ਗੁਰੂ ਨਾਨਕ ਖਾਲਸਾ ਕਾਲਜ ਵਿਖੇ ਸਾਲਾਨਾ ਇਨਾਮ ਵੰਡ ਸਮਾਰੋਹ ਕਰਵਾਇਆ
ਗੁਰੂ ਨਾਨਕ ਖਾਲਸਾ ਕਾਲਜ ਵਿਖੇ ਸਾਲਾਨਾ ਇਨਾਮ ਵੰਡ ਸਮਾਰੋਹ ਕਰਵਾਇਆ
Publish Date: Tue, 21 Apr 2026 06:14 PM (IST)
Updated Date: Tue, 21 Apr 2026 06:19 PM (IST)

ਪੁਨੀਤ ਬਾਵਾ, ਪੰਜਾਬੀ ਜਾਗਰਣ ਲੁਧਿਆਣਾ ਗੁਰੂ ਨਾਨਕ ਖਾਲਸਾ ਕਾਲਜ ਲੜਕੀਆਂ ਗੁੱਜਰਖਾਨ ਕੈਂਪਸ ਮਾਡਲ ਟਾਊਨ ਲੁਧਿਆਣਾ ਦੇ ਇੰਟਰਨਲ ਕੁਆਲਿਟੀ ਅਸ਼ੋਰੈਂਸ ਸੈੱਲ ਦੀ ਅਗਵਾਈ ਹੇਠ ਅੱਜ ਕਾਲਜ ਕੈਂਪਸ ਵਿੱਚ ਸਾਲਾਨਾ ਇਨਾਮ ਵੰਡ ਸਮਾਰੋਹ ਕਰਵਾਇਆ ਗਿਆ। ਸਮਾਰੋਹ ਦੌਰਾਨ ਯੂਨੀਵਰਸਿਟੀ, ਕਾਲਜ ਅਤੇ ਮਿਡ-ਸਮੈਸਟਰ ਪ੍ਰੀਖਿਆ ਵਿਚ ਅੱਵਲ ਰਹਿਣ ਵਾਲੀਆਂ ਵਿਦਿਆਰਥਣਾਂ ਦਾ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ। ਸਮਾਰੋਹ ਵਿਚ ਡਾ. ਰਜਿੰਦਰ ਸਿੰਘ ਚੱਢਾ ਚੇਅਰਮੈਨ ਵੇਵ ਗਰੁੱਪ ਇਸ ਮੌਕੇ ਮੁੱਖ ਮਹਿਮਾਨ ਵਜੋਂ ਪੁੱਜੇ। ਪ੍ਰਸਿੱਧ ਸਿਆਸਤਦਾਨ ਤੇ ਸਾਬਕਾ ਕੈਬਨਿਟ ਮੰਤਰੀ ਮਹੇਸ਼ਇੰਦਰ ਸਿੰਘ ਗਰੇਵਾਲ ਨੇ ਹੋਰ ਉੱਘੀਆਂ ਸ਼ਖਸੀਅਤਾਂ ਸਮੇਤ ਆਪਣੀ ਹਾਜ਼ਰੀ ਨਾਲ ਸਮਾਗਮ ਨੂੰ ਚਾਰ ਚੰਦ ਲਗਾਏ। ਇਸ ਦੇ ਨਾਲ ਹੀ ਸੰਯੁਕਤ ਸਕੱਤਰ ਪ੍ਰੀਤਪਾਲ ਸਿੰਘ ਸਰਨਾ ਅਤੇ ਪ੍ਰਬੰਧਕ ਮੰਡਲ ਦੇ ਹੋਰ ਮਾਣਯੋਗ ਮੈਂਬਰਾਂ ਨੇ ਵੀ ਸਮਾਗਮ ਨੂੰ ਆਪਣੀ ਹਾਜ਼ਰੀ ਨਾਲ ਸ਼ੋਭਤ ਕੀਤਾ। ਮੁੱਖ ਮਹਿਮਾਨ ਦਾ ਸਵਾਗਤ ਕਰਦੇ ਹੋਏ ਪ੍ਰਿੰਸੀਪਲ ਡਾ. ਮਨੀਤਾ ਕਾਹਲੋਂ ਨੇ ਕਾਲਜ ਦੀ ਸਾਲਾਨਾ ਰਿਪੋਰਟ ਪੇਸ਼ ਕੀਤੀ, ਜਿਸ ਵਿਚ ਵਿਭਿੰਨ ਅਕਾਦਮਿਕ, ਸੱਭਿਆਚਾਰਕ ਤੇ ਸਹਿ-ਪਾਠਕ੍ਰਮ ਖੇਤਰਾਂ ਵਿਚ ਵਿਦਿਆਰਥੀਆਂ ਅਤੇ ਫੈਕਲਟੀ ਦੀਆਂ ਸ਼ਾਨਦਾਰ ਪ੍ਰਾਪਤੀਆਂ ਨੂੰ ਉਜਾਗਰ ਕੀਤਾ ਗਿਆ। ਵਿਦਿਆਰਥੀਆਂ ਦੀਆਂ ਪ੍ਰਾਪਤੀਆਂ ਦੀ ਸ਼ਲਾਘਾ ਕਰਦੇ ਹੋਏ ਮੁੱਖ ਮਹਿਮਾਨ ਡਾ. ਚੱਢਾ ਨੇ ਸੰਸਥਾ ਨੂੰ ਸਫਲਤਾ ਅਤੇ ਉੱਤਮਤਾ ਦੇ ਲਗਾਤਾਰ ਵਧਦੇ ਗ੍ਰਾਫ ਲਈ ਵਧਾਈ ਦਿੱਤੀ। ਇਨਾਮ ਜੇਤੂਆਂ ਨੂੰ ਸੰਬੋਧਨ ਕਰਦੇ ਹੋਏ, ਕਾਲਜ ਗਵਰਨਿੰਗ ਬਾਡੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਨੌਜਵਾਨ ਵਿਦਿਆਰਥਣਾਂ ਦੀਆਂ ਪ੍ਰਾਪਤੀਆਂ ਤੇ ਬਹੁਤ ਮਾਣ ਪ੍ਰਗਟ ਕੀਤਾ ਅਤੇ ਉਨ੍ਹਾਂ ਨੂੰ ਜੀਵਨ ਦੇ ਹਰ ਖੇਤਰ ਵਿਚ ਉੱਤਮਤਾ ਲਈ ਯਤਨਸ਼ੀਲ ਰਹਿਣ ਲਈ ਉਤਸ਼ਾਹਿਤ ਕੀਤਾ।