ਰਿਸ਼ਵ ਦੀ ਚਿਖਾ ਦੇ ਨਾਲ ਉਸਦੇ ਸੁਪਨੇ ਅਤੇ ਪਰਿਵਾਰ ਦੀਆਂ ਆਸਾਂ ਵੀ ‘ਸੜੀਆਂ’
ਰਿਸ਼ਵ ਦੀ ਚਿਖਾ ਦੇ ਨਾਲ ਉਸਦੇ ਸੁਪਨੇ ਅਤੇ ਪਰਿਵਾਰ ਦੀਆਂ ਆਸਾਂ ਵੀ ‘ਸੜੀਆਂ’
Publish Date: Mon, 13 Apr 2026 07:40 PM (IST)
Updated Date: Tue, 14 Apr 2026 04:10 AM (IST)

-ਤਿੰਨ ਦਿਨ ਤੋਂ ਯਮੁਨਾ ਤੱਟ ’ਤੇ ਬੈਠੇ ਮਾਪਿਆਂ ਨੂੰ ਪੁੱਤ ਦੀ ਮਿਲੀ ਲਾਸ਼, ਬੇਸੁੱਧ ਮਾਂ ਦੇ ਵਿਰਲਾਪ ਨੇ ਹਰ ਅੱਖ ਕੀਤੀ ਨਮ ਸੰਜੀਵ ਗੁਪਤਾ, ਪੰਜਾਬੀ ਜਾਗਰਣ ਜਗਰਾਓਂ : ਜਗਰਾਓਂ ਦੇ 19 ਸਾਲਾਂ ਨੌਜਵਾਨ ਕ੍ਰਿਕਟਰ ਰਿਸ਼ਵ ਸ਼ਰਮਾ ਦੇ ਸੁਪਨੇ, ਪਰਿਵਾਰ ਦੀਆਂ ਆਸਾਂ ਸਭ ਉਸ ਦੀ ਚਿਖਾ ਦੇ ਨਾਲ ਹੀ ਸੜ ਗਈਆਂ। ਐੱਲਐੱਲਬੀ ਦੀ ਪੜ੍ਹਾਈ ਕਰ ਰਹੇ ਦੇਸ਼ ਦੇ ਨਾਮੀ ਕ੍ਰਿਕਟਰ ਯੁਵਰਾਜ ਸਿੰਘ ਦੇ ਚੇਲੇ ਰਿਸ਼ਵ ਦੇ ਵਿਛੋੜੇ ’ਤੇ ਅੱਜ ਜਗਰਾਓਂ ਇੱਕ ਵਾਰ ਫਿਰ ਰੋਇਆ। ਦੋ ਦਿਨ ਪਹਿਲਾਂ ਵਰਿੰਦਾਵਨ ਹਾਦਸੇ ਵਿਚ ਹੀ ਮਾਰੇ ਗਏ ਪੰਜ ਜਣਿਆਂ ਦੇ ਵਿਛੋੜੇ ਦਾ ਗ਼ਮ ਅਜੇ ਭੁੱਲਿਆ ਵੀ ਨਹੀਂ ਸੀ ਕਿ ਬੀਤੀ ਕੱਲ੍ਹ ਰਿਸ਼ਵ ਦੀ ਮ੍ਰਿਤਕ ਦੇਹ ਮਿਲਣ ਤੋਂ ਬਾਅਦ ਇਹ ਦਰਦ ਫਿਰ ਇੱਕ ਵਾਰ ਉਠਿਆ। ਇਸ ਦਰਦਨਾਕ ਵਿਛੋੜੇ ਵਿਚ ਰਿਸ਼ਵ ਸ਼ਰਮਾ ਦੀ ਮਾਂ ਦਾ ਦਰਦ ਨਾ ਸਹਿਣਯੋਗ ਸੀ। ਉਹ ਨੌਜਵਾਨ ਹੋਣਹਾਰ ਪੁੱਤ ਦੇ ਵਿਛੋੜੇ ਦਾ ਗ਼ਮ ਦਿਲ ਨੂੰ ਇਸ ਕਦਰ ਲਗਾਈ ਬੈਠੀ ਸੀ ਕਿ ਕੱਲ੍ਹ ਤੋਂ ਹੀ ਬੇਸੁੱਧ ਹੈ। ਅੱਜ ਤੜਕੇ ਰਿਸ਼ਵ ਦੀ ਮ੍ਰਿਤਕ ਦੇਹ ਘਰ ਲਿਆਂਦੀ ਗਈ ਤਾਂ ਪਰਿਵਾਰ ਦੇ ਨਾਲ ਪੂਰਾ ਸ਼ਹਿਰ ਫੁੱਟ ਫੁੱਟ ਰੋ ਪਿਆ। ਉਸਦੀ ਅੰਤਿਮ ਯਾਤਰਾ ਤੋਂ ਬਾਅਦ ਅੰਤਿਮ ਸੰਸਕਾਰ ਦਾ ਵੇਲਾ ਆਇਆ ਤਾਂ ਪਰਿਵਾਰ ਦਾ ਵਿਰਲਾਪ ਦੇਖਿਆ ਨਹੀਂ ਸੀ ਜਾ ਰਿਹਾ। ਗੁੰਮਸੁੰਮ ਰਿਸ਼ਵ ਦੇ ਪਿਤਾ ਓਮੇਸ਼ ਸ਼ਰਮਾ ਜਿੱਥੇ ਪੁੱਤ ਦੇ ਵਿਛੋੜੇ ਦੇ ਵਿਰਲਾਪ ਵਿਚ ਗ਼ਮਗੀਨ ਸਨ, ਉਥੇ ਆਪਣੀ ਬੇਸੁੱਧ ਪਤਨੀ ਦੀ ਹਾਲਤ ਨੂੰ ਲੈ ਕੇ ਚਿੰਤਤ ਸਨ। ਪਿਛਲੇ ਚਾਰ ਦਿਨਾਂ ਤੋਂ ਪੁੱਤ ਦੇ ਪਹਿਲਾਂ ਲਾਪਤਾ ਹੋਣ ਅਤੇ ਫਿਰ ਵਿਛੋੜੇ ਦੇ ਦਰਦ ਵਿਚ ਦਿਨ-ਰਾਤ ਰੋਂਦਿਆਂ ਅੱਜ ਰਿਸ਼ਵ ਦੀ ਮਾਤਾ ਗੁੰਮਸੁੰਮ ਬੈਠੀ ਸਭ ਦੇਖਦੀ ਰਹੀ। ਉਸ ਦੀ ਹਾਲਤ ਦੇਖ ਹਰ ਅੱਖ ਵਿਚੋਂ ਹੰਝੂ ਵਹਿ ਰਹੇ ਸਨ। ਕਿਸੇ ਤਰ੍ਹਾਂ ਪਰਿਵਾਰ ਵੱਲੋਂ ਰਿਸ਼ਵ ਨੂੰ ਅੰਤਿਮ ਵਿਦਾਗਿੀ ਦਿੱਤੀ ਗਈ। ਰਿਸ਼ਵ ਦੀਆਂ ਅੰਤਿਮ ਰਸਮਾਂ ਮੌਕੇ ਸ਼ਮਸ਼ਾਨਘਾਟ ਵਿਚ ਮੌਜੂਦ ਹਰ ਅੱਖ ਨਮ ਸੀ, ਇਸ ਦੌਰਾਨ ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਸਮੇਤ ਪੁੱਜੀਆਂ ਸ਼ਖਸੀਅਤਾਂ ਵੀ ਭਾਵੁਕ ਹੋ ਗਈਆਂ। -ਰਿਸ਼ਵ ਦੇ ਕੀਰਤਨ ਕਰਨ ਦੀ ਵਾਇਰਲ ਵੀਡੀਓ ਨੇ ਕੀਤਾ ਭਾਵੁਕ ਕ੍ਰਿਕਟ ਅਤੇ ਸੰਗੀਤ ਦੇ ਸ਼ੌਕੀਨ ਰਿਸ਼ਵ ਸ਼ਰਮਾ ਧਾਰਮਿਕ ਪ੍ਰਵਿਰਤੀ ਨੂੰ ਸਮਰਪਿਤ ਸੀ। ਆਪਣੀ ਅਧਿਆਪਕਾ ਮਾਤਾ ਓਮਾ ਸ਼ਰਮਾ ਵਾਂਗ ਨਿੱਤ-ਨੇਮ ਅਤੇ ਪ੍ਰਮਾਤਮਾ ਦਾ ਨਾਮ ਜਪਣ ਵਾਲੇ ਰਿਸ਼ਵ ਨੂੰ ਅੱਜ ਹਰ ਕੋਈ ਚੇਤੇ ਕਰ ਰਿਹਾ ਸੀ। ਇਸੇ ਵਿਚ ਉਸ ਦੀ ਇੱਕ ਵਰਿੰਦਾਵਨ ਜਾਣ ਮੌਕੇ ਵੀਡੀਓ ਵਾਇਰਲ ਹੋਈ। ਜਿਸ ਬੱਸ ਵਿਚ ਸ਼ਰਧਾਲੂਆਂ ਨਾਲ ਰਿਸ਼ਵ ਸਵਾਰ ਸੀ, ਉਸ ਬੱਸ ਪਾਸ ਮਾਈਕ ਫੜ ਕੇ ਉਹ ਰਾਧਾ-ਰਾਧਾ ਦਾ ਸਿਮਰਨ ਕਰਦਾ ਅਤੇ ਸ਼ਰਧਾਲੂਆਂ ਨੂੰ ਕਰਵਾ ਰਿਹਾ ਹੈ। ਰਿਸ਼ਵ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਪੁੱਜੇ ਆਗੂ ਵਰਿੰਦਾਵਨ ਹਾਦਸੇ ਵਿਚ ਕਿਸ਼ਤੀ ਪਲਟਣ ਕਾਰਨ ਜਗਰਾਓਂ ਵਿਚ ਹੋਈਆਂ 6 ਦਰਦਨਾਕ ਮੌਤਾਂ ’ਤੇ ਪੀੜਤ ਪਰਿਵਾਰਾਂ ਨਾਲ ਦੁੱਖ ਸਾਂਝਾ ਕਰਨ ਲਈ ਰਾਜਨੀਤਿਕ ਆਗੂ ਲਗਾਤਾਰ ਪਹੁੰਚ ਰਹੇ ਹਨ। ਅੱਜ ਵੀ ਦਲਿਤ ਵਿਕਾਸ ਬੋਰਡ ਪੰਜਾਬ ਦੇ ਚੇਅਰਮੈਨ ਵਿਜੇ ਦਾਨਵ, ਐੱਮਪੀ ਭਾਈ ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ, ਪ੍ਰਿਥੀਪਾਲ ਸਿੰਘ ਵੀ ਪੀੜਤ ਪਰਿਵਾਰਾਂ ਦੇ ਘਰ ਪੁੱਜੇ ਅਤੇ ਉਨ੍ਹਾਂ ਪਰਿਵਾਰਾਂ ਨਾਲ ਦੁੱਖ ਸਾਂਝਾ ਕੀਤਾ। ਇਸ ਮੌਕੇ ਸਾਬਕਾ ਵਿਧਾਇਕ ਐਸਆਰ ਕਲੇਰ, ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਭਾਈ ਗੁਰਚਰਨ ਸਿੰਘ ਗਰੇਵਾਲ, ਕੌਂਸਲਰ ਜਤਿੰਦਰਪਾਲ ਰਾਣਾ ਸਮੇਤ ਵੱਡੀ ਗਿਣਤੀ ’ਚ ਲੋਕਾਂ ਨੇ ਰਿਸ਼ਵ ਨੂੰ ਨਮ ਅੱਖਾਂ ਨਾਲ ਅੰਤਿਮ ਵਿਦਾਇਗੀ ਦਿੱਤੀ।