ਗਦਰੀ ਬਾਬਾ ਭਾਨ ਸਿੰਘ ਦਾ ਸ਼ਹੀਦੀ ਦਿਹਾੜਾ 2 ਮਾਰਚ ਨੂੰ
ਗਦਰੀ ਬਾਬਾ ਭਾਨ ਸਿੰਘ ਦਾ ਸ਼ਹੀਦੀ ਦਿਹਾੜਾ ਮਨਾਉਣ ਸਬੰਧੀ ਅਹਿਮ ਮੀਟਿੰਗ ਹੋਈ
Publish Date: Sun, 22 Feb 2026 05:32 PM (IST)
Updated Date: Mon, 23 Feb 2026 04:07 AM (IST)

ਸਟਾਫ ਪ੍ਰਤੀਨਿਧੀ, ਪੰਜਾਬੀ ਜਾਗਰਣ, ਲੁਧਿਆਣਾ : ਸਥਾਨਕ ਗ਼ਦਰੀ ਬਾਬਾ ਭਾਨ ਸਿੰਘ ਯਾਦਗਾਰ ਸੁਨੇਤ ਵਿਖੇ ਗਦਰੀ ਸ਼ਹੀਦ ਬਾਬਾ ਭਾਨ ਸਿੰਘ ਨੌਜਵਾਨ ਸਭਾ ਦੀ ਮੀਟਿੰਗ ਸਭਾ ਦੇ ਪ੍ਰਧਾਨ ਐਡਵੋਕੇਟ ਹਰਪ੍ਰੀਤ ਜ਼ੀਰਖ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ 2 ਮਾਰਚ ਨੂੰ ਗਦਰੀ ਬਾਬਾ ਭਾਨ ਸਿੰਘ ਦੇ ਸ਼ਹੀਦੀ ਦਿਹਾੜੇ ਨੂੰ ਮਨਾਉਣ ਸਬੰਧੀ ਭਰਵੀਂ ਚਰਚਾ ਕੀਤੀ ਗਈ। ਮੀਟਿੰਗ ਵਿੱਚ ਹੋਏ ਫੈਸਲਿਆਂ ਬਾਰੇ ਗੱਲਬਾਤ ਕਰਦਿਆਂ ਨੌਜਵਾਨ ਸਭਾ ਦੇ ਜਨਰਲ ਸਕੱਤਰ ਰਾਕੇਸ਼ ਆਜ਼ਾਦ ਅਤੇ ਸਹਾਇਕ ਸਕੱਤਰ ਮੀਨੂੰ ਸ਼ਰਮਾ ਨੇ ਦੱਸਿਆ ਕਿ ਗ਼ਦਰੀ ਸ਼ਹੀਦ ਬਾਬਾ ਭਾਨ ਸਿੰਘ ਦਾ ਸ਼ਹੀਦੀ ਦਿਹਾੜਾ ਨਾ ਸਿਰਫ਼ ਉਨ੍ਹਾਂ ਦੀ ਸ਼ਹਾਦਤ ਨੂੰ ਯਾਦ ਕਰਨਾ ਹੈ, ਸਗੋਂ ਉਨ੍ਹਾਂ ਦੀ ਵਿਰਾਸਤ ਅਤੇ ਵਿਚਾਰਧਾਰਾ ਨੂੰ ਲੋਕਾਂ ਵਿੱਚ ਲੈ ਕੇ ਜਾਣ ਦਾ ਇੱਕ ਵੱਡਾ ਮੌਕਾ ਹੁੰਦਾ ਹੈ। ਇਸ ਸ਼ਹੀਦੀ ਦਿਹਾੜੇ ਮੌਕੇ 1 ਮਾਰਚ ਦਿਨ ਐਤਵਾਰ ਨੂੰ ਨੌਜਵਾਨ ਸਭਾ ਵੱਲੋਂ ਗਦਰੀ ਬਾਬਾ ਭਾਨ ਸਿੰਘ ਦੀ ਯਾਦਗਾਰ ਤੋਂ ਇੱਕ ਮਸ਼ਾਲ ਮਾਰਚ ਸੁਨੇਤ ਦੀਆਂ ਗਲੀਆਂ ਵਿੱਚੋਂ ਕੱਢਿਆ ਜਾਵੇਗਾ ਅਤੇ ਲੋਕਾਂ ਨੂੰ ਗਦਰੀ ਸ਼ਹੀਦਾਂ ਦੇ ਵਿਚਾਰਾਂ ਦੀ ਅਜੋਕੇ ਸਮੇਂ ਵਿੱਚ ਮਹੱਤਤਾ ਬਾਰੇ ਇੱਕ ਹੱਥ ਪਰਚਾ ਵੰਡਿਆ ਜਾਵੇਗਾ। ਮੌਜੂਦਾ ਸਮੇਂ ਵਿੱਚ ਇਸ ਸਮਾਜ ਵਿੱਚ ਧਰਮਾਂ-ਜਾਤਾਂ ਦੇ ਨਾਮ ਤੇ ਵੰਡੀਆਂ ਪਾਉਣ ਵਾਲੀਆਂ ਫਾਸ਼ੀਵਾਦੀ ਤਾਕਤਾਂ ਸਰਗਰਮ ਹੋ ਚੁੱਕੀਆਂ ਹਨ ਅਤੇ ਲੋਕਾਂ ਨੂੰ ਆਪਸ ਵਿੱਚ ਲੜਾ ਕੇ ਨਫ਼ਰਤ ਫੈਲਾਉਣ ਦਾ ਯਤਨ ਕਰ ਰਹੀਆਂ ਹਨ, ਪਰ ਨੌਜਵਾਨ ਸਭਾ ਇਹ ਸਮਝਦੀ ਹੈ ਕਿ ਅਜੋਕੇ ਨਫ਼ਰਤੀ ਮਾਹੌਲ ਵਿੱਚ ਗਦਰੀ ਬਾਬਿਆਂ ਦਾ ਲੁੱਟ ਤੇ ਵਿਤਕਰੇ ਰਹਿਤ ਸਮਾਜ ਦੀ ਸਿਰਜਣਾ ਦੀ ਲੜਾਈ ਨੂੰ ਅੱਗੇ ਤੋਰਦਿਆਂ ਉਨ੍ਹਾਂ ਦੀ ਵਿਚਾਰਧਾਰਾ ਨੂੰ ਪ੍ਰਚਾਰਨ ਦਾ ਕਾਰਜ ਨੌਜਵਾਨਾਂ ਨੂੰ ਆਪਣੇ ਹੱਥਾਂ ਵਿੱਚ ਲੈ ਕੇ ਸੰਘਰਸ਼ ਕਰਨਾ ਚਾਹੀਦਾ ਹੈ। ਗਦਰੀ ਬਾਬਿਆਂ ਦੀ ਵਿਚਾਰਧਾਰਾ ਹੀ ਨੌਜਵਾਨਾਂ ਨੂੰ ਸਹੀ ਸੇਧ ਪ੍ਰਦਾਨ ਕਰਦਿਆਂ ਨਸ਼ਿਆਂ ਅਤੇ ਨਫ਼ਰਤ ਤੋਂ ਦੂਰ ਲੈ ਜਾ ਕੇ ਸੋਹਣੇ ਸਮਾਜ ਦੀ ਸਿਰਜਣਾ ਵੱਲ ਪ੍ਰੇਰਿਤ ਕਰ ਸਕਦੀ ਹੈ । ਇਸ ਦੌਰਾਨ ਮੀਟਿੰਗ ਵਿੱਚ ਸਾਰੇ ਸਾਥੀਆਂ ਨੇ ਇਸ ਮਸ਼ਾਲ ਮਾਰਚ ਨੂੰ ਸਫ਼ਲ ਬਣਾਉਣ ਲਈ ਯਤਨ ਕਰਨ ਅਤੇ ਵੱਧ ਤੋਂ ਵੱਧ ਨੌਜਵਾਨਾਂ ਵਿੱਚ ਪਹੁੰਚ ਕਰਨ ਦਾ ਅਹਿਦ ਲਿਆ। ਇਸ ਮੌਕੇ ਮੀਟਿੰਗ ਵਿੱਚ ਤਜਿੰਦਰ ਕੁਮਾਰ, ਪ੍ਰਤਾਪ ਸਿੰਘ, ਮਾਨ ਸਿੰਘ ਅਤੇ ਰਾਜੀਵ ਕੁਮਾਰ ਹਾਜ਼ਰ ਸਨ।