ਉਤਪਾਦਨ ਦੇ ਨਾਲ-ਨਾਲ ਹੁਣ ਵਾਤਾਵਰਣ ਨੂੰ ਬਚਾਉਣਾ ਮੁੱਖ ਚਿੰਤਾ : ਡਾ. ਗੋਸਲ
ਉਤਪਾਦਨ ਦੇ ਨਾਲ-ਨਾਲ ਹੁਣ ਵਾਤਾਵਰਨ ਨੂੰ ਬਚਾਉਣਾ ਮੁੱਖ ਚਿੰਤਾ -ਡਾ.ਗੋਸਲ
Publish Date: Thu, 23 Apr 2026 08:57 PM (IST)
Updated Date: Fri, 24 Apr 2026 04:13 AM (IST)

ਪੀਏਯੂ. ਦੇ ਮੌਸਮ ਵਿਗਿਆਨ ਵਿਭਾਗ ਨੇ ਵਿਸ਼ਵ ਧਰਤ ਦਿਹਾੜਾ ਮਨਾਇਆ ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ, ਲੁਧਿਆਣਾ ਪੀਏਯੂ ਦੇ ਜਲਵਾਯੂ ਤਬਦੀਲੀ ਅਤੇ ਖੇਤੀ ਮੌਸਮ ਵਿਗਿਆਨ ਵਿਭਾਗ ਨੇ ਮੌਸਮ ਵਿਗਿਆਨੀਆਂ ਦੀ ਐਸੋਸੀਏਸ਼ਨ ਦੇ ਲੁਧਿਆਣਾ ਚੈਪਟਰ ਅਤੇ ਐੱਨਐੱਸਐੱਸ ਯੂਨਿਟ ਖੇਤੀਬਾੜੀ ਕਾਲਜ ਦੇ ਸਹਿਯੋਗ ਨਾਲ ਵਿਸ਼ਵ ਧਰਤ ਦਿਹਾੜਾ ਮਨਾਇਆ। ਪਾਲ ਆਡੀਟੋਰੀਅਮ ਵਿੱਚ ਹੋਏ ਇਸ ਸਮਾਗਮ ਦਾ ਉਦੇਸ਼ ਸਾਡਾ ਗ੍ਰਹਿ ਸਾਡੀ ਊਰਜਾ ਰੱਖਿਆ ਗਿਆ ਸੀ। ਮੁੱਖ ਮਹਿਮਾਨ ਵਜੋਂ ਸਮਾਰੋਹ ਵਿੱਚ ਪੀਏਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਸ਼ਾਮਿਲ ਹੋਏ। ਡਾ. ਗੋਸਲ ਨੇ ਕਿਹਾ ਕਿ ਇਹ ਧਰਤੀ ਸਾਨੂੰ ਵਿਰਸੇ ਵਿੱਚ ਹੀ ਨਹੀਂ ਮਿਲੀ ਸਗੋਂ ਆਉਣ ਵਾਲੀਆਂ ਪੀੜ੍ਹੀਆਂ ਲਈ ਸਾਡਾ ਫਰਜ਼ ਵੀ ਹੈ ਇਸ ਨੂੰ ਸੰਭਾਲ ਕੇ ਅਸੀਂ ਦੁਨੀਆਂ ਦੇ ਇਤਿਹਾਸ ਵਿੱਚ ਉਨਾਂ ਲੋਕਾਂ ਵਜੋਂ ਜਾਣੇ ਜਾ ਸਕਦੇ ਹਾਂ, ਜਿਨ੍ਹਾਂ ਨੇ ਮਨੁੱਖੀ ਨਸਲਾਂ ਦੀ ਸੰਭਾਲ ਲਈ ਵਿਸ਼ੇਸ਼ ਯਤਨ ਕੀਤੇ ਹੋਣ। ਉਨਾਂ ਪੀਏਯੂ. ਵੱਲੋਂ ਖੇਤੀਬਾੜੀ ਨੂੰ ਵਾਤਾਵਰਣ ਪੱਖੀ ਬਣਾਉਣ ਤੇ ਕੁਦਰਤੀ ਸਰੋਤਾਂ ਦੀ ਸੰਭਾਲ ਲਈ ਕੀਤੀ ਜਾਣ ਵਾਲੀ ਖੇਤੀ ਖੋਜ ਦਾ ਹਵਾਲਾ ਦਿੰਦਿਆਂ ਕਿਹਾ ਕਿ ਉਤਪਾਦਨ ਦੇ ਨਾਲ-ਨਾਲ ਹੁਣ ਵਾਤਾਵਰਨ ਨੂੰ ਬਚਾਉਣਾ ਮੁੱਖ ਚਿੰਤਾ ਹੈ। ਪੰਜਾਬ ਰਿਮੋਟ ਸੈਂਸਿੰਗ ਸੈਂਟਰ ਦੇ ਵਿਗਿਆਨੀ ਡਾ. ਆਰਕੇ ਸੇਤੀਆ ਨੇ ਮੁੱਖ ਬੁਲਾਰੇ ਦੇ ਤੌਰ ਤੇ ਬੋਲਦਿਆਂ ਨਿੱਜੀ ਅਤੇ ਸਮੂਹਿਕ ਤੌਰ ਤੇ ਵਾਤਾਵਰਣ ਦੀ ਸੰਭਾਲ ਲਈ ਕੀਤੇ ਜਾਣ ਵਾਲੇ ਯਤਨਾਂ ਉੱਪਰ ਰੌਸ਼ਨੀ ਪਾਈ। ਉਨਾਂ ਹਰਿਆਲੀ ਲਈ ਕੀਤੀਆਂ ਜਾਣ ਵਾਲੀਆਂ ਕੋਸ਼ਿਸ਼ਾਂ ਸਾਂਝੀਆਂ ਕੀਤੀਆਂ ਤੇ ਨਾਲ ਹੀ ਪੰਜਾਬ ਰਿਮੋਟ ਸੈਂਸਿੰਗ ਸੈਂਟਰ ਵੱਲੋਂ ਇਸ ਦਿਸ਼ਾ ਵਿੱਚ ਕੀਤੇ ਜਾ ਰਹੇ ਕਾਰਜਾਂ ਬਾਰੇ ਦੱਸਿਆ। ਵਿਭਾਗ ਦੇ ਮੁਖੀ ਡਾ. ਪਵਨੀਤ ਕੌਰ ਕਿੰਗਰਾ ਨੇ ਵਿਸ਼ਵ ਧਰਤ ਦਿਹਾੜੇ ਦੇ ਮਹੱਤਵ ਅਤੇ ਊਰਜਾ ਦੀ ਸੰਭਾਲ ਕਰਕੇ ਵਾਤਾਵਰਨ ਦੀ ਰੱਖਿਆ ਦੇ ਸਿਧਾਂਤ ਬਾਰੇ ਚਾਨਣਾ ਪਾਇਆ। ਇਸ ਮੌਕੇ ਇੱਕ ਪ੍ਰਸ਼ਨੋਤਰੀ ਮੁਕਾਬਲੇ ਦਾ ਪ੍ਰਬੰਧ ਕੀਤਾ ਗਿਆ, ਜਿਸ ਦਾ ਸੰਚਾਲਨ ਸੋਨਾਕਸ਼ੀ ਜਸਵਾਲ ਅਤੇ ਜਸ਼ਨਦੀਪ ਸਿੰਘ ਨੇ ਕੀਤਾ। ਇਸ ’ਚ ਪਹਿਲਾ ਇਨਾਮ ਖੁਸ਼ਨਸੀਬ ਸਿੰਘ, ਜਸਕਰਨ ਪਨੇਸਰ, ਸੌਰਵ ਚੌਧਰੀ ਤੇ ਗੁਰਸ਼ਾਨ ਕਾਹਲੋਂ ਨੂੰ ਹਾਸਲ ਹੋਇਆ। ਪੋਸਟਰ ਬਣਾਉਣ ਦੇ ਮੁਕਾਬਲੇ ਦੇ ਨਿਗਰਾਨ ਡਾ. ਹਰਲੀਨ ਕੌਰ ਸਨ। ਜੱਜਾਂ ਦੀ ਭੂਮਿਕਾ ਵਿੱਚ ਡਾ. ਰੁਪਿੰਦਰ ਕੌਰ, ਡਾ. ਐੱਲਕੇ ਧਾਲੀਵਾਲ ਤੇ ਡਾ. ਪੀਕੇ ਸਿੱਧੂ ਸਨ। ਇਸ ਮੁਕਾਬਲੇ ਵਿੱਚ ਪ੍ਰਭਜੋਤ ਕੌਰ ਜੇਤੂ ਬਣੀ। ਅੰਤ ’ਚ ਡਾ. ਸੋਮਪਾਲ ਸਿੰਘ ਨੇ ਧੰਨਵਾਦ ਦੇ ਸ਼ਬਦ ਕਹੇ। ਇਸ ਸਮਾਰੋਹ ਦਾ ਸੰਚਾਲਨ ਡਾ. ਰਾਜ ਕੁਮਾਰ ਪਾਲ ਅਤੇ ਡਾ. ਹਰਲੀਨ ਕੌਰ ਨੇ ਕੀਤਾ। ਧਰਤ ਦੀ ਸੰਭਾਲ ਦਾ ਸੁਨੇਹਾ ਦਿੰਦਾ ਇਹ ਸਮਾਰੋਹ ਯਾਦਗਾਰੀ ਹੋ ਨਿਬੜਿਆ। ਇਸ ਮੌਕੇ ਨਿਰਦੇਸ਼ਕ ਵਿਦਿਆਰਥੀ ਭਲਾਈ ਡਾ. ਕਮਲਜੀਤ ਸਿੰਘ ਸੂਰੀ, ਖੇਤੀਬਾੜੀ ਕਾਲਜ ਦੇ ਡੀਨ ਡਾ. ਚਰਨਜੀਤ ਸਿੰਘ ਔਲਖ, ਡਾ. ਰੁਪਿੰਦਰ ਤੂਰ, ਡਾ. ਹਰਮੀਤ ਸਿੰਘ ਸਰਲਾਚ ਵੀ ਮੌਜੂਦ ਸਨ।