ਸਿਵਲ ਹਸਪਤਾਲ ਦੇ ਅੰਦਰ ਦੀ ਕਾਇਆ ਕਲਪ ਤੋਂ ਬਾਅਦ ਹੁਣ ਬਾਹਰਲੇ ਇਲਾਕੇ ਨੂੰ ਸੁਧਾਰਨ ਤੇ ਲੱਗੇ ਸਿਹਤ ਅਧਿਕਾਰੀ

- ਮਾਮਲਾ ਟ੍ਰੈਫਿਕ ਜਾਮ ਕਾਰਨ ਮਰੀਜ਼ਾਂ ਨੂੰ ਆਉਦੀਆਂ ਮੁਸ਼ਕਿਲਾਂ ਦਾ
ਬਸੰਤ ਸਿੰਘ ਰੋੜੀਆਂ, ਪੰਜਾਬੀ ਜਾਗਰਣ
ਲੁਧਿਆਣਾ : ਜ਼ਿਲ੍ਹਾ ਸਰਕਾਰੀ ਹਸਪਤਾਲ ਦੇ ਅਧਿਕਾਰੀਆਂ ਵੱਲੋਂ ਹਸਪਤਾਲ ਦੇ ਅੰਦਰਲੀ ਕਾਇਆ ਕਲਪ ਮੁਕੰਮਲ ਕਰਨ ਤੋਂ ਬਾਅਦ ਹੁਣ ਹਸਪਤਾਲ ਦੇ ਬਾਹਰਲੇ ਇਲਾਕੇ ਦੀ ਕਾਇਆ ਕਲਪ ਦਾ ਅਭਿਆਨ ਸ਼ੁਰੂ ਕਰ ਦਿੱਤਾ ਹੈ। ਇਲਾਜ ਕਰਵਾਉਣ ਦੀ ਉਮੀਦ ਨਾਲ ਐਮਬੂਲੈਂਸ ਗੱਡੀਆਂ ਰਾਹੀਂ ਪਹੁੰਚਣ ਵਾਲੇ ਮਰੀਜ਼ਾਂ ਦੀ ਸਮੱਸਿਆਵਾਂ ਨੂੰ ਦੇਖਦੇ ਹੋਏ ਹੁਣ ਪ੍ਰਬੰਧਕਾਂ ਵੱਲੋਂ ਹਸਪਤਾਲ ਦੇ ਬਾਹਰ ਦੀਆਂ ਸੜਕਾਂ ਤੇ ਹੋਏ ਨਾਜਾਇਜ਼ ਕਬਜ਼ਿਆਂ ਨੂੰ ਹਟਵਾਉਣ ਦੀ ਤਿਆਰੀ ਕੀਤੀ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਿਵਲ ਹਸਪਤਾਲ ਦੇ ਸੀਨੀਅਰ ਮੈਡੀਕਲ ਅਫਸਰ ਡਾ. ਆਖਿਲ ਸਰੀਨ ਅਤੇ ਡਾ. ਰੋਹਿਤ ਰਾਮਪਾਲ ਨੇ ਦੱਸਿਆ ਕਿ ਹਸਪਤਾਲ ਦੇ ਐਂਟਰੀ ਗੇਟ ਅਤੇ ਬਾਹਰਲੀ ਸੜਕ ਦੇ ਆਸ ਪਾਸ ਲੱਗੀਆਂ ਰੇੜੀਆਂ ਕਾਰਨ ਐਮਬੂਲੈਂਸ ਨੂੰ ਲੋੜਵੰਦ ਮਰੀਜ਼ਾਂ ਨੂੰ ਸਰਕਾਰੀ ਹਸਪਤਾਲ ਵਿੱਚ ਲਿਆਉਣ ਸਮੇਂ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਕਈ ਵਾਰ ਗੇਟ ਦੇ ਬਾਹਰ ਜਾਂਮ ਵਲੀ ਸਥਿਤੀ ਬਨਣ ਕਾਰਨ ਮਰੀਜ਼ ਨੂੰ ਅੰਦਰ ਆਉਣ ਵਿੱਚ ਹੀ 10 ਮਿੰਟ ਲੱਗ ਜਾਂਦੇ ਹਨ ਜਿਸ ਨਾਲ ਮਰੀਜ਼ ਦੀ ਜ਼ਿੰਦਗੀ ਜੋਖਮ ਵਿੱਚ ਪੈ ਜਾਂਦੀ ਹੈ। ਅਜਿਹੇ ਬਹੁਤ ਸਾਰੇ ਮਾਮਲੇ ਸਾਡੇ ਧਿਆਨ ਵਿੱਚ ਆਏ ਹਨ ਜਿਸ ਕਾਰਨ ਅਸੀਂ ਹਸਪਤਾਲ ਦੇ ਗੇਟ ਅਤੇ ਇਸ ਦੇ ਆਲੇ ਦੁਆਲੇ ਲੱਗੀਆਂ ਰੇਹੜੀਆਂ, ਫੜੀਆਂ ਚੁਕਵਾਉਣ ਦਾ ਮਾਮਲਾ ਪੁਲਿਸ ਪ੍ਰਸ਼ਾਸਨ ਅਤੇ ਨਗਰ ਨਿਗਮ ਦੇ ਧਿਆਨ ਵਿੱਚ ਲਿਆ ਦਿੱਤਾ। ਉਨ੍ਹਾਂ ਦੱਸਿਆ ਕਿ ਸਾਡੀ ਕਿਸੇ ਵੀ ਰੇਹੜੀ ਫੜੀ ਵਾਲੇ ਨਾਲ ਕੋਈ ਨਿੱਜੀ ਰੰਜਿਸ਼ ਨਹੀਂ ਸਿਰਫ ਲੋੜਵੰਦ ਮਰੀਜ਼ਾਂ ਦੀ ਜ਼ਿੰਦਗੀ ਬਚਾਉਣ ਲਈ ਹੀ ਅਸੀਂ ਇਹ ਫੈਸਲਾ ਲਿਆ ਹੈ।
ਹਸਪਤਾਲ ਦੇ ਅੰਦਰ ਲਵਾਰਸ ਖੜੀਆਂ ਗੱਡੀਆਂ ਚੁਕਵਾਉਣ ਦੀ ਕੀਤੀ ਤਿਆਰੀ
ਸੀਨੀਅਰ ਮੈਡੀਕਲ ਅਫਸਰ ਡਾ. ਆਖਿਲ ਸਰੀਨ ਨੇ ਦੱਸਿਆ ਕਿ ਕੁਝ ਲੋਕ ਹਸਪਤਾਲ ਦੀ ਪ੍ਰਾਪਰਟੀ ਨੂੰ ਨਿੱਜੀ ਪਾਰਕਿੰਗ ਸਮਝ ਰਹੇ ਹਨ, ਪਰ ਸਰਕਾਰੀ ਹਸਪਤਾਲ ਦੀ ਟ੍ਰੈਫਿਕ ਸਮੱਸਿਆ ਨੂੰ ਹੱਲ ਕਰਨਾ ਸਾਡੀ ਪਹਿਲੀ ਜਿੰਮੇਵਾਰੀ ਹੈ। ਉਨ੍ਹਾਂ ਦੱਸਿਆ ਕਿ ਬਹੁਤ ਸਾਰੀਆਂ ਗੱਡੀਆਂ ਹਸਪਤਾਲ ਵਿੱਚ ਅਜਿਹੀਆਂ ਹਨ ਜਿਨ੍ਹਾਂ ਨੂੰ ਕਈ ਕਈ ਮਹੀਨੇ ਦੇਖਦਿਆਂ ਨੂੰ ਹੋ ਗਏ ਹਨ ਉਹ ਇੱਕ ਵਾਰੀ ਵੀ ਹਸਪਤਾਲ ਦੇ ਗੇਟ ਤੋਂ ਬਾਹਰ ਨਹੀਂ ਗਈਆਂ। ਇਨ੍ਹਾਂ ਲਵਾਰਸ ਖੜੀਆਂ ਗੱਡੀਆਂ ਕਾਰਨ ਸਰਕਾਰੀ ਹਸਪਤਾਲ ਦੀ ਪਾਰਕਿੰਗ ਨੂੰ ਲੈ ਕੇ ਕਾਫੀ ਦਿੱਕਤਾਂ ਪੇਸ਼ ਆ ਰਹੀਆਂ। ਜਿਸ ਕਾਰਨ ਇਨ੍ਹਾਂ ਗੱਡੀਆਂ ਦਾ ਮਾਮਲਾ ਟ੍ਰੈਫਿਕ ਪੁਲਿਸ ਦੇ ਧਿਆਨ ਵਿੱਚ ਲਿਆ ਦਿੱਤਾ ਹੈ ਅਤੇ ਜਲਦ ਹੀ ਇਨ੍ਹਾਂ ਗੱਡੀਆਂ ਚੁਕਵਾਇਆ ਜਾਵੇਗਾ ਤਾਂ ਕਿ ਹਸਪਤਾਲ ਦੀ ਪਾਰਕਿੰਗ ਨੂੰ ਸਹੀ ਤਰੀਕੇ ਨਾਲ ਚਲਾਇਆ ਜਾ ਸਕੇ।
ਮਰੀਜ਼ਾਂ ਦੀ ਸਹੂਲਤ ਲਈ ਲਿਆ ਇਹ ਫੈਸਲਾ
