ਬਿਮਾਰੀਆਂ ਫ਼ੈਲਾਉਣ ਵਾਲੇ ਪਾਣੀ ਨੂੰ ਰੋਕਣ ਦੇ ਹੱਕ ’ਚ ਧਰਨੇ ਦਾ ਐਲਾਨ
ਬੁੱਢੇ ਦਰਿਆ ਸਮੇਤ ਹੋਰ ਕਾਲੇ, ਪ੍ਰਦੂਸ਼ਿਤ ਤੇ ਬਿਮਾਰੀਆਂ ਫ਼ੈਲਾਉਣ ਵਾਲੇ ਪਾਣੀ ਨੂੰ ਰੋਕਣ ਦੇ ਹੱਕ ਵਿੱਚ ਧਰਨਾ ਦੇਣ ਦਾ ਐਲਾਨ
Publish Date: Tue, 06 Jan 2026 08:06 PM (IST)
Updated Date: Wed, 07 Jan 2026 04:09 AM (IST)

ਕਾਲੇ ਪਾਣੀ ਦਾ ਮੋਰਚੇ ਵੱਲੋਂ 8 ਜਨਵਰੀ ਨੂੰ ਪਟਿਆਲਾ ਪੀਪੀਸੀਬੀ ਦਫ਼ਤਰ ਘੇਰਨ ਦਾ ਫ਼ੈਸਲਾ ਪੁਨੀਤ ਬਾਵਾ, ਪੰਜਾਬੀ ਜਾਗਰਣ, ਲੁਧਿਆਣਾ ਕਾਲੇ ਪਾਣੀ ਦਾ ਮੋਰਚੇ ਵੱਲੋਂ ਬੁੱਢਾ ਦਰਿਆ ਸਮੇਤ ਪੰਜਾਬ ਦੇ ਹੋਰ ਕਾਲੇ, ਪ੍ਰਦੂਸ਼ਿਤ ਤੇ ਬਿਮਾਰੀਆਂ ਫੈਲਾਉਣ ਵਾਲੇ ਪਾਣੀਆਂ ਨੂੰ ਰੋਕਣ ਲਈ ਧਰਨਾ ਦੇਣ ਦਾ ਐਲਾਨ ਕੀਤਾ ਗਿਆ ਹੈ। ਮੋਰਚੇ ਵੱਲੋਂ ਨੈਸ਼ਨਲ ਗਰੀਨ ਟ੍ਰਿਬਿਊਨਲ ਦੇ ਅਦਾਲਤੀ ਹੁਕਮ ਲਾਗੂ ਕਰਵਾਉਣ ਲਈ 8 ਜਨਵਰੀ ਨੂੰ ਸਵੇਰੇ 11 ਵਜੇ ਪਟਿਆਲਾ ਵਿਖੇ ਸਥਿਤ ਪ੍ਰਦੂਸ਼ਣ ਰੋਕਥਾਮ ਬੋਰਡ ਦੇ ਦਫ਼ਤਰ ਦਾ ਘਿਰਾਓ ਕਰਨ ਦਾ ਫ਼ੈਸਲਾ ਕੀਤਾ ਹੈ। ਕਾਲੇ ਪਾਣੀ ਦਾ ਮੋਰਚਾ ਦੇ ਆਗੂ ਜਸਕੀਰਤ ਸਿੰਘ ਨੇ ਕਿਹਾ ਕਿ ਕਾਲੇ ਪਾਣੀ ਦਾ ਮੋਰਚਾ ਵੱਲੋਂ ਪਿਛਲੇ ਲੰਬੇ ਸਮੇਂ ਤੋਂ ਬੁੱਢਾ ਦਰਿਆ ਸਮੇਤ ਹੋਰ ਦਰਿਆਵਾਂ ਦੇ ਦੂਸ਼ਿਤ, ਕਾਲੇ ਤੇ ਬਿਮਾਰੀਆਂ ਫੈਲਾਉਣ ਵਾਲੇ ਪਾਣੀ ਦੇ ਖਿਲਾਫ਼ ਮੁਹਿੰਮ ਵਿੱਢਿਆ ਗਿਆ ਹੈ ਪਰ ਸਰਕਾਰੀ ਏਜੰਸੀਆਂ ਤੇ ਉਦਯੋਗਪਤੀਆਂ ਦੀ ਮਿਲੀਭੁਗਤ ਨਾਲ ਪਾਣੀ ਪ੍ਰਦੂਸ਼ਣ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਉਨ੍ਹਾਂ ਕਿਹਾ ਕਿ ਨੈਸ਼ਨਲ ਗਰੀਨ ਟ੍ਰਿਬਿਊਨਲ ਨੇ ਕਾਲੇ, ਜ਼ਹਿਰੀਲੇ ਤੇ ਬੀਮਾਰੀਆਂ ਫੈਲਾਉਣ ਵਾਲੇ ਪਾਣੀ ਨੂੰ ਰੋਕਣ ਲਈ ਹੁਕਮ ਵੀ ਜਾਰੀ ਕੀਤੇ ਹਨ ਪਰ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਹੁਕਮ ਲਾਗੂ ਕਰਨ ਤੋਂ ਮੁਨਕਰ ਹੋ ਰਿਹਾ ਹੈ, ਜਿਸ ਕਰ ਕੇ ਹੀ ਕਾਲੇ ਪਾਣੀ ਦਾ ਮੋਰਚਾ ਵੱਲੋਂ ਸਾਂਝਾ ਮੋਰਚਾ ਜ਼ੀਰਾ, ਸ੍ਰੀ ਚਮਕੌਰ ਸਾਹਿਬ ਮੋਰਚਾ, ਤਲਵੰਡੀ ਸਾਬੋ ਤੇ ਕਮਾਲੂ ਮੋਰਚਾ ਦੇ ਸਹਿਯੋਗ ਨਾਲ 8 ਜਨਵਰੀ ਨੂੰ ਸਵੇਰੇ 11 ਵਜੇ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਦੇ ਪਟਿਆਲਾ ਦਫ਼ਤਰ ਦੀ ਘੇਰਾਬੰਦੀ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪਾਣੀਆਂ ਦੀ ਰਾਖੀ ਕਰਨ ਲਈ ਸਾਨੂੰ ਸਾਰਿਆਂ ਨੂੰ ਸਮੂਹਿਕ ਯਤਨ ਕਰਨੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਸਾਰੇ ਹੀ ਪੰਜਾਬੀਆਂ ਨੂੰ ਪਾਣੀਆਂ ਦੀ ਬਚਾਉਣ ਲਈ 8 ਜਨਵਰੀ ਨੂੰ ਪਟਿਆਲਾ ਵਿਖੇ ਵਹੀਰਾਂ ਘੱਤਣੀਆਂ ਚਾਹੀਦੀਆਂ ਹਨ।