ਪਟਾਕਾ ਫੈਕਟਰੀ ’ਚ ਹੋਏ ਧਮਾਕੇ ਤੋਂ ਬਾਅਦ ਫੌਜ ਨੇ ਸਾਂਭਿਆ ਮੋਰਚਾ
ਪਟਾਕਾ ਫੈਕਟਰੀ ’ਚ ਹੋਏ ਧਮਾਕੇ ਤੋਂ ਬਾਅਦ ਫੌਜ ਨੇ ਸਾਂਭਿਆ ਮੋਰਚਾ
Publish Date: Wed, 01 Apr 2026 09:08 PM (IST)
Updated Date: Wed, 01 Apr 2026 09:10 PM (IST)

-ਫੌਜ ਨੇ ਸਾਰਾ ਇਲਾਕਾ ਸੀਲ ਕਰਦਿਆਂ ਘਰ ਕਰਵਾਏ ਖਾਲੀ ਸੰਜੀਵ ਗੁਪਤਾ, ਪੰਜਾਬੀ ਜਾਗਰਣ, ਜਗਰਾਓਂ : ਪਿੰਡ ਜੋਧਾਂ ਦੇ ਇੱਕ ਘਰ ਵਿਚ ਚੱਲ ਰਹੀ ਨਾਜਾਇਜ਼ ਪਟਾਕਾ ਫੈਕਟਰੀ ’ਚ ਹੋਏ ਵਿਸਫੋਟ ਮਾਮਲੇ ਵਿਚ ਅੱਜ ਫੌਜ ਨੇ ਮੋਰਚਾ ਸਾਂਭਦਿਆਂ ਵਿਸਫੋਟਕ ਸਮੱਗਰੀ ਨੂੰ ਨਸ਼ਟ ਕਰਨ ਲਈ ਪੁਲਿਸ ਨਾਲ ਮਿਲ ਕੇ ਕਾਰਵਾਈ ਸ਼ੁਰੂ ਕੀਤੀ। ਮੁੱਲਾਂਪੁਰ ਦਾਖਾ ਦੇ ਸਬਡਵੀਜ਼ਨ ਦੇ ਡੀਐੱਸਪੀ ਵਰਿੰਦਰ ਸਿੰਘ ਖੋਸਾ ਅਤੇ ਬੱਦੋਵਾਲ ਆਈਟੀਬੀਪੀ ਦੇ ਕਮਾਂਡੈਂਟ ਪੁਸ਼ਪ ਰਾਜ ਪਾਂਡੇ ਦੀ ਅਗਵਾਈ ਹੇਠ ਪੁਲਿਸ ਅਤੇ ਫੌਜ ਨੇ ਧਮਾਕੇ ਵਾਲੇ ਘਰ ਤੋਂ ਇਲਾਵਾ ਆਸ ਪਾਸ ਦੇ ਦੋ ਕਿਲੋਮੀਟਰ ਦੇ ਖੇਤਰ ਨੂੰ ਖਾਲੀ ਕਰਵਾਇਆ। ਇਸ ਦੌਰਾਨ ਸਾਰੇ ਘਰ ਖਾਲੀ ਕਰਵਾਏ ਗਏ। ਵਰਣਨਯੋਗ ਹੈ ਕਿ ਬੀਤੀ ਰਾਤ ਪਿੰਡ ਜੋਧਾਂ ਦੇ ਇੱਕ ਘਰ ਵਿਚ ਚੱਲ ਰਹੀ ਨਾਜਾਇਜ਼ ਪਟਾਕਾ ਫੈਕਟਰੀ ’ਚ ਪਟਾਕੇ ਬਣਾਉਂਦਿਆਂ ਹੋਏ ਧਮਾਕੇ ਨੇ ਪੂਰਾ ਇਲਾਕਾ ਹਿਲਾ ਕੇ ਰੱਖ ਦਿੱਤਾ ਸੀ। ਇਸ ਧਮਾਕੇ ਕਾਰਨ ਫੈਕਟਰੀ ਦੇ ਸ਼ੈੱਡ ਅਤੇ ਲੈਂਟਰ ਸਭ ਤਹਿਸ ਨਹਿਸ ਹੋ ਗਏ। ਇਸ ਦੇ ਮਲਬੇ ਹੇਠ ਕਈ ਮਜ਼ਦੂਰ ਦੱਬ ਗਏ, ਜਿਨ੍ਹਾਂ ਨੂੰ ਫੌਜ ਅਤੇ ਪੁਲਿਸ ਵੱਲੋਂ ਕੱਢਣ ਲਈ ਭਾਰੀ ਜੱਦੋਜਹਿਦ ਕਰਨੀ ਪਈ। ਇਸ ਦੌਰਾਨ ਇੱਕ ਜਖ਼ਮੀ 19 ਸਾਲਾਂ ਕੈਫ਼ ਮੁਹੰਮਦ ਦੀ ਮੌਤ ਹੋ ਗਈ। ਜਦਕਿ 3 ਜਖ਼ਮੀ ਹੋ ਗਏ। ਬੁੱਧਵਾਰ ਤੜਕਸਾਰ ਫੌਜ ਅਤੇ ਪੁਲਿਸ ਮੁੜ ਜੋਧਾਂ ਪੁੱਜੇ ਅਤੇ ਨਾਜਾਇਜ ਪਟਾਕਾ ਫੈਕਟਰੀ ਵਿਚ ਪੋਟਾਸ਼ ਅਤੇ ਵਿਸਫੋਟਕ ਸਮੱਗਰੀ ਤਿਆਰ ਕਰਨ ਵਾਲੇ ਕੈਮੀਕਲ ਅਤੇ ਹੋਰ ਪਦਾਰਥਾਂ ਦੇ ਜ਼ਖੀਰੇ ਨੂੰ ਨਸ਼ਟ ਕਰਨ ਦੀ ਕਾਰਵਾਈ ਸ਼ੁਰੂ ਕੀਤੀ ਗਈ। ਇਸ ਦੇ ਲਈ ਫੌਜ ਅਤੇ ਪੁਲਿਸ ਵੱਲੋਂ ਸਾਰਾ ਇਲਾਕਾ ਖਾਲੀ ਕਰਵਾਇਆ ਗਿਆ। ਵੱਡੀ ਫੌਜ ਦੀ ਟੁਕੜੀ ਨੇ ਵਿਸਫੋਟਕ ਨੂੰ ਨਸ਼ਟ ਕਰਨ ਦੀ ਕਾਰਵਾਈ ਨੂੰ ਅੰਜਾਮ ਦਿੱਤਾ।