ਡਾ. ਰੋਹਿਤ ਰਾਮਪਾਲ ਅਤੇ ਡਾ. ਅਖਿਲ ਸਰੀਨ ਨੇ ਦੱਸਿਆ ਕਿ ਸਰਕਾਰੀ ਹਸਪਤਾਲ ਵਿੱਚ ਜਨੇਪਾ ਕਰਵਾਉਣ ਦੀ ਉਮੀਦ ਨਾਲ ਆਉਣ ਵਾਲੀਆਂ ਗਰਭਵਤੀ ਔਰਤਾਂ ਪਹਿਲਾਂ ਹੀ ਘਰਾਂ ਤੋਂ ਹਸਪਤਾਲ ਪਹੁੰਚਣ ਲੈ ਕੇ ਦੇਰੀ ਕਰ ਦਿੰਦੀਆਂ ਹਨ, ਜਿਸ ਕਾਰਨ ਉਨ੍ਹਾਂ ਦੀ ਸਿਹਤ ਵਿਗੜਣ ਦਾ ਡਰ ਰਹਿੰਦਾ ਹੈ। ਬਹੁਤ ਸਾਰੀਆਂ ਗਰਭਵਤੀ ਔਰਤਾਂ ਦੇ ਜਣੇਪੇ ਸਰਕਾਰੀ ਹਸਪਤਾਲ ਦੇ ਜੱਚਾ ਬੱਚਾ ਵਿਭਾਗ ਦੇ ਫਰਸਾਂ ਤੇ ਹੋਣ ਦੇ ਮਾਮਲੇ ਵੀ ਸਾਹਮਣੇ ਆਏ ਹਨ। ਡਾ. ਰੋਹਿਤ ਨੇ ਦੱਸਿਆ ਕਿ ਹਸਪਤਾਲ ਦੇ ਬਾਹਰ ਟ੍ਰੈਫਿਕ ਜਾਮ ਹੋਣ ਕਾਰਨ ਅਜਿਹੇ ਮਰੀਜ਼ਾਂ ਨੂੰ ਹੋਰ ਵੀ ਜਿਆਦਾ ਸਮਾਂ ਲੱਗ ਜਾਂਦਾ ਹੈ। ਜੇਕਰ ਮਰੀਜ਼ ਸਮੇਂ ਸਿਰ ਜ਼ਿਲਾ ਹਸਪਤਾਲ ਵਿੱਚ ਨਾ ਪਹੁੰਚ ਸਕਣ ਤਾਂ ਉਨ੍ਹਾਂ ਦੀ ਜਾਨ ਨੂੰ ਖਤਰਾ ਬਣ ਜਾਂਦਾ ਹੈ।
12 ਗੱਡੀਆਂ ਦੀ ਸ਼ਨਾਖਤ
ਡਾ. ਸਰੀਨ ਨੇ ਦੱਸਿਆ ਕਿ ਸਰਕਾਰੀ ਹਸਪਤਾਲ ਵਿੱਚ 12 ਗੱਡੀਆਂ ਅਜਿਹੇ ਹਾਲਾਤਾਂ ਵਿੱਚ ਖੜੀਆਂ ਹਨ ਜਿਨਾਂ ਨੂੰ ਲਗਦਾ ਕਈ ਕਈ ਮਹੀਨੇ ਹਸਪਤਾਲ ਦੇ ਗੇਟ ਤੋਂ ਬਾਹਰ ਨਹੀਂ ਕੱਢਿਆ ਗਿਆ ਅਤੇ ਇਹ 12 ਕਾਰਾਂ ਜਿਉਂ ਦੀਆਂ ਤਿਉਂ ਹੀ ਮਹੀਨਿਆਂ ਬੱਧੀ ਹਸਪਤਾਲ ਦੀ ਪਾਰਕਿੰਗ ਵਿੱਚ ਖੜੀਆਂ ਹਨ। ਉਨ੍ਹਾਂ ਦੱਸਿਆ ਕਿ ਸਾਈਬਰ ਸੈੱਲ ਤੇ ਆਰਟੀਓ ਵਿਭਾਗ ਰਾਹੀਂ ਇਨ੍ਹਾਂ ਗੱਡੀਆਂ ਦੇ ਮਾਲਕਾਂ ਦੀ ਸ਼ਨਾਖਤ ਕਰ ਲਈ ਗਈ ਹੈ ਅਤੇ ਉਨ੍ਹਾਂ ਗੱਡੀਆਂ ਚੁੱਕਣ ਲਈ ਆਖ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜੇਕਰ ਇਨ੍ਹਾਂ ਗੱਡੀਆਂ ਨੂੰ ਮਾਲਕਾਂ ਵੱਲੋਂ ਨਹੀਂ ਹਟਾਇਆ ਗਿਆ ਤਾਂ ਇਨ੍ਹਾਂ ਗੱਡੀਆਂ ਨੂੰ ਪੁਲਿਸ ਦੇ ਜਰੀਏ ਚੁਕਵਾਇਆ ਜਾਵੇਗਾ।