ਸਕੂਲ ਅੰਦਰ ਆਂਗਨਵਾੜੀ ਅਧਿਆਪਿਕਾ ’ਤੇ ਹਮਲਾ, ਗਹਿਣਿਆਂ ਦੇ ਝਗੜੇ ਨੇ ਲਿਆ ਗੰਭੀਰ ਰੂਪ
ਸਕੂਲ ਅੰਦਰ ਆਂਗਨਵਾੜੀ ਅਧਿਆਪਿਕਾ ’ਤੇ ਹਮਲਾ, ਗਹਿਣਿਆਂ ਦੇ ਝਗੜੇ ਨੇ ਲਿਆ ਖੌਫਨਾਕ ਰੂਪ
Publish Date: Wed, 25 Mar 2026 08:51 PM (IST)
Updated Date: Thu, 26 Mar 2026 04:08 AM (IST)

ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ ਲੁਧਿਆਣਾ : ਮਹਾਨਗਰ ਲੁਧਿਆਣਾ ਦੇ ਮਹਿਮੂਦਪੁਰਾ ਪਿੰਡ ਦੇ ਸਰਕਾਰੀ ਸਕੂਲ ਵਿੱਚ ਉਸ ਸਮੇਂ ਹੜਕੰਪ ਮੱਚ ਗਿਆ ਜਦੋਂ ਸਕੂਲ ਅੰਦਰ ਹੀ ਇੱਕ ਆਂਗਨਵਾੜੀ ਅਧਿਆਪਿਕਾ ’ਤੇ ਹਮਲਾ ਕਰ ਦਿੱਤਾ ਗਿਆ। ਇਸ ਘਟਨਾ ਨਾਲ ਸਕੂਲ ਸਟਾਫ ਤੇ ਬੱਚਿਆਂ ’ਚ ਡਰ ਦਾ ਮਾਹੌਲ ਬਣ ਗਿਆ। ਇਸ ਮਾਮਲੇ ’ਚ ਥਾਣਾ ਸਦਰ ਦੀ ਪੁਲਿਸ ਨੇ ਕੁਲਵਿੰਦਰ ਕੌਰ ਦੀ ਸ਼ਿਕਾਇਤ ’ਤੇ ਕਾਰਵਾਈ ਕਰਦਿਆਂ ਗੁਰਜੋਤ ਸਿੰਘ ਅਤੇ ਉਸ ਦੀ ਮਾਂ ਸੁਖਵਿੰਦਰ ਕੌਰ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਨੂੰ ਦਿੱਤੇ ਬਿਆਨਾਂ ਵਿੱਚ ਕੁਲਵਿੰਦਰ ਕੌਰ ਨੇ ਦੱਸਿਆ ਕਿ ਬੀਤੇ ਦਿਨ ਸਵੇਰੇ ਕਰੀਬ 10:15 ਵਜੇ ਉਹ ਸਕੂਲ ਵਿੱਚ ਆਪਣੀ ਡਿਊਟੀ ਤੇ ਮੌਜੂਦ ਸੀ। ਇਸ ਦੌਰਾਨ ਗੁਰਜੋਤ ਸਿੰਘ ਆਪਣੀ ਮਾਂ ਨਾਲ ਸਕੂਲ ਵਿੱਚ ਦਾਖਲ ਹੋਇਆ ਅਤੇ ਆਉਂਦੇ ਹੀ ਉਸ ਨਾਲ ਗਾਲੀ-ਗਲੌਚ ਕਰਨ ਲੱਗ ਪਿਆ। ਕੁਝ ਹੀ ਸਮੇਂ ਵਿੱਚ ਦੋਵਾਂ ਨੇ ਉਸ ਨਾਲ ਮਾਰਕੁੱਟ ਕਰਨੀ ਸ਼ੁਰੂ ਕਰ ਦਿੱਤੀ। ਸ਼ਿਕਾਇਤਕਰਤਾ ਮੁਤਾਬਕ ਇਹ ਸਾਰਾ ਵਿਵਾਦ ਸੋਨੇ ਦੇ ਗਹਿਣਿਆਂ ਨੂੰ ਲੈ ਕੇ ਸੀ। ਜਦੋਂ ਦੋਸ਼ੀ ਨੇ ਆਪਣੇ ਦਿੱਤੇ ਗਹਿਣਿਆਂ ਬਾਰੇ ਪੁੱਛਿਆ ਤਾਂ ਉਸ ਨੇ ਦੱਸਿਆ ਕਿ ਉਹ ਗਹਿਣੇ ਉਸ ਨੇ ਆਪਣੀ ਭੈਣ ਕੋਲ ਪਿੰਡ ਖਾਨਪੁਰ ਵਿੱਚ ਰੱਖੇ ਹੋਏ ਹਨ। ਪੀੜਤਾ ਦੇ ਦੋਸ਼ ਹਨ ਕਿ ਇਸ ਤੋਂ ਬਾਅਦ ਦੋਸ਼ੀਆਂ ਨੇ ਉਸ ਨੂੰ ਜਬਰਦਸਤੀ ਪਿੰਡ ਖਾਨਪੁਰ ਲਿਜਾ ਕੇ ਮੁੜ ਮਾਰਕੁੱਟ ਕੀਤੀ ਅਤੇ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ। ਬਾਅਦ ਵਿੱਚ ਦੋਵੇਂ ਉਸ ਨੂੰ ਉੱਥੇ ਛੱਡ ਕੇ ਮੌਕੇ ਤੋਂ ਫਰਾਰ ਹੋ ਗਏ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਦੋਸ਼ੀਆਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਜਾਰੀ ਹੈ।