ਗਰਭਵਤੀ ਵੱਡੀ ਭੈਣ ਦੇ ਵਿਆਹ ਤੋਂ ਨਰਾਜ਼ ਹੋ ਕੇ ਛੋਟੀ ਨੇ ਕੀਤੀ ਕੁੱਟਮਾਰ
ਗਰਭਵਤੀ ਵੱਡੀ ਭੈਣ ਦੇ ਵਿਆਹ ਤੋਂ ਨਰਾਜ਼ ਹੋ ਕੇ ਛੋਟੀ ਨੇ ਕੀਤੀ ਕੁੱਟਮਾਰ
Publish Date: Wed, 10 Jun 2026 09:40 PM (IST)
Updated Date: Wed, 10 Jun 2026 09:41 PM (IST)

ਘਰ ਅੰਦਰ ਦਾਖਲ ਹੋ ਕੇ ਰਿਸ਼ਤੇਦਾਰ ਸਣੇ ਭੈਣ ਨੂੰ ਬਾਲਾ ਤੋਂ ਘੜੀਸ ਕੇ ਕੁੱਟਿਆ ਐਸਪੀ ਜੋਸ਼ੀ, ਪੰਜਾਬੀ ਜਾਗਰਣ ਲੁਧਿਆਣਾ ਆਪਣੀ ਵੱਡੀ ਭੈਣ ਦੇ ਕਰੀਬ ਚਾਰ ਪੰਜ ਮਹੀਨੇ ਪਹਿਲਾਂ ਹੋਏ ਵਿਆਹ ਤੋਂ ਨਾਰਾਜ਼ ਹੋਈ ਛੋਟੀ ਭੈਣ ਨੇ ਜਬਰੀ ਉਸ ਦੇ ਘਰ ’ਚ ਦਾਖਲ ਹੋ ਕੇ ਬੁਰੀ ਤਰ੍ਹਾਂ ਨਾਲ ਕੁੱਟਮਾਰ ਕੀਤੀ। ਆਪਣੇ ਕਿਸੇ ਰਿਸ਼ਤੇਦਾਰ ਨਾਲ ਉਹ ਜਬਰੀ ਵੱਡੀ ਭੈਣ ਦੇ ਘਰ ਦਾਖਲ ਹੋਈ ਅਤੇ ਪਹਿਲੀ ਮੰਜ਼ਿਲ ’ਤੇ ਰਸੋਈ ’ਚ ਖਾਣਾ ਬਣਾ ਰਹੀ ਗਰਭਵਤੀ ਵੱਡੀ ਭੈਣ ਨੂੰ ਵਾਲਾਂ ਤੋਂ ਘੜੀਸਦੀ ਹੋਈ ਬੁਰੀ ਤਰ੍ਹਾਂ ਕੁੱਟਮਾਰ ਕੀਤੀ। ਜਦੋਂ ਗਰਭਵਤੀ ਦੇ ਪਤੀ ਨੂੰ ਘਟਨਾ ਦਾ ਪਤਾ ਲੱਗਾ ਤਾਂ ਉਹ ਆਪਣੀ ਪਤਨੀ ਨੂੰ ਹਸਪਤਾਲ ਇਲਾਜ ਲਈ ਲਿਆਇਆ ਅਤੇ ਉਕਤ ਵਾਰਦਾਤ ਸਬੰਧੀ ਚੌਕੀ ਰਾਮਗੜ੍ਹ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾ ਦਿੱਤੀ। ਕੁੱਟਮਾਰ ਦੀ ਸ਼ਿਕਾਰ ਗਰਭਵਤੀ ਕਾਮਨੀ ਦਾ ਨੀਚੀ ਮੰਗਲੀ ਦੇ ਰਹਿਣ ਵਾਲੇ ਵਿਕਾਸ ਨਾਲ ਕਰੀਬ ਪੰਜ ਮਹੀਨੇ ਪਹਿਲਾਂ ਵਿਆਹ ਹੋਇਆ ਸੀ। ਵਿਆਹ ਤੋਂ ਬਾਅਦ ਫੈਕਟਰੀ ਵਿੱਚ ਕੰਮ ਕਰਨ ਵਾਲਾ ਵਿਕਾਸ ਪਤਨੀ ਸਮੇਤ ਫੈਕਟਰੀ ਦੀ ਉੱਪਰੀ ਮੰਜ਼ਿਲ ਵਿੱਚ ਰਹਿ ਰਿਹਾ ਸੀ। ਮੰਗਲਵਾਰ ਦੁਪਹਿਰ ਕਾਮਨੀ ਦੀ ਛੋਟੀ ਭੈਣ ਸ਼ਾਂਤੀ ਆਪਣੇ ਕਿਸੇ ਰਿਸ਼ਤੇਦਾਰ ਨਾਲ ਫੈਕਟਰੀ ਆਈ ਅਤੇ ਜਬਰੀ ਗੇਟ ਖੋਲ੍ਹ ਕੇ ਉੱਪਰ ਚਲੀ ਗਈ। ਕਰੀਬ ਇੱਕ ਮਹੀਨੇ ਦੀ ਗਰਭਵਤੀ ਕਾਮਨੀ ਰਸੋਈ ਵਿੱਚ ਰੋਟੀ ਪਕਾ ਰਹੀ ਸੀ ਅਤੇ ਸ਼ਾਂਤੀ ਨੇ ਉਸ ਨਾਲ ਗਾਲ਼ੀ ਗਲੋਚ ਕਰਦਿਆਂ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਵਿਕਾਸ ਮੁਤਾਬਕ ਉਹ ਮੂਲ ਰੂਪ ਵਿੱਚ ਉੱਤਰ ਪ੍ਰਦੇਸ਼ ਦਾ ਰਹਿਣ ਵਾਲਾ ਹੈ ਅਤੇ ਕਾਮਨੀ ਨਾਲ ਉਸ ਦੀ ਮਾਂ ਦੀ ਰਜ਼ਾਮੰਦੀ ਨਾਲ ਹੀ ਉਸ ਨੇ ਵਿਆਹ ਕਰਵਾਇਆ ਸੀ। ਉਨ੍ਹਾਂ ਦੇ ਵਿਆਹ ਤੋਂ ਕਾਮਨੀ ਦੀ ਛੋਟੀ ਭੈਣ ਨਾਰਾਜ਼ ਸੀ ਅਤੇ ਉਸ ਦੇ ਵਿਆਹ ਦਾ ਸ਼ੁਰੂ ਤੋਂ ਹੀ ਵਿਰੋਧ ਕਰ ਰਹੀ ਸੀ। ਇਸ ਰੰਜਿਸ਼ ਦੇ ਚਲਦੇ ਹੀ ਉਸ ਨੇ ਆਪਣੇ ਕਿਸੇ ਰਿਸ਼ਤੇਦਾਰ ਨਾਲ ਮਿਲ ਕੇ ਕਾਮਨੀ ਉੱਪਰ ਹਮਲਾ ਕਰ ਦਿੱਤਾ। ਇਸ ਤੋਂ ਪਹਿਲਾਂ ਵੀ ਸ਼ਾਂਤੀ ਨੇ ਕਈ ਵਾਰ ਉਸ ਦੀ ਪਤਨੀ ਨੂੰ ਫੋਨ ਤੇ ਜਾਨੋਂ ਮਾਰਨ ਦੀਆਂ ਧਮਕੀਆਂ ਤੱਕ ਦਿੱਤੀਆਂ ਸਨ। ਇਸ ਕੁੱਟਮਾਰ ਦੀ ਵੀਡੀਓ ਲੈ ਕੇ ਵਿਕਾਸ ਨੇ ਉਕਤ ਮਾਮਲਾ ਪੁਲਿਸ ਦੇ ਧਿਆਨ ਵਿੱਚ ਲਿਆ ਕੇ ਸਾਲੀ ਦੇ ਖਿਲਾਫ ਸ਼ਿਕਾਇਤ ਦਰਜ ਕਰਵਾ ਦਿੱਤੀ ਹੈ।