ਐਥਲੈਟਿਕਸ ਮੀਟ ’ਚ ਆਰੀਆ ਕਾਲਜ ਦੀਆਂ ਵਿਦਿਆਥਣਾਂ ਨੇ ਦਿਖਾਏ ਜੌਹਰ
ਸਾਲਾਨਾ ਐਥਲੈਟਿਕ ਮੀਟ ’ਚ ਆਰੀਆ ਕਾਲਜ ਦੀਆਂ ਵਿਦਿਆਥਣਾਂ ਨੇ ਦਿਖਾਇਆ ਪ੍ਰਤਿਭਾ ਦਾ ਜੌਹਰ
Publish Date: Fri, 13 Mar 2026 08:26 PM (IST)
Updated Date: Fri, 13 Mar 2026 08:27 PM (IST)

- 150 ਤੋਂ ਵੱਧ ਵਿਦਿਆਰਥਣਾਂ ਨੇ ਉਸਤਸ਼ਾਹ ਨਾਲ ਲਿਆ ਖੇਡਾਂ ’ਚ ਹਿੱਸਾ ਪ੍ਰਿੰਸ ਸ਼ਰਮਾ, ਪੰਜਾਬੀ ਜਾਗਰਣ ਲੁਧਿਆਣਾ : ਆਰੀਆ ਕਾਲਜ ਦੇ ਗਰਲਜ਼ ਸੈਕਸ਼ਨ ਵਿੱਚ ਸਾਲਾਨਾ ਐਥਲੈਟਿਕਸ ਮੀਟ ਅਤੇ ਖੇਡ ਦਿਵਸ ਸਮਾਗਮ ਕਰਵਾਇਆ ਗਿਆ। ਇਸ ਦੌਰਾਨ ਕਾਲਜ ਦੀਆਂ ਵਿਦਿਆਰਥਣਾਂ ਨੇ ਵੱਖ-ਵੱਖ ਖੇਡ ਮੁਕਾਬਲਿਆਂ ਵਿੱਚ ਹਿੱਸਾ ਲੈਂਦੇ ਹੋਏ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਆਪਣੀ ਪ੍ਰਤਿਭਾ ਦਾ ਲੋਹਾ ਮਨਵਾਇਆ। ਸਮਾਗਮ ਵਿੱਚ ਏਸੀਐੱਮਸੀ ਦੇ ਸਕੱਤਰ ਡਾ. ਐੱਸਐੱਮ ਸ਼ਰਮਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ, ਜਦਕਿ ਪ੍ਰਿੰਸੀਪਲ ਡਾ. ਸੂਕਸ਼ਮ ਆਹਲੂਵਾਲੀਆ ਵਿਸ਼ੇਸ਼ ਮਹਿਮਾਨ ਵਜੋਂ ਖੇਡ ਸਮਾਗਮ ਵਿੱਚ ਹਾਜ਼ਰ ਰਹੇ। ਸਮਾਗਮ ਦੀ ਸ਼ੁਰੂਆਤ ਏਸੀਐੱਮਸੀ ਦੇ ਸਕੱਤਰ ਡਾ. ਐੱਸਐੱਮ ਸ਼ਰਮਾ ਵੱਲੋਂ ਝੰਡਾ ਲਹਿਰਾਉਣ ਤੋਂ ਬਾਅਦ ਹੋਈ ਅਤੇ ਉਨ੍ਹਾਂ ਨੇ ਵਿਦਿਆਰਥਣਾਂ ਦੇ ਸ਼ਾਨਦਾਰ ਮਾਰਚ ਪਾਸਟ ਤੋਂ ਸਲਾਮੀ ਲਈ। ਇਸ ਮੌਕੇ ਵਿਦਿਆਰਥਣਾਂ ਨੇ ਸੂਰਿਆ ਨਮਸਕਾਰ, ਐਰੋਬਿਕਸ ਅਤੇ ਪ੍ਰੇਰਨਾਦਾਇਕ ਮਹਿਲਾ ਸ਼ਖ਼ਸੀਅਤਾਂ ਅਤੇ ਪ੍ਰਸਿੱਧ ਖਿਡਾਰੀਆਂ ਦੇ ਚਿੱਤਰਣ ਰਾਹੀਂ ਮਨਮੋਹਕ ਪ੍ਰਦਰਸ਼ਨ ਪੇਸ਼ ਕਰਦੇ ਹੋਏ ਦਰਸ਼ਕਾਂ ਦਾ ਮਨ ਮੋਹ ਲਿਆ। ਖੇਡ ਮੇਲੇ ਦੌਰਾਨ 150 ਤੋਂ ਵੱਧ ਵਿਦਿਆਰਥਣਾਂ ਨੇ ਵੱਖ-ਵੱਖ ਟਰੈਕ ਅਤੇ ਫੀਲਡ ਮੁਕਾਬਲਿਆਂ ਵਿੱਚ ਉਤਸ਼ਾਹ ਨਾਲ ਹਿੱਸਾ ਲਿਆ। ਇਸ ਮੌਕੇ ਮੁੱਖ ਮਹਿਮਾਨ ਡਾ. ਐੱਸਐੱਮ ਸ਼ਰਮਾ ਨੇ ਜੇਤੂਆਂ ਨੂੰ ਇਨਾਮ ਭੇਟ ਕੀਤੇ ਅਤੇ ਵਿਦਿਆਰਥਣਾਂ ਦੀ ਖੇਡ ਭਾਵਨਾ ਦੀ ਸ਼ਲਾਘਾ ਕੀਤੀ। ਪ੍ਰਿੰਸੀਪਲ ਡਾ. ਸੂਕਸ਼ਮ ਆਹਲੂਵਾਲੀਆ ਨੇ ਕਿਹਾ ਕਿ ਖੇਡਾਂ ਨੌਜਵਾਨਾਂ ਨੂੰ ਆਪਣੀ ਊਰਜਾ ਨੂੰ ਸਹੀ ਦਿਸ਼ਾ ਵਿੱਚ ਲਗਾਉਣ ਅਤੇ ਸਿਹਤਮੰਦ ਜੀਵਨਸ਼ੈਲੀ ਅਪਣਾਉਣ ਲਈ ਪ੍ਰੇਰਿਤ ਕਰਦੀਆਂ ਹਨ। ਇੰਚਾਰਜ ਡਾ. ਮਮਤਾ ਕੋਹਲੀ ਨੇ ਵਿਦਿਆਰਥਣਾਂ ਨੂੰ ਉਨ੍ਹਾਂ ਦੀ ਸਰਗਰਮ ਭਾਗੀਦਾਰੀ ਲਈ ਵਧਾਈ ਦਿੱਤੀ ਅਤੇ ਭਵਿੱਖ ਵਿੱਚ ਹੋਰ ਉੱਚੀਆਂ ਉਪਲਬਧੀਆਂ ਹਾਸਲ ਕਰਨ ਲਈ ਪ੍ਰੇਰਿਤ ਕੀਤਾ। ਇਸ ਦੌਰਾਨ ਆਂਚਲ ਯਾਦਵ ਨੂੰ ‘ਸਰਬੋਤਮ ਐਥਲੀਟ’ ਦਾ ਖਿਤਾਬ ਦੇ ਕੇ ਟਰਾਫੀ ਨਾਲ ਸਨਮਾਨਿਤ ਕੀਤਾ ਗਿਆ। ਸਾਲਾਨਾ ਖੇਡ ਮੇਲੇ ਦੀ ਸਫਲਤਾ ਦੀ ਦੇਖ-ਰੇਖ ਸਰੀਰਕ ਸਿੱਖਿਆ ਵਿਭਾਗ ਦੇ ਮੁਖੀ ਸੁਖਚੈਨ ਸਿੰਘ ਵੱਲੋਂ ਕੀਤੀ ਗਈ। ਸਮਾਗਮ ਦਾ ਸਮਾਪਤੀ ਵਿਦਿਆਰਥਣਾਂ ਵੱਲੋਂ ਪੇਸ਼ ਕੀਤੇ ਗਏ ਜੋਸ਼ੀਲੇ ਭੰਗੜਾ ਪ੍ਰਦਰਸ਼ਨ ਨਾਲ ਹੋਈ, ਜਿਸ ਨੇ ਮਾਹੌਲ ਨੂੰ ਹੋਰ ਵੀ ਖੁਸ਼ਗਵਾਰ ਬਣਾ ਦਿੱਤਾ।