟਸ ਡਾ. ਦਿਨੇਸ਼ ਕੁਮਾਰ ਤੇ ਸਰੀਰਕ ਸਿੱਖਿਆ ਅਤੇ ਖੇਡ ਵਿਭਾਗ ਦੇ ਮੁਖੀ ਡਾ. ਗੁਰਵੀਰ ਸਿੰਘ ਦੇ ਨਾਲ ਡਾ. ਗਗਨਪ੍ਰੀਤ ਸ਼ਰਮਾ ਤੇ ਪ੍ਰੋ. ਸਮ੍ਰਿਤੀ ਦੀ ਅਗਵਾਈ ਹੇਠ ਵਿਦਿਆਰਥੀਆਂ ਨੇ ਵੱਖ-ਵੱਖ ਖੇਡ ਸਮਾਗਮਾਂ ’ਚ ਸ਼ਾਨਦਾਰ ਹੁਨਰ ਅਤੇ ਦ੍ਰਿੜਤਾ ਦਾ ਪ੍ਰਦਰਸ਼ਨ ਕੀਤਾ ਤੇ ਚੋਟੀ ਦੇ ਸਨਮਾਨਾਂ ਲਈ ਮੁਕਾਬਲਾ ਕੀਤਾ। ਐਥਲੈਟਿਕ ਮੀਟ ਦੇ ਪਹਿਲੇ ਦਿਨ ਕਈ ਤਰ੍ਹਾਂ ਦੇ ਫੀਲਡ ਅਤੇ ਟਰੈਕ ਈਵੈਂਟ ਆਯੋਜਿਤ ਕੀਤੇ ਗਏ ਜਿਨ੍ਹਾਂ ’ਚ 1500 ਮੀਟਰ ਲੜਕੇ, 200 ਮੀਟਰ ਲੜਕੇ, 800 ਮੀਟਰ ਲੜਕੇ, 400 ਮੀਟਰ ਲੜਕੇ ਤੇ ਲੜਕੀਆਂ, ਤਿੰਨ-ਪੈਰ ਵਾਲੀ ਦੌੜ ਲੜਕੇ ਤੇ ਲੜਕੀਆਂ, ਸ਼ਾਰਟ ਪੁਟ, ਜੈਵਲਿਨ ਥ੍ਰੋ, ਉੱਚੀ ਛਾਲ, ਲੰਬੀ ਛਾਲ, ਹੌਲੀ ਸਾਈਕਲਿੰਗ ਤੇ 400 ਰਿਲੇਅ ਦੌੜ ਵਰਗੇ ਮੁਕਾਬਲੇ ਸ਼ਾਮਲ ਸਨ।
ਇਸ ਮੌਕੇ ਕਾਲਜ ਸਟੇਡੀਅਮ ਵਿਖੇ ਆਯੋਜਿਤ ਵੈਟਰਨਜ਼ ਵਾਕ ਦੇ ਜੇਤੂ ਵੈਟਰਨਜ਼ ਲਈ ਇਨਾਮ ਵੰਡ ਸਮਾਰੋਹ ਵੀ ਆਯੋਜਿਤ ਕੀਤਾ ਗਿਆ। ਵੈਟਰਨਜ਼ ਨੇ ਬਾਬੇ ਭੰਗੜਾ ਪਾਉਂਦੇ ਨੇ ਦੀ ਧੁਨ 'ਤੇ ਇੱਕ ਸ਼ਾਨਦਾਰ ਭੰਗੜਾ ਨ੍ਰਿਤ ਦਾ ਪ੍ਰਦਰਸ਼ਨ ਵੀ ਕੀਤਾ ਤੇ ਵਿਦਿਆਰਥੀਆਂ ਨੂੰ ਸਿਹਤਮੰਦ ਜੀਵਨ ਲਈ ਖੇਡ ਗਤੀਵਿਧੀਆਂ ਦੀ ਮਹੱਤਤਾ ਤੋਂ ਜਾਣੂ ਕਰਵਾਇਆ। ਐਥਲੈਟਿਕ ਮੀਟ ਦੇ ਪਹਿਲੇ ਦਿਨ ਵੱਖ-ਵੱਖ ਟਰੈਕ ਅਤੇ ਫੀਲਡ ਈਵੈਂਟਾਂ ਦੇ ਸਾਰੇ ਜੇਤੂਆਂ ਨੂੰ ਇਨਾਮ ਵੀ ਪ੍ਰਦਾਨ ਕੀਤੇ ਗਏ। ਕਾਲਜ ਵੱਲੋਂ ਮੁੱਖ ਮਹਿਮਾਨ ਤੇ ਵਿਸ਼ੇਸ਼ ਮਹਿਮਾਨ ਨੂੰ ਧੰਨਵਾਦ ਚਿੰਨ੍ਹ ਭੇਟ ਕੀਤੇ ਗਏ।