ਸਾਲੀ ਨੂੰ ਅਗਵਾ ਕਰਨ ਦੇ ਦੋਸ਼ ’ਚ ਇਕ ਨਾਮਜ਼ਦ
ਲੁਧਿਆਣਾ ਵਿੱਚ ਵਾਪਰੀ ਰਿਸ਼ਤਿਆਂ ਨੂੰ ਤਾਰ ਤਾਰ ਕਰਨ ਵਾਲੀ ਘਟਨਾ
Publish Date: Wed, 15 Apr 2026 08:52 PM (IST)
Updated Date: Thu, 16 Apr 2026 04:09 AM (IST)

ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ ਲੁਧਿਆਣਾ : ਸਨਅਤੀ ਸ਼ਹਿਰ ਲੁਧਿਆਣਾ ਦੇ ਥਾਣਾ-5 ਅਧੀਨ ਆਉਂਦੇ ਇਲਾਕੇ ’ਚ ਇਕ ਜੀਜੇ ਵੱਲੋਂ ਆਪਣੀ 21 ਸਾਲਾ ਸਾਲੀ ਨੂੰ ਅਗਵਾ ਕਰ ਲਿਆ ਗਿਆ। ਇਸ ਮਾਮਲੇ ਨੇ ਇਲਾਕੇ ’ਚ ਚਰਚਾ ਦਾ ਮਾਹੌਲ ਬਣਾਇਆ ਹੋਇਆ ਹੈ। ਜਾਣਕਾਰੀ ਮੁਤਾਬਕ ਪੀੜਤਾ ਇਕ ਇੰਸਟੀਚਿਊਟ ’ਚ ਆਰਕੀਟੈਕਟ ਦਾ ਕੋਰਸ ਕਰ ਰਹੀ ਹੈ। ਸ਼ਿਕਾਇਤਕਰਤਾ, ਜੋ ਕਿ ਕੁੜੀ ਦਾ ਪਿਤਾ ਹੈ, ਨੇ ਪੁਲਿਸ ਨੂੰ ਦਿੱਤੇ ਆਪਣੇ ਬਿਆਨਾਂ ’ਚ ਦੱਸਿਆ ਕਿ ਉਹ ਆਪਣੀ ਧੀ ਨੂੰ ਸਰਾਭਾ ਨਗਰ ਸਥਿਤ ਇੰਸਟੀਚਿਊਟ ਦੇ ਬਾਹਰ ਛੱਡ ਕੇ ਆਇਆ ਸੀ। ਰੋਜ਼ਾਨਾ ਵਾਂਗ ਉਹ ਸ਼ਾਮ ਨੂੰ ਉਸ ਨੂੰ ਵਾਪਸ ਲੈਣ ਲਈ ਮੁੜ ਇੰਸਟੀਚਿਊਟ ਪਹੁੰਚਿਆ, ਪਰ ਉੱਥੇ ਪਹੁੰਚ ਕੇ ਉਸ ਨੂੰ ਪਤਾ ਲੱਗਾ ਕਿ ਉਸ ਦੀ ਧੀ ਲਾਪਤਾ ਹੋ ਚੁੱਕੀ ਹੈ। ਜਦੋਂ ਉਸ ਨੇ ਇਸ ਬਾਰੇ ਪੁੱਛਗਿੱਛ ਕੀਤੀ ਤਾਂ ਹੈਰਾਨੀਜਨਕ ਖੁਲਾਸਾ ਹੋਇਆ ਕਿ ਉਸ ਦੀ ਧੀ ਨੂੰ ਉਸ ਦੇ ਹੀ ਜਵਾਈ ਵੱਲੋਂ ਅਗਵਾ ਕਰ ਲਿਆ ਸੀ। ਸ਼ਿਕਾਇਤਕਰਤਾ ਨੇ ਦੱਸਿਆ ਕਿ ਮੁਲਜ਼ਮ ਨੇ ਉਸ ਦੀ ਧੀ ਨੂੰ ਨਾਜਾਇਜ਼ ਹਿਰਾਸਤ ’ਚ ਰੱਖਿਆ ਹੋਇਆ ਹੈ। ਪੁਲਿਸ ਮੁਤਾਬਕ ਮੁਲਜ਼ਮ ਦੀ ਪਛਾਣ ਨਵਾਂਸ਼ਹਿਰ ਵਾਸੀ ਰੋਹਿਤ ਵਜੋਂ ਹੋਈ ਹੈ। ਪੁਲਿਸ ਦਾ ਕਹਿਣਾ ਹੈ ਕਿ ਰੋਹਿਤ ਪਿੱਛੋਂ ਉੱਤਰ ਪ੍ਰਦੇਸ਼ ਦਾ ਵਾਸੀ ਹੈ। ਘਟਨਾ ਦੀ ਜਾਣਕਾਰੀ ਮਿਲਦੇ ਹੀ ਪਰਿਵਾਰ ’ਚ ਭੱਜ-ਨੱਠ ਪੈ ਗਈ ਤੇ ਤੁਰੰਤ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਗਈ। ਪੁਲਿਸ ਨੇ ਸ਼ਿਕਾਇਤ ਦੇ ਆਧਾਰ ’ਤੇ ਮੁਲਜ਼ਮ ਰੋਹਿਤ ਨੂੰ ਨਾਮਜ਼ਦ ਕਰਦੇ ਹੋਏ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਜਲਦੀ ਮੁਲਜ਼ਮ ਨੂੰ ਕਾਬੂ ਕਰਕੇ ਪੀੜਤਾ ਨੂੰ ਸੁਰੱਖਿਅਤ ਬਰਾਮਦ ਕਰ ਲਿਆ ਜਾਵੇਗਾ।