ਹਥਿਆਰਬੰਦ ਹਮਲਾਵਰਾਂ ਨੇ ਘਰ ਉੱਪਰ ਕੀਤਾ ਹਮਲਾ
ਹਥਿਆਰਬੰਦ ਹਮਲਾਵਰਾਂ ਨੇ ਘਰ ਉੱਪਰ ਕੀਤਾ ਹਮਲਾ
Publish Date: Mon, 09 Mar 2026 09:44 PM (IST)
Updated Date: Tue, 10 Mar 2026 04:10 AM (IST)

ਕ੍ਰਾਈਮ ਰਿਪੋਰਟਰ, ਪੰਜਾਬੀ ਜਾਗਰਣ, ਲੁਧਿਆਣਾ : ਸਥਾਨਕ ਕੈਲਾਸ਼ ਨਗਰ ਰੋਡ ਗਗਨਦੀਪ ਕਲੋਨੀ ਦੇ ਰਹਿਣ ਵਾਲੇ ਪਰਿਵਾਰ ਉੱਪਰ ਅਣਪਛਾਤੇ ਹਥਿਆਰਬੰਦ ਵਿਅਕਤੀਆਂ ਨੇ ਹਮਲਾ ਕਰ ਦਿੱਤਾ। ਹਮਲਾਵਰਾਂ ਨੇ ਗਲੀ ਵਿੱਚ ਕਾਫੀ ਸਮਾਂ ਗਾਲੀ ਗਲੋਚ ਕਰਦੇ ਗੁੰਡਾ ਗਰਦੀ ਕੀਤੀ ਅਤੇ ਘਰ ਉੱਪਰ ਇੱਟਾਂ ਤੇ ਕੱਚ ਦੀਆਂ ਬੋਤਲਾਂ ਮਾਰ ਕੇ ਭੰਨ ਤੋੜ ਕੀਤੀ। ਉਕਤ ਵਾਰਦਾਤ ਦੀ ਜਾਣਕਾਰੀ ਮਿਲਣ ਮਗਰੋਂ ਥਾਣਾ ਬਸਤੀ ਜੋਧੇਵਾਲ ਪੁਲਿਸ ਨੇ ਘਰ ਦੇ ਮਾਲਕ ਅੰਸ਼ੂ ਅਰੋੜਾ ਦੇ ਬਿਆਨ ਉੱਪਰ ਹਮਲਾ ਕਰਨ ਵਾਲੇ ਕਰੀਬ ਅੱਠ ਤੋਂ ਦਸ ਅਣਪਛਾਤੇ ਵਿਅਕਤੀਆਂ ਖਿਲਾਫ ਸੰਗੀਨ ਦੋਸ਼ਾ ਅਧੀਨ ਪਰਚਾ ਦਰਜ ਕਰਕੇ ਅਗਲੇਰੀ ਪੜਤਾਲ ਸ਼ੁਰੂ ਕਰ ਦਿੱਤੀ ਹੈ। ਅੰਸ਼ੂ ਅਰੋੜਾ ਮੁਤਾਬਕ ਵਾਰਦਾਤ ਵਾਲੇ ਦਿਨ ਉਹ ਆਪਣੇ ਘਰ ਵਿੱਚ ਮੌਜੂਦ ਸੀ ਇਸ ਦੌਰਾਨ ਸ਼ਾਮ ਨੂੰ ਚਾਰ ਪੰਜ ਵਾਹਨਾਂ ਤੇ ਸਵਾਰ ਹੋ ਕੇ ਆਏ ਅਣਪਛਾਤੇ ਹਥਿਆਰਬੰਦ ਵਿਅਕਤੀਆਂ ਨੇ ਉਸ ਦੇ ਘਰ ਦੇ ਬਾਹਰ ਖੜੇ ਹੋ ਕੇ ਗਾਲੀ ਗਲੋਚ ਕਰਨਾ ਸ਼ੁਰੂ ਕਰ ਦਿੱਤਾ। ਸ਼ਿਕਾਇਤ ਕਰਤਾ ਮੁਤਾਬਕ ਹਮਲਾਵਰਾਂ ਨੇ ਉਸ ਦੇ ਘਰ ਉੱਪਰ ਇੱਟਾਂ ਅਤੇ ਕੱਚ ਦੀਆਂ ਬੋਤਲਾਂ ਮਾਰ ਕੇ ਭੰਨ ਤੋੜ ਕੀਤੀ ਅਤੇ ਪਰਿਵਾਰ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦੇ ਰਹੇ। ਜਦੋਂ ਮੁੱਦਈ ਆਪਣੀ ਪਤਨੀ ਸਮੇਤ ਘਰ ਤੋਂ ਬਾਹਰ ਆਉਣ ਲੱਗਾ ਤਾਂ ਮੁਲਜ਼ਮਾਂ ਨੇ ਉਨ੍ਹਾਂ ਉੱਪਰ ਇੱਟਾਂ ਰੋੜੇ ਵਰਾਏ ਅਤੇ ਗਲੀ ਵਿੱਚ ਖੜੇ ਉਨ੍ਹਾਂ ਦੇ ਮੋਟਰਸਾਈਕਲ ਅਤੇ ਐਕਟਿਵਾ ਦੀ ਵੀ ਭੰਨ ਤੋੜ ਕੀਤੀ। ਹਮਲਾਵਰਾਂ ਨੇ ਉਸ ਦੇ ਘਰ ਦੇ ਖਿੜਕੀਆਂ ਤੇ ਦਰਵਾਜੇ ਤੋੜ ਦਿੱਤੇ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦੇ ਹੋਏ ਮੌਕੇ ਤੋਂ ਫਰਾਰ ਹੋ ਗਏ। ਇਸ ਵਾਰਦਾਤ ਦੇ ਤਫਤੀਸ਼ੀ ਅਧਿਕਾਰੀ ਸਹਾਇਕ ਥਾਣੇਦਾਰ ਕੁਲਦੀਪ ਸਿੰਘ ਮੁਤਾਬਕ ਵਾਰਦਾਤ ਵਾਲੀ ਥਾਂ ਦੇ ਆਸ ਪਾਸ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਕਬਜ਼ੇ ਵਿੱਚ ਲੈ ਕੇ ਹਮਲਾਵਰਾਂ ਦੀ ਸ਼ਨਾਖਤ ਅਤੇ ਗ੍ਰਿਫਤਾਰੀ ਲਈ ਉੱਦਮ ਸ਼ੁਰੂ ਕਰ ਦਿੱਤੇ ਗਏ ਹਨ।