ਨਸ਼ਾ ਵਿਰੋਧੀ ਮੁਹਿੰਮ ਤੇਜ਼, ਕਾਰਵਾਈ ਦੌਰਾਨ ਕਈ ਕਾਬੂ
ਸ਼ਹਿਰ ਵਿੱਚ ਨਸ਼ਾ ਵਿਰੋਧੀ ਮੁਹਿੰਮ ਤੇਜ਼, ਵੱਖ-ਵੱਖ ਥਾਣਿਆਂ ਦੀ ਕਾਰਵਾਈ ਦੌਰਾਨ ਕਈ ਕਾਬੂ
Publish Date: Fri, 20 Feb 2026 08:01 PM (IST)
Updated Date: Fri, 20 Feb 2026 08:03 PM (IST)

ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ, ਲੁਧਿਆਣਾ : ਸ਼ਹਿਰ ਵਿੱਚ ਨਸ਼ਿਆਂ ਖ਼ਿਲਾਫ਼ ਚਲਾਈ ਜਾ ਰਹੀ ਵਿਸ਼ੇਸ਼ ਮੁਹਿੰਮ ਤਹਿਤ ਪੁਲਿਸ ਨੇ ਵੱਖ-ਵੱਖ ਥਾਣਾ ਖੇਤਰਾਂ ਵਿੱਚ ਛਾਪੇਮਾਰੀ ਕਰ ਕੇ ਨਸ਼ਾ ਕਰਨ ਅਤੇ ਸਮੱਗਲਿੰਗ ਵਿੱਚ ਸ਼ਾਮਲ ਕਈ ਵਿਅਕਤੀਆਂ ਨੂੰ ਕਾਬੂ ਕੀਤਾ ਹੈ। ਪੁਲਿਸ ਨੇ ਸਾਰੇ ਮੁਲਜ਼ਮਾਂ ਖ਼ਿਲਾਫ਼ ਐੱਨਡੀਪੀਐੱਸ ਐਕਟ ਤਹਿਤ ਮਾਮਲੇ ਦਰਜ ਕਰ ਕੇ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿੱਥੋਂ ਉਨ੍ਹਾਂ ਨੂੰ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ। ਥਾਣਾ ਡਵੀਜ਼ਨ-3 ਦੀ ਪੁਲਿਸ ਨੇ ਬਾਬਾ ਥਾਨ ਸਿੰਘ ਚੌਕ ਵਾਸੀ ਨੀਰਜ ਕੁਮਾਰ ਨੂੰ ਜਨਤਕ ਸਥਾਨ ’ਤੇ ਨਸ਼ਾ ਕਰਦੇ ਹੋਏ ਕਾਬੂ ਕੀਤਾ। ਥਾਣਾ ਸਦਰ ਦੀ ਪੁਲਿਸ ਵੱਲੋਂ ਘੁਮਾਰ ਮੰਡੀ ਵਾਸੀ ਦਵਿੰਦਰ ਸ਼ਰਮਾ ਨੂੰ ਨਸ਼ਾ ਕਰਦੇ ਗ੍ਰਿਫਤਾਰ ਕੀਤਾ ਗਿਆ। ਥਾਣਾ ਡਾਬਾ ਦੀ ਪੁਲਿਸ ਨੇ ਮੇਡ ਕਾਲੋਨੀ ਵਾਸੀ ਪ੍ਰਦੀਪ ਸਿੰਘ ਨੂੰ 2 ਗ੍ਰਾਮ ਹੈਰੋਇਨ ਸਮੇਤ ਹਿਰਾਸਤ ਵਿੱਚ ਲਿਆ, ਜਦਕਿ ਥਾਣਾ ਸ਼ਿਮਲਾਪੁਰੀ ਦੀ ਪੁਲਿਸ ਨੇ ਸੂਰਜ ਨਗਰ ਸ਼ਿਮਲਾਪੁਰੀ ਵਾਸੀ ਰੂਪ ਸਿੰਘ ਨੂੰ ਨਸ਼ਾ ਕਰਦੇ ਹੋਏ ਕਾਬੂ ਕੀਤਾ। ਥਾਣਾ ਸਰਾਭਾ ਨਗਰ ਦੀ ਪੁਲਿਸ ਨੇ ਬਾੜੇਵਾਲ ਦੇ ਰਹਿਣ ਵਾਲੇ ਹਰਪ੍ਰੀਤ ਸਿੰਘ ਨੂੰ 26 ਨਸ਼ੇ ਦੀਆਂ ਗੋਲੀਆਂ ਸਮੇਤ ਗ੍ਰਿਫਤਾਰ ਕੀਤਾ। ਥਾਣਾ ਲਾਡੋਵਾਲ ਦੀ ਪੁਲਿਸ ਨੇ ਪਿੰਡ ਤਲਵੰਡੀ ਦੇ ਵਾਸੀ ਬਲਵੀਰ ਸਿੰਘ ਨੂੰ ਨਸ਼ਾ ਵੇਚਣ ਦੇ ਦੋਸ਼ ’ਚ ਹਿਰਾਸਤ ਵਿੱਚ ਲਿਆ, ਜਦਕਿ ਜਲੰਧਰ ਵਾਸੀ ਬਲਕਾਰ ਸਿੰਘ ਨੂੰ 5 ਗ੍ਰਾਮ ਹੈਰੋਇਨ ਨਾਲ ਗ੍ਰਿਫਤਾਰ ਕੀਤਾ ਗਿਆ। ਇਸ ਤੋਂ ਇਲਾਵਾ ਥਾਣਾ ਡਵੀਜ਼ਨ-5 ਦੀ ਪੁਲਿਸ ਨੇ ਮਨਜੀਤ ਨਗਰ ਤੋਂ ਪਰਵਿੰਦਰ ਸਿੰਘ ਅਤੇ ਦੀਪ ਕੁਮਾਰ ਨੂੰ 100 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ। ਥਾਣਾ ਮੋਤੀ ਨਗਰ ਦੀ ਪੁਲਿਸ ਨੇ ਅੰਬੇਡਕਰ ਕਾਲੋਨੀ ਵਾਸੀ ਰਾਹੁਲ ਨੂੰ 3 ਗ੍ਰਾਮ ਹੈਰੋਇਨ ਨਾਲ ਗ੍ਰਿਫਤਾਰ ਕੀਤਾ। ਪੁਲਿਸ ਅਧਿਕਾਰੀਆਂ ਮੁਤਾਬਿਕ ਸਾਰੇ ਮਾਮਲਿਆਂ ਦੀ ਜਾਂਚ ਜਾਰੀ ਹੈ ਅਤੇ ਸ਼ਹਿਰ ਵਿੱਚ ਨਸ਼ਾ ਵਿਰੋਧੀ ਮੁਹਿੰਮ ਅੱਗੇ ਵੀ ਲਗਾਤਾਰ ਜਾਰੀ ਰਹੇਗੀ।