6 ਅਪ੍ਰੈਲ ਨੂੰ ਜਗਰਾਓਂ ਏਡੀਸੀ ਦਫ਼ਤਰ ਦੇ ਘਿਰਾਓ ਦਾ ਐਲਾਨ
6 ਅਪ੍ਰੈਲ ਨੂੰ ਜਗਰਾਓਂ ਏਡੀਸੀ ਦਫ਼ਤਰ ਦੇ ਘਿਰਾਓ ਦਾ ਐਲਾਨ
Publish Date: Tue, 31 Mar 2026 09:25 PM (IST)
Updated Date: Tue, 31 Mar 2026 09:28 PM (IST)

ਸੁਸ਼ੀਲ ਵਰਮਾ, ਪੰਜਾਬੀ ਜਾਗਰਣ, ਰਾਏਕੋਟ : ਅੱਜ ਸੰਯੁਕਤ ਕਿਸਾਨ ਮੋਰਚੇ ਦੇ ਜ਼ਿਲ੍ਹਾ ਲੁਧਿਆਣਾ ਦੇ ਸੀਨੀਅਰ ਆਗੂ ਵੱਲੋਂ ਇਕ ਮੀਟਿੰਗ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਅਨੁਸਾਰ 6 ਅਪ੍ਰੈਲ ਦੇ ਪ੍ਰੋਗਰਾਮ ਤਹਿਤ ਸਥਾਨਕ ਇਤਿਹਾਸਕ ਅਸਥਾਨ ਗੁਰਦੁਆਰਾ ਟਾਹਲੀਆਣਾ ਸਾਹਿਬ ਰਾਏਕੋਟ ਵਿਖੇ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਜ਼ਿਲ੍ਹਾ ਲੁਧਿਆਣਾ ਪ੍ਰਧਾਨ ਮਾਸਟਰ ਮਹਿੰਦਰ ਸਿੰਘ ਕਮਾਲਪੁਰਾ ਦੀ ਅਗਵਾਈ ਹੇਠ ਹੋਈ। ਇਸ ਮੀਟਿੰਗ ਸਬੰਧੀ ਪ੍ਰੈੱਸ ਨਾਲ ਗੱਲਬਾਤ ਕਰਦਿਆ ਬੀਕੇਯੂ ਡਕੌਂਦਾ ਦੇ ਜ਼ਿਲ੍ਹਾ ਮੀਤ ਪ੍ਰਧਾਨ ਹਰਬਖਸ਼ੀਸ਼ ਸਿੰਘ ਰਾਏ ਚੱਕ ਭਾਈ ਕਾ ਨੇ ਦੱਸਿਆ ਕਿ ਇਸ ਮੀਟਿੰਗ ’ਚ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ, ਲੱਖੋਵਾਲ ਤੇ ਪੰਜਾਬ ਕਿਸਾਨ ਯੂਨੀਅਨ ਦੇ ਨੁਮਾਇੰਦਿਆਂ ਨੇ ਹਿੱਸਾ ਲਿਆ ਤੇ ਸਰਬਸੰਮਤੀ ਨਾਲ ਫ਼ੈਸਲਾ ਲੈਂਦਿਆਂ ਏਡੀਸੀ ਜਗਰਾਓਂ ਦੇ ਘਿਰਾਓ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਸਬੰਧਤ ਜੱਥੇਬੰਦੀਆਂ ਦੇ ਵਰਕਰ ਜਗਰਾਓਂ ਦੇ ਮੋਗਾ ਲੁਧਿਆਣਾ ਪੁਲ ਦੇ ਹੇਠਾਂ ਆਪਣਾ ਸਵੇਰੇ 11 ਵਜੇ ਤੋਂ ਲੈਕੇ ਬਾਅਦ ਦੁਪਹਿਰ 3 ਵਜੇ ਤੱਕ ਆਪਣਾ ਵਿਰੋਧ ਪ੍ਰਦਰਸ਼ਨ ਕਰਨਗੇ ਤੇ ਆਵਾਜਾਈ ਨੂੰ ਪ੍ਰਭਾਵਿਤ ਨਹੀਂ ਕਰਨਗੇ ਤੇ ਜੇਕਰ ਏਡੀਸੀ ਜਗਰਾਓਂ ਵੱਲੋਂ ਇਸ ਰੋਸ ਪ੍ਰਦਰਸ਼ਨ ਨੂੰ ਅਣਗੌਲਿਆਂ ਕੀਤਾ ਗਿਆ ਤਾਂ ਮੌਕੇ ਅਨੁਸਾਰ ਪ੍ਰਦਰਸ਼ਨ ਬਦਲਿਆ ਵੀ ਜਾ ਸਕਦਾ ਹੈ, ਜਿਸ ਦੀ ਪੂਰੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਹੋਵੇਗੀ। ਸਮੂਹ ਕਿਸਾਨ ਆਗੂਆਂ ਨੇ ਗੱਲਬਾਤ ਕਰਦਿਆਂ ਆਖਿਆ ਕਿ ਪੰਜਾਬ ਤੇ ਕੇਂਦਰ ਸਰਕਾਰ ਕਿਸਾਨਾਂ ਦੀਆ ਮੰਗਾਂ ਨੂੰ ਅਣਗੌਲਿਆਂ ਕਰਦੀਆਂ ਆ ਰਹੀਆਂ ਹਨ। ਜਿਸ ਤਰ੍ਹਾਂ ਐੱਮਐੱਸਪੀ ਗਾਰੰਟੀ ਕਾਨੂੰਨ ਬਣਾਉਣ, ਬਿਜਲੀ ਸੋਧ ਬਿੱਲ ਵਾਪਸ ਲੈਣ, ਬੀਜ ਬਿੱਲ ਰੱਦ ਕਰਵਾਉਣ, ਕਿਸਾਨਾਂ ਮਜ਼ਦੂਰਾਂ ਦਾ ਕਰਜ਼ਾ ਮੁਆਫ ਕਰਵਾਉਣ, ਚਿੱਪ ਵਾਲੇ ਮੀਟਰ ਹਟਾਉਣ, ਪੰਜਾਬ ਦੇ ਪਾਣੀਆਂ ਨੂੰ ਬਚਾਉਣ ਸੰਬੰਧੀ ਹੋਰ ਬਹੁਤ ਸਾਰੀਆਂ ਮੰਗਾਂ ਲਟਕਦੀਆਂ ਆ ਰਹੀਆਂ ਹਨ। ਇਨ੍ਹਾਂ ਮੰਗਾਂ ਸਬੰਧੀ 6 ਅਪ੍ਰੈਲ ਨੂੰ ਪ੍ਰਧਾਨ ਮੰਤਰੀ ਭਾਰਤ ਸਰਕਾਰ ਲਈ ਮੰਗ ਪੱਤਰ ਪੂਰੇ ਪੰਜਾਬ ਭਰ ’ਚ ਸੌਂਪੇ ਜਾਣੇ ਹਨ। ਇਸ ਸਮੇਂ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਜ਼ਿਲ੍ਹਾ ਮੀਤ ਪ੍ਰਧਾਨ ਬਲਵਿੰਦਰ ਸਿੰਘ ਕਮਾਲਪੁਰਾ, ਬਲਾਕ ਰਾਏਕੋਟ ਪ੍ਰਧਾਨ ਰਣਧੀਰ ਸਿੰਘ ਬੱਸੀਆ, ਬਲਾਕ ਪ੍ਰਧਾਨ ਪੱਖੋਵਾਲ ਗੁਰਵਿੰਦਰ ਸਿੰਘ ਪੱਖੋਵਾਲ, ਬਲਦੇਵ ਸਿੰਘ ਅਕਾਲਗੜ੍ਹ ਖੁਰਦ, ਪ੍ਰਧਾਨ ਗੁਰਜੰਟ ਸਿੰਘ ਗਿੱਲ ਅੱਚਰਵਾਲ, ਭਾਕਿਯੂ ਰਾਜੇਵਾਲ ਦੇ ਜ਼ਿਲ੍ਹਾ ਪ੍ਰਧਾਨ ਮਨਪ੍ਰੀਤ ਸਿੰਘ ਗੋਂਦਵਾਲ, ਬਲਾਕ ਪ੍ਰਧਾਨ ਅਵਤਾਰ ਸਿੰਘ ਤਾਰੀ ਬਰਮੀਂ, ਪੰਜਾਬ ਕਿਸਾਨ ਯੂਨੀਅਨ ਦੇ ਮਲਕੀਤ ਸਿੰਘ ਭੈਣੀ ਬੜਿੰਗ, ਭਾਕਿਯੂ ਲੱਖੋਵਾਲ ਦੇ ਜ਼ਿਲ੍ਹਾ ਪ੍ਰਧਾਨ ਜੋਗਿੰਦਰ ਸਿੰਘ ਮਲਸੀਹਾਂ ਬਾਜਣ, ਬਲਾਕ ਪ੍ਰਧਾਨ ਰਾਏਕੋਟ ਕਮਲਜੀਤ ਸਿੰਘ ਰੂਪਾਂਪੱਤੀ, ਗੁਰਚਰਨ ਸਿੰਘ ਅੱਚਰਵਾਲ, ਜਸਵੀਰ ਸਿੰਘ ਅਕਾਲਗੜ੍ਹ ਖੁਰਦ, ਬੇਅੰਤ ਸਿੰਘ ਗਿੱਲ, ਜ਼ੋਰਾ ਸਿੰਘ ਅੱਚਰਵਾਲ, ਸਾਧੂ ਸਿੰਘ ਚੱਕ ਭਾਈ ਕਾ, ਹਾਕਮ ਸਿੰਘ ਬਿੰਜਲ, ਅਵਤਾਰ ਸਿੰਘ ਤਾਰੀ ਬਿੰਜਲ, ਚਰਨਜੀਤ ਸਿੰਘ ਕਮਾਲਪੁਰਾ, ਚਮਕੌਰ ਸਿੰਘ ਗਿੱਲ, ਦਵਿੰਦਰ ਸਿੰਘ ਨੱਤ ਬੱਸੀਆ, ਮਨਜਿੰਦਰ ਸਿੰਘ ਲਾਡੀ ਬੱਸੀਆ ਆਦਿ ਹਾਜ਼ਰ ਸਨ।