ਆਪ੍ਰੇਸ਼ਨ ਗਰੀਨ ਹੰਟ ਵਿਰੋਧੀ ਜਮਹੂਰੀ ਫਰੰਟ ਪੰਜਾਬ ਨੇ ਕਨਵੈਨਸ਼ਨ ਕਰਵਾਈ
ਓਪਰੇਸ਼ਨ ਗਰੀਨ ਹੰਟ ਵਿਰੋਧੀ ਜਮਹੂਰੀ ਫਰੰਟ ਪੰਜਾਬ ਨੇ ਕਨਵੈਨਸ਼ਨ ਕਰਵਾਈ
Publish Date: Sun, 05 Apr 2026 06:29 PM (IST)
Updated Date: Sun, 05 Apr 2026 06:31 PM (IST)

ਜੇਲ੍ਹੀਂ ਡੱਕੇ ਬੁੱਧੀਜੀਵੀਆਂ ਤੇ ਸਜ਼ਾ ਪੂਰੀ ਕਰ ਚੁੱਕੇ ਕੈਦੀਆਂ ਨੂੰ ਰਿਹਾਅ ਕੀਤਾ ਜਾਵੇ, ਵਿਚਾਰਧਾਰਾਵਾਂ ਨੂੰ ਜੁਰਮ ਕਰਾਰ ਦੇ ਕੇ ਵਿਚਾਰਾਂ ਦੀ ਆਜ਼ਾਦੀ ਨੂੰ ਖ਼ਤਮ ਕੀਤਾ ਜਾ ਰਿਹਾ–ਸੀਮਾ ਆਜ਼ਾਦ ਪੁਨੀਤ ਬਾਵਾ, ਪੰਜਾਬੀ ਜਾਗਰਣ ਲੁਧਿਆਣਾ ਅੱਜ ਇੱਥੇ ਆਪ੍ਰੇਸ਼ਨ ਗਰੀਨ ਹੰਟ ਵਿਰੋਧੀ ਜਮਹੂਰੀ ਫਰੰਟ ਪੰਜਾਬ ਵੱਲੋਂ ਆਦਿਵਾਸੀਆਂ ਇਲਾਕਿਆਂ ਵਿਚ ਜਬਰ ਵਿਰੁੱਧ ਅਤੇ ਜੇਲ੍ਹਾਂ ਵਿਚ ਡੱਕੇ ਬੁੱਧੀਜੀਵੀਆਂ, ਜਮਹੂਰੀ ਕਾਰਕੁਨਾਂ ਤੇ ਸਜ਼ਾ ਪੂਰੀ ਕਰ ਚੁੱਕੇ ਕੈਦੀਆਂ ਦੀ ਰਿਹਾਈ ਲਈ ਨਾਮਵਰ ਜਮਹੂਰੀ ਕਾਰਕੁਨ ਤੇ ਲੇਖਿਕਾ ਸੀਮਾ ਆਜ਼ਾਦ, ਪ੍ਰੋਫੈਸਰ ਏਕੇ ਮਲੇਰੀ ਅਤੇ ਬੂਟਾ ਸਿੰਘ ਮਹਿਮੂਦਪੁਰ ਦੀ ਪ੍ਰਧਾਨਗੀ ਹੇਠ ਕਨਵੈਨਸ਼ਨ ਕਰਵਾਈ ਗਈ। ਜਿਸ ਵਿਚ ਕਿਸਾਨ, ਮਜ਼ਦੂਰ, ਨੌਜਵਾਨ, ਔਰਤਾਂ, ਤਰਕਸ਼ੀਲ, ਜਮਹੂਰੀ ਹੱਕਾਂ ਦੇ ਝੰਡਾਬਰਦਾਰ, ਲੋਕ ਪੱਖੀ ਲੇਖਕ, ਸਾਹਿਤਕਾਰ ਅਤੇ ਰੰਗਕਰਮੀ ਵੱਡੀ ਗਿਣਤੀ ਵਿਚ ਸ਼ਾਮਲ ਹੋਏ। ਮੁੱਖ ਬੁਲਾਰੇ ਸੀਮਾ ਆਜ਼ਾਦ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਭਾਰਤੀ ਰਾਜ ਦਾ ਕਰੂਰ ਜ਼ਬਰ ਆਦਿਵਾਸੀ ਇਲਾਕਿਆਂ ਤੱਕ ਸੀਮਤ ਨਹੀਂ, ਸਗੋਂ ਪੂਰੇ ਦੇਸ਼ ਵਿੱਚ ਜੇਲ੍ਹਬੰਦੀ ਅਤੇ ਝੂਠੇ ਕੇਸਾਂ ਰਾਹੀਂ ਜਮਹੂਰੀ ਤੇ ਮਨੁੱਖੀ ਹੱਕਾਂ ਦੀ ਘੋਰ ਉਲੰਘਣਾ ਕੀਤੀ ਜਾ ਰਹੀ ਹੈ। ਬਸਤਰ ਸਮੇਤ ਆਦਿਵਾਸੀ ਖੇਤਰਾਂ ਵਿਚ ਚੱਲ ਰਹੇ ਨੀਮ-ਫ਼ੌਜੀ ਓਪਰੇਸ਼ਨਾਂ ਦਾ ਅਸਲ ਮਕਸਦ ਜਲ-ਜੰਗਲ-ਜ਼ਮੀਨ ਸਮੇਤ ਸਭ ਕੁੱਝ ਕਾਰਪੋਰੇਟ ਹੱਥਾਂ ਵਿੱਚ ਸੌਂਪਣਾ ਹੈ। ਇਸ “ਵਿਕਾਸ” ਮਾਡਲ ਨੇ ਆਦਿਵਾਸੀਆਂ ਦੀ ਤਰਜ਼ੇ-ਜ਼ਿੰਦਗੀ, ਸੰਸਕ੍ਰਿਤੀ ਅਤੇ ਜੀਵਨ-ਵਸੀਲੇ ਤਬਾਹ ਕਰ ਦਿੱਤੇ ਹਨ। ਆਦਿਵਾਸੀ ਵਿਰੋਧ ਨੂੰ ਕੁਚਲਣ ਲਈ ਗਾਜ਼ਾ ਦੀ ਤਰਜ਼ ’ਤੇ ਵਿਆਪਕ ਜਾਸੂਸੀ ਤੇ ਹਮਲਿਆਂ ਲਈ ਡਰੋਨ ਤਕਨਾਲੋਜੀ ਵਰਤੀ ਜਾ ਰਹੀ ਹੈ ਅਤੇ ਆਦਿਵਾਸੀ ਪਿੰਡ ਘੇਰਾਬੰਦੀ ਦੇ ਸਾਏ ਹੇਠ ਜੀ ਰਹੇ ਹਨ। ਉਨ੍ਹਾਂ ਚੌਕਸ ਕੀਤਾ ਕਿ ਜੇ ਇਨਸਾਫ਼ਪਸੰਦ ਲੋਕ ਇਕਜੁੱਟ ਹੋ ਕੇ ਆਵਾਜ਼ ਨਹੀਂ ਉਠਾਉਂਦੇ, ਤਾਂ ਇਹ ਫਾਸ਼ੀ ਹੱਲਾ ਪੰਜਾਬ ਸਮੇਤ ਪੂਰੇ ਦੇਸ਼ ਨੂੰ ਆਪਣੀ ਲਪੇਟ ਵਿਚ ਲੈ ਲਵੇਗਾ। ਉਨ੍ਹਾਂ ਜ਼ੋਰ ਦਿੱਤਾ ਕਿ ‘ਨਕਸਲੀ’ ਠੱਪਾ ਲਾ ਕੇ ਇਨਕਲਾਬੀ ਲਹਿਰ ਤੇ ਆਦਿਵਾਸੀ ਸੰਘਰਸ਼ਾਂ ਨੂੰ ਕੁਚਲਿਆ ਜਾ ਰਿਹਾ ਹੈ ਅਤੇ ਹੁਣ ਵਿਚਾਰਧਾਰਾ ਨੂੰ ਜੁਰਮ ਬਣਾਕੇ ‘ਸ਼ਹਿਰੀ ਨਕਸਲੀ’ ਦੇ ਬਿਰਤਾਂਤ ਰਾਹੀਂ ਸੱਤਾ ਦੀਆਂ ਆਲੋਚਕ ਆਵਾਜ਼ਾਂ ਦੀ ਜ਼ਬਾਨਬੰਦੀ ਕੀਤੀ ਜਾ ਰਹੀ ਹੈ। ਜਮਹੂਰੀ ਹੱਕਾਂ ਲਈ ਇਸ ਗੰਭੀਰ ਖ਼ਤਰੇ ਦਾ ਮੁਕਾਬਲਾ ਇਕਜੁੱਟ ਤੇ ਮਜ਼ਬੂਤ ਜਮਹੂਰੀ ਸੰਘਰਸ਼ ਨਾਲ ਕਰਨਾ ਹੋਵੇਗਾ। ਇਕੱਠ ਵਿੱਚ ਜਸਵਿੰਦਰ ਫਗਵਾੜਾ ਵੱਲੋਂ ਮਤੇ ਪੇਸ਼ ਕੀਤੇ ਗਏ ਜਿਨ੍ਹਾਂ ਵਿਚ ਮੰਗ ਕੀਤੀ ਗਈ ਕਿ ਆਦਿਵਾਸੀ ਖੇਤਰਾਂ ਚ ਆਪਰੇਸ਼ਨ ਸਮੇਤ ਹਰ ਤਰ੍ਹਾਂ ਦੇ ਫ਼ੌਜੀ ਆਪਰੇਸ਼ਨ ਬੰਦ ਕੀਤੇ ਜਾਣ, ਸਾਰੇ ਪੁਲਿਸ ਕੈਂਪ ਹਟਾਏ ਜਾਣ ਅਤੇ ਪੁਲਿਸ ਤੇ ਨੀਮ-ਫ਼ੌਜੀ ਬਲ ਵਾਪਸ ਬੁਲਾਏ ਜਾਣ, ਆਦਿਵਾਸੀਆਂ ਨੂੰ ਉਜਾੜਕੇ ਜਲ-ਜੰਗਲ-ਜ਼ਮੀਨ ਤੇ ਖਣਿਜ ਭੰਡਾਰ ਕਾਰਪੋਰੇਟਾਂ ਨੂੰ ਲੁਟਾਉਣੇ ਬੰਦ ਕੀਤੇ ਜਾਣ ਤੇ ਲੋਕ ਵਿਰੋਧੀ ਆਰਥਕ ਮਾਡਲ ਰੱਦ ਕੀਤਾ ਜਾਵੇ, ਮਜ਼ਦੂਰ ਵਿਰੋਧੀ ਕਿਰਤ ਕੋਡ, ਯੂਏਪੀਏ, ਅਫਸਪਾ ਸਮੇਤ ਸਾਰੇ ਕਾਲੇ ਕਾਨੂੰਨ ਰੱਦ ਕੀਤੇ, ਕੌਮੀ ਜਾਂਚ ਏਜੰਸੀ ਭੰਗ ਕੀਤੀ ਜਾਵੇ, ਭੀਮਾ-ਕੋਰੇਗਾਓਂ, ਲਖਨਊ ਆਦਿ ਝੂਠੇ ਸਾਜ਼ਿਸ਼ ਕੇਸ ਬਣਾਕੇ ਜੇਲ੍ਹੀਂ ਡੱਕੇ ਬੁੱਧੀਜੀਵੀ ਅਤੇ ਹੱਕਾਂ ਦੇ ਕਾਰਕੁਨ ਰਿਹਾ ਕੀਤੇ ਜਾਣ, ਜੇਲ੍ਹਾਂ ਵਿਚ ਸਾੜੇ ਜਾ ਰਹੇ ਵਿਚਾਰ-ਅਧੀਨ ਅਤੇ ਸਜ਼ਾ ਪੂਰੀ ਕਰ ਚੁੱਕੇ ਸਾਰੇ ਹੀ ਕੈਦੀਆਂ ਨੂੰ ਤੁਰੰਤ ਰਿਹਾ ਕੀਤਾ ਜਾਏ। ਸੰਘਰਸ਼ ਤੇ ਜਥੇਬੰਦੀਆਂ ਬਣਾਉਣ ਦਾ ਬੁਨਿਆਦੀ ਜਮਹੂਰੀ ਹੱਕ ਖੋਹਣ ਲਈ ਹਕੂਮਤੀ ਹਮਲੇ ਬੰਦ ਕੀਤੇ ਜਾਣ। ਪੰਜਾਬ ਵਿਚ ਝੂਠੇ ਪੁਲਿਸ ਮੁਕਾਬਲੇ ਬੰਦ ਕੀਤੇ ਜਾਣ, ਗਾਜ਼ਾ ਤੇ ਇਰਾਨ ਉੱਪਰ ਅਮਰੀਕੀ-ਇਜ਼ਰਾਇਲੀ ਗੱਠਜੋੜ ਵੱਲੋਂ ਥੋਪੀ ਧਾੜਵੀ ਜੰਗ ਬੰਦ ਕੀਤੀ ਜਾਵੇ, ਭਾਰਤ ਸਰਕਾਰ ਦਹਿਸ਼ਤਗਰਦ ਇਜ਼ਰਾਇਲ ਸਟੇਟ ਨਾਲੋਂ ਕੂਟਨੀਤਕ ਸੰਬੰਧ ਖ਼ਤਮ ਕਰੇ ਅਤੇ ਇਜ਼ਰਾਇਲੀ ਖ਼ੁਫੀਆ ਏਜੰਸੀ ਮੌਸਾਦ ਉੱਪਰ ਰੋਕ ਲਾਵੇ। ਇਜ਼ਰਾਇਲੀ ਸਰਕਾਰ ਵੱਲੋਂ ਇਜ਼ਰਾਇਲੀਆਂ ਦੇ ਕਥਿਤ ਕਤਲ ਕਰਨ ਵਾਲੇ ਫ਼ਲਸਤੀਨੀਆਂ ਨੂੰ ਮੌਤ ਦੀ ਸਜ਼ਾ ਦੇਣ ਲਈ ਕਾਨੂੰਨ ਪਾਸ ਕਰਨ ਦੀ ਵੀ ਸਖ਼ਤ ਨਿਖੇਧੀ ਕੀਤੀ ਗਈ। ਇਸ ਮੌਕੇ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਦੇ ਪ੍ਰਧਾਨ ਗੁਲਜ਼ਾਰ ਸਿੰਘ ਪੰਧੇਰ, ਜਮਹੂਰੀ ਅਧਿਕਾਰ ਸਭਾ ਪੰਜਾਬ ਦੇ ਸੂਬਾ ਪ੍ਰਧਾਨ ਪ੍ਰੋਫੈਸਰ ਜਗਮੋਹਣ ਸਿੰਘ, ਸੁਰਖ਼ ਲੀਹ ਦੇ ਸੰਪਾਦਕ ਜਸਪਾਲ ਜੱਸੀ, ਪਲਸ ਮੰਚ ਦੇ ਪ੍ਰਧਾਨ ਅਮੋਲਕ ਸਿੰਘ, ਜਨਰਲ ਸਕੱਤਰ ਕੰਵਲਜੀਤ ਖੰਨਾ, ਤਰਕਸ਼ੀਲ ਸੁਸਾਇਟੀ ਦੇ ਸੂਬਾ ਜਥੇਬੰਦਕ ਮੁਖੀ ਰਜਿੰਦਰ ਭਦੌੜ, ਡਾ. ਅਰੁਣ ਮਿੱਤਰਾ, ਡਾ. ਹਰਬੰਸ ਸਿੰਘ ਗਰੇਵਾਲ, ਜਸਵੰਤ ਜੀਰਖ, ਕਸਤੂਰੀ ਲਾਲ, ਐਡਵੋਕੇਟ ਅਮਨ, ਹਰੀਸ਼ ਪੱਖੋਵਾਲ, ਸਵਰਨਜੀਤ ਸਿੰਘ, ਸੁਖਦੇਵ ਫਗਵਾੜਾ, ਬਲਵੀਰ ਲੌਂਗੋਵਾਲ, ਐਡਵੋਕੇਟ ਹਰਪ੍ਰੀਤ ਜੀਰਖ,ਸਤੀਸ਼ ਸਚਦੇਵਾ ਸਮੇਤ ਬਹੁਤ ਸਾਰੀਆਂ ਜਨਤਕ ਜਮਹੂਰੀ, ਸਾਹਿਤਕ-ਸੱਭਿਆਚਾਰਕ ਸ਼ਖ਼ਸੀਅਤਾਂ ਹਾਜ਼ਰ ਸਨ। ਮੁੱਖ ਬੁਲਾਰੇ ਨੂੰ ਸਨਮਾਨਤ ਕੀਤਾ ਗਿਆ। ਇਨਕਲਾਬੀ ਗਾਇਕਾਂ ਗੁਰਮੀਤ ਜੱਜ, ਕਸਤੂਰੀ ਲਾਲ, ਬਰਿਜ ਰਾਜੇਆਣਾ ਅਤੇ ਮੌਸਮ ਵੱਲੋਂ ਗੀਤ ਪੇਸ਼ ਕੀਤੇ ਗਏ ਅਤੇ ਹਾਜ਼ਰੀਨ ਦਾ ਧੰਨਵਾਦ ਪ੍ਰੋਫੈਸਰ ਮਲੇਰੀ ਵੱਲੋਂ ਕੀਤਾ ਗਿਆ।