ਅਕਾਲੀ ਲੀਡਰਸ਼ਿਪ ਨੇ ਯੂਥ ਵਰਕਰਾਂ ’ਚ ਭਰਿਆ ਜੋਸ਼
ਅਕਾਲੀ ਲੀਡਰਸ਼ਿਪ ਨੇ ਯੂਥ ਵਰਕਰਾਂ ’ਚ ਭਰਿਆ ਜੋਸ਼
Publish Date: Mon, 02 Feb 2026 07:53 PM (IST)
Updated Date: Mon, 02 Feb 2026 07:55 PM (IST)

-ਪਾਰਟੀ ਦੀ ਮਜ਼ਬੂਤੀ ਲਈ ਯੂਥ ਵਰਕਰਾਂ ਨੂੰ ਤਕੜੇ ਹੋਣ ਦਾ ਦਿੱਤਾ ਸੱਦਾ, ਯੂਥ ਦੀ ਬੈਠਕ ਨੇ ਵਿਸ਼ਾਲ ਜਲਸੇ ਦਾ ਰੂਪ ਧਾਰਿਆ। ਸੁਖਦੇਵ ਗਰਗ, ਪੰਜਾਬੀ ਜਾਗਰਣ, ਜਗਰਾਓਂ : ਜਗਰਾਓਂ ਦੀ ਗਰੀਨ ਸਿਟੀ ਵਿਖੇ ਸੋਮਵਾਰ ਨੂੰ ਅਕਾਲੀ ਦਲ ਦੇ ਯੂਥ ਵਰਕਰਾਂ ਦੀ ਹੋਈ ਮੀਟਿੰਗ ਨੇ ਰੈਲੀ ਦਾ ਰੂਪ ਧਾਰਿਆ। ਅਕਾਲੀ ਲੀਡਰਸ਼ਿਪ ਨੇ ਪਾਰਟੀ ਦੀ ਮਜ਼ਬੂਤੀ ਲਈ ਯੂਥ ਵਰਕਰਾਂ ਨੂੰ ਤਕੜੇ ਹੋਣ ਦਾ ਸੱਦਾ ਦਿੱਤਾ। ਯੂਥ ਆਗੂ ਸੰਦੀਪ ਸਿੰਘ ਮੱਲ੍ਹਾ ਦੀ ਅਗਵਾਈ ਹੇਠ ਹੋਈ ਮੀਟਿੰਗ ਵਿਚ ਵੱਡੀ ਗਿਣਤੀ ਵਿਚ ਇਕੱਠੇ ਹੋਏ ਯੂਥ ਵਰਕਰਾਂ ਨੇ ਪਾਰਟੀ ਦੀ ਮਜ਼ਬੂਤੀ ਅਤੇ ਪਾਰਟੀ ਦੀਆਂ ਨੀਤੀਆਂ ਨੂੰ ਘਰ-ਘਰ ਪਹੁੰਚਾਉਣ ਦਾ ਸੰਕਲਪ ਦਿ੍ਰੜ ਕੀਤਾ। ਇਸ ਮੌਕੇ ਹਲਕਾ ਇੰਚਾਰਜ, ਸ਼੍ਰੋਮਣੀ ਅਕਾਲੀ ਦਲ ਦੋ ਕੋਰ ਕਮੇਟੀ ਮੈਂਬਰ ਐੱਸਆਰ ਕਲੇਰ ਨੇ ਆਖਿਆ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕਰਨ ਲਈ ਨੌਜਵਾਨਾਂ ਦੇ ਮੋਢਿਆਂ ’ਤੇ ਅਹਿਮ ਜ਼ਿੰਮੇਵਾਰੀ ਦਾ ਅਹਿਸਾਸ ਹੋਣਾ ਲਾਜ਼ਮੀ ਹੈ। ਕਲੇਰ ਨੇ ਆਖਿਆ ਕਿ ਸੂਬੇ ਦੇ ਆਪ ਸਰਕਾਰ ਸੂਬੇ ਦੇ ਨੌਜਵਾਨਾਂ ਦੇ ਭਵਿੱਖ ਪ੍ਰਤੀ ਪੂਰੀ ਤਰਾਂ ਸੁਹਿਰਦ ਨਹੀ ਹੈ। ਉਨ੍ਹਾਂ ਆਖਿਆ ਕਿ ਅੱਜ ਹਜ਼ਾਰਾਂ ਨੌਕਰੀਆਂ ਦੇਣ ਦੇ ਝੂਠੇ ਦਾਅਵਿਆਂ ਨੇ ਸੱਤਾ ’ਤੇ ਕਾਬਜ਼ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ, ਜਿਸ ਨਾਲ ਪੰਜਾਬ ਦੇ ਨੌਜਵਾਨਾਂ ਦੇ ਮਨਾਂ ਵਿਚ ਸਖ਼ਤ ਰੋਸ ਹੈ। ਕਲੇਰ ਨੇ ਆਖਿਆ ਕਿ ਦਿੱਲੀ ਨੇ ਬਦਲਾਅ ਦੇ ਨਾਂ ਹੇਠ ਪੰਜਾਬ ਦੇ ਨੌਜਵਾਨਾਂ ਨੂੰ ਅਜਿਹਾ ਵਰਗਲਾਇਆ ਕਿ ਅੱਜ ਸੂਬੇ ਦਾ ਨੌਜਵਾਨ ਆਪਣੇ ਆਪ ਨੂੰ ਲੁੱਟਿਆ ਹੋਇਆ ਮਹਿਸੂਸ ਕਰ ਰਿਹਾ ਹੈ। ਕਲੇਰ ਨੇ ਇਲਾਕੇ ਦੇ ਨੌਜਵਾਨਾਂ ਨੂੰ ਚੇਤੰਨ ਕਰਦਿਆਂ ਆਖਿਆ ਕਿ ਅਕਾਲੀ ਦਲ ਹੀ ਨਵੀਂ ਪੀੜ੍ਹੀ ਦੇ ਭਵਿੱਖ ਦਾ ਰੌਸ਼ਨ ਸਿਤਾਰਾ ਹੈ ਜਿਸ ਨੇ ਨੌਜਵਾਨਾਂ ਨੂੰ ਰੁਜ਼ਗਾਰ ਦੇ ਅਸੀਮ ਮੌਕੇ ਪ੍ਰਦਾਨ ਕੀਤੇ ਹਨ। ਇਸ ਮੌਕੇ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਗੁਰਚਰਨ ਸਿੰਘ ਗਰੇਵਾਲ ਨੇ ਆਖਿਆ ਕਿ ਅੱਜ ਸੂਬੇ ਦੀ ਸਰਕਾਰ ਗੈਂਗਸਟਰ ਕਲਚਰ ਦੇ ਨਾਂ ਹੇਠ ਪੰਜਾਬ ਦੀ ਜਵਾਨੀ ਦਾ ਇਨਕਾਊਂਟਰ ਕਰ ਕੇ ਹਸਦੇ ਵੱਸਦੇ ਘਰਾਂ ਦੇ ਚਿਰਾਗ਼ ਬੁਝਾ ਰਹੀ ਹੈ। ਗਰੇਵਾਲ ਨੇ ਆਖਿਆ ਕਿ ਪੰਜਾਬ ਦੇ ਭਵਿੱਖ ਨੂੰ ਬਚਾਉਣ ਲਈ ਨੌਜਵਾਨ ਵਰਗ ਨੂੰ ਅੱਗੇ ਆਉਣਾ ਹੋਵੇਗਾ। ਉਨ੍ਹਾਂ ਪਾਰਟੀ ਦੇ ਸਿਰੜੀ ਨੌਜਵਾਨਾਂ ਨੂੰ ਪਾਰਟੀ ਦੀ ਮਜ਼ਬੂਤੀ ਲਈ ਕੰਮ ਕਰਨ ਦਾ ਸੱਦਾ ਦਿੱਤਾ ਹੈ। ਇਸ ਮੌਕੇ ਸਰਕਲ ਪ੍ਰਧਾਨ ਪਰਮਿੰਦਰ ਸਿੰਘ ਚੀਮਾ, ਸਰਕਲ ਪ੍ਰਧਾਨ ਸਰਪ੍ਰੀਤ ਸਿੰਘ ਕਾਉਂਕੇ, ਸਰਕਲ ਪ੍ਰਧਾਨ ਮਨਦੀਪ ਸਿੰਘ ਬਿੱਟੂ ਗ਼ਾਲਿਬ ਸਮੇਤ ਵੱਡੀ ਗਿਣਤੀ ’ਚ ਯੂਥ ਵਰਕਰ ਹਾਜ਼ਰ ਸਨ